*ਆਉ ਖੇਡਾਂ ਵਿਚਾਰੀਏ*

0
22
ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਖੇਡਾਂ ਦੇ ਬਹਾਨੇ ਹੀ ਸਰੀਰ ਫਿੱਟ ਰਹੂਗਾ।
ਧੁੰਦਾਂ, ਲੂੰਆਂ, ਮੀਂਹ ਸਭ ਹੱਸ ਹੱਸ ਸਹੂਗਾ।
ਵਧੂਗੀ ਦਿਮਾਗ ਵੱਲ ਖੂਨ ਸਪਲਾਈ,
ਰਹੂ ਮਾਨਸਿਕ ਸਿਹਤ ਦੀ ਚੜ੍ਹਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਦੌੜਾਂ ਲਾਵੋ ਭਾਵੇਂ ਮਾਰੋ ਉੱਚੀ/ਲੰਮੀ ਛਾਲ਼ ਜੀ।
ਖੇਡੋ ਵਾਲੀ, ਹੈਂਡ, ਬਾਸਕਟ, ਫੁੱਟਬਾਲ ਜੀ।
ਸੁੱਟੋ ਗੋਲਾ, ਪਾਥੀ, ਨੇਜਾ, ਕਿਸ਼ਤੀ ਭਜਾਓ,
ਦਾਅ ਜਿੱਥੇ ਕਿੱਥੇ ਲੱਗੇ ਜਾਉ ਲਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਖੋ-ਖੋ, ਕਬੱਡੀ, ਜਿਮਨਾਸਟਿਕ ਬਾਜੀਆਂ।
ਬੰਦੂਕਾਂ ਦੇ ਨਿਸ਼ਾਨੇ ਭਾਵੇਂ ਤੀਰ-ਅੰਦਾਜ਼ੀਆਂ।
ਪੋਲ-ਜੰਪ, ਚਿੜੀ-ਛਿੱਕਾ, ਘੋੜ-ਅਸਵਾਰੀ,
ਪਹਿਲਵਾਨੀ ਚਾਹੇ ਭਾਰ-ਤੁਲਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਨੰਬਰਾਂ ਦੇ ਨਾਲ਼ ਜਦੋਂ ਮੈਡਲ ਵੀ ਆਉਣਗੇ।
‘ਵਾਜ਼ਾਂ ਮਾਰ ਮਾਰ ਥੋਨੂੰ ਮਹਿਕਮੇ ਬੁਲਾਉਣਗੇ।
ਘੜਾਮੇਂ ਵਾਲ਼ੇ ਰੋਮੀ ਜਿਹਿਆਂ ਮਾਰਨੇ ਸੈਲਿਊਟ,
ਚੱਲੋ ਸ਼ੁਰੂ ਕਰੋ ਜ਼ੋਰ ਅਜਮਾਈ ਬੱਚਿਉ।
ਕਰੋ ਦਿਲ ਜਾਨ ਹੂਲ ਕੇ ਪੜ੍ਹਾਈ ਬੱਚਿਉ।
ਪਰ ਖੇਡਾਂ ਨੂੰ ਵੀ ਰੱਖੋ ਅਪਣਾਈ ਬੱਚਿਉ।

ਰੋਮੀ ਘੜਾਮੇਂ ਵਾਲ਼ਾ।
98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly