ਆਓ ਡੇਂਗੂ ਦੇ ਡੰਗ ਤੋਂ ਬਚੀਏ

ਜਗਤਾਰ ਸਿੰਘ ਸਿੱਧੂ

(ਸਮਾਜ ਵੀਕਲੀ)

16 ਮਈ ਨੂੰ ਰਾਸ਼ਟਰੀ ਡੇਂਗੂ ਦਿਨ ‘ਤੇ ਵਿਸ਼ੇਸ਼ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਆਪਣੇ ਦੇਸ਼ ਵਿੱਚ ਹੀ ਨਹੀਂ ਸਗੋਂ ਸੰਸਾਰ ਪੱਧਰ ਤੇ ਆਪਣਾ ਜਲਵਾ ਵਿਖਾ ਚੁੱਕਿਆ ਹੈ। ਸੰਸਾਰ ਸਿਹਤ ਸੰਸਥਾ ਵੱਲੋਂ ਡੇਂਗੂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਫੀ ਕੰਮ ਕੀਤਾ ਹੈ । ਹਰ ਸਾਲ 16 ਮਈ ਨੂੰ ਮਨਾਏ ਜਾਂਦੇ ਰਾਸ਼ਟਰੀ ਡੇਂਗੂ ਦਿਵਸ ਲਈ ਇੱਕ ਥੀਮ (ਇੱਕ ਵਿਸ਼ੇਸ਼ ਸਲੋਗਨ ਜਾਂ ਨਾਹਰਾ ) ਦਿੱਤਾ ਜਾਂਦਾਂ ਹੈ ਜੋ ਇਸ ਸਾਲ (2022) ਲਈ “ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ”। ਮਾਦਾ ਮੱਛਰ ਏਡੀਜ ਏਜਿਪਟੀ ਨਾਂਅ ਨਾਲ ਫੈਲਣ ਵਾਲੇ ਇਸ ਰੋਗ ਦੇ ਮਰੀਜ਼ਾਂ ਦੀ ਗਿਣਤੀ ਹਜਾਰਾਂ ਤੋਂ ਲੱਖਾਂ ਹੁੰਦੀ ਗਈ । ਮੁਲਕ ਵਿੱਚ ਹਰ ਸਾਲ 390 ਮਿਲੀਅਨ ਕੇਸ ਪਾਏ ਜਾਂਦੇ ਹਨ । 2014 ਤੋ 2017 ਤੱਕ ਇਸ 3 ਸਾਲ ਦੇ ਸਮੇਂ ਦਰਮਿਆਨ ਅਮਰੀਕਾ, ਟੌਂਗਾ, ਫਰਾਂਸ, ਬਰਾਜੀਲ,ਫਿਲਪਾਈਨਜ਼, ਥਾਈਲੈਂਡ, ਮਲੇਸ਼ੀਆ, ਪਨਾਮਾ, ਪੀਰੂ,ਅਰੂਬਾ, ਅਸਟ੍ਰੇਲੀਆ, ਕੋਲੰਬੀਆ, ਚੀਨ, ਸਿੰਘਾਪੁਰ, ਵੀਅਤਨਾਮ, ਤਨਜ਼ਾਨੀਆ ਜਿਹੇ ਦੇਸ਼ਾਂ ਵਿੱਚ ਡੇਂਗੂ ਦੀਆਂ ਵੱਖ ਵੱਖ ਕਿਸਮਾਂ ਦੇ ਵਾਇਰਸ ਪਾਏ ਗਏ ।

ਇੱਕਲੇ ਅਮਰੀਕਾ ਵਿੱਚ 2015 ਵਿੱਚ 10200 ਡੇਂਗੂ ਦੇ ਮਰੀਜ਼ ਪਾਏ ਗਏ ਜਿਹਨਾਂ ਵਿੱਚੋਂ 1181 ਮਰੀਜ਼ਾਂ ਦੀ ਮੌਤ ਹੋ ਗਈ ਸੀ ।ਭਾਰਤ ਵਿੱਚ ਸਿਹਤ ਵਿਭਾਗ ਵੱਲੋਂ ਹਰ ਸਾਲ 16 ਮਈ ਨੂੰ ਨੈਸ਼ਨਲ ਡੇਂਗੂ ਦਿਹਾੜੇ ਵੱਜੋਂ ਮਨਾਇਆ ਜਾਂਦਾ ਹੈ । ਇਸ ਮੌਕੇ ਦੇਸ਼ ਅਤੇ ਪ੍ਰਾਤਕ ਸਰਕਾਰਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ, ਅਰਧ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਸਹਿਰਾਂ,ਪਿੰਡਾਂ, ਕਸਬਿਆਂ, ਝੁੱਗੀਆਂ ਝੌਂਪੜੀਆਂ ਆਦਿ ਤੱਕ ਪਹੁੰਚ ਕਰਕੇ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ।ਜਿੱਥੇ ਦੇਸ਼ ਵਿੱਚ 2009 ਵਿੱਚ 60000 ਲੋਕ ਡੇਂਗੂ ਦੀ ਲਪੇਟ ਚ ਆਏ ਉੱਥੇ 2017 ਵਿੱਚ ਇਹ ਗਿਣਤੀ 188401 ਹੋ ਗਈ ।ਡੇਂਗੂ ਹੈਮੋਰੈਜਿਕ ਬੁਖਾਰ ਦਾ ਪਹਿਲਾ ਕੇਸ 1953 ਵਿੱਚ ਮਨੀਲਾ ਵਿੱਚ ਦਰਜ ਕੀਤਾ ਗਿਆ ।ਭਾਰਤ ਵਿੱਚ 1963 ਵਿੱਚ ਕਲਕੱਤਾ ਵਿਖੇ ਪਹਿਲੀ ਵਾਰੀ ਹੰਗਾਮੀ ਰੂਪ ਵਿੱਚ ਸਾਹਮਣੇ ਆਇਆ ।1996 ਵਿੱਚ ਡੇਂਗੂ ਨੇ ਦਿੱਲੀ ਵਿੱਚ ਕਾਫੀ ਜਾਨੀ ਨੁਕਸਾਨ ਕੀਤਾ ।

2018 ਵਿੱਚ ਦਿੱਲੀ ਵਿੱਚ ਇਸਦੇ 2406 ਮਾਮਲੇ ਦਰਜ ਕੀਤੇ ਗਏ । ਨੈਸ਼ਨਲ ਵੈਕਟਰ ਬੌਰਨ ਡਿਜੀਜਜ ਕੰਟਰੋਲ ਪ੍ਰੋਗਰਾਮ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 9143 ਕੇਸ ਪਾਏ ਗਏ । ਸਭ ਤੋਂ ਵੱਧ ਮਰੀਜ਼ ਪਟਿਆਲਾ ਜਿਲੇ ‘ਚ ਰਿਪੋਰਟ ਕੀਤੇ ਗਏ ।ਪੰਜਾਬ ਵਿੱਚ ਸ਼ੁਰੂ ਕੀਤੇ ਨੈਸ਼ਨਲ ਵੈਕਟਰ ਬੌਰਨ ਡਿਜੀਜਜ ਕੰਟਰੋਲ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ 6 ਬੀਮਾਰੀਆਂ ਵਿੱਚ ਡੇਂਗੂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ । *ਡੇਂਗੂ ਦੇ ਲੱਛਣ* ਡੇਂਗੂ ਜਿਸਨੂੰ ਹੱਡੀ ਤੋੜ ਬੁਖਾਰ (Break Bone Fever) ਵੀ ਕਿਹਾ ਜਾਂਦਾ ਹੈ ਦੀਆਂ ਵੱਖ ਵੱਖ ਨਿਸ਼ਾਨੀਆਂ ਵਿੱਚ ਤੇਜ ਬੁਖਾਰ,ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ,ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ,ਜੀਅ ਕੱਚਾ ਅਤੇ ਉਲਟੀਆਂ, ਥਕਾਵਟ, ਚਮੜੀ ਤੇ ਦਾਣੇ ਅਤੇ ਜ਼ਿਆਦਾ ਹਾਲਤ ਖਰਾਬ ਹੋਣ ਤੇ ਨੱਕ ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਸ਼ਾਮਲ ਹਨ। ਡੇਂਗੂ ਹੋਣ ਦੀ ਸੂਰਤ ਵਿੱਚ ਸਾਡੇ ਸਰੀਰ ਵਿਚਲੇ ਲਾਲ ਲਹੂ ਕਣ(ਪਲੇਟਲੈੱਟਸ) ਆਮ ਤੌਰ ਤੇ ਘੱਟ ਜਾਂਦੇ ਹਨ।

ਇਹਨਾਂ ਦੀ ਗਿਣਤੀ ਇੱਕ ਤੰਦਰੁਸਤ ਵਿਅਕਤੀ ਵਿਚ ਡੇਢ ਲੱਖ ਤੋਂ ਸਾਢੇ ਚਾਰ ਲੱਖ ਤੱਕ ਹੁੰਦੀ ਹੈ। ਮਰੀਜ਼ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਉੱਦੋ ਪੈਂਦੀ ਹੈ ਜਦੋਂ ਪਲੇਟਲੈੱਟਸ ਦੀ ਗਿਣਤੀ ਘਟ ਕੇ ਵੀਹ ਹਜ਼ਾਰ ਰਹਿ ਜਾਂਦੀ ਹੈ। ਵੈਸੇ ਡੇਂਗੂ ਤੋਂ ਡਰਨ ਦੀ ਲੋੜ ਨਹੀਂ ਹੈ । ਬੁਖਾਰ ਠੀਕ ਕਰਨ ਲਈ ਸਿਰਫ ਪੇਰਾਸੀਟਾਮਮੋਲ ਦੀ ਗੋਲੀ ਹੀ ਲਈ ਜਾਵੇ। *ਬਚਾਓ ਦੇ ਤਰੀਕੇ* ਡੇਂਗੂ ਫੈਲਾਉਣ ਵਾਲੇ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿੱਚ ਪਲਦੇ ਹਨ। ਇਹ ਸੁਵਖਤੇ ਅਤੇ ਸ਼ਾਮ ਵੇਲੇ ਕੱਟਦੇ ਹਨ। ਸਾਨੂੰ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਕੂਲਰਾਂ, ਫਰਿੱਜਾਂ, ਗਮਲਿਆਂ , ਪੰਛੀਆਂ ਲਈ ਰੱਖੇ ਭਾਂਡਿਆਂ ਆਦਿ ਦੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰੀ ਜਰੂਰ ਬਦਲੋ। ਛੱਤਾਂ ਉਪਰ ਰੱਖੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਰੱਖੋ। ਬਰਸਾਤੀ ਸਮਿਆਂ ਦੌਰਾਨ ਛੱਤਾਂ ਤੇ ਪਏ ਕਬਾੜ, ਟੁੱਟੇ ਫੁੱਟੇ ਬਰਤਨਾਂ ਵਿੱਚ ਅਕਸਰ ਪਾਣੀ ਭਰ ਜਾਂਦਾ ਹੈ। ਉਹਨਾਂ ਨੂੰ ਨਸਟ ਕਰੋ।

ਨੀਵੀਆਂ ਥਾਵਾਂ ਜਾ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਜਾਂ ਇਸ ਵਿੱਚ ਕਾਲਾ ਤੇਲ ਪਾਇਆ ਜਾਵੇ। ਇਹ ਮੱਛਰ ਅਕਸਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਪੂਰਾ ਸਰੀਰ ਢੱਕਿਆ ਰਹੇ। ਡੇਂਗੂ ਦੇ ਲੱਛਣ ਪਾਏ ਜਾਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਇਸ ਦੀ ਜਾਂਚ ਅਤੇ ਇਲਾਜ ਹਰ ਤਹਿਸੀਲ ਅਤੇ ਜਿਲਾ ਪੱਧਰੀ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੁੰਦਾ ਹੈ। ਜਦੋਂ ਮਰੀਜ ਦਾ ਬੁਖਾਰ ਠੀਕ ਹੋ ਜਾਂਦਾ ਹੈ ਤਾਂ ਪਲੇਟਲੈੱਟਸ ਦੀ ਗਿਣਤੀ ਆਪਣੇ ਆਪ ਹੀ ਵਧ ਜਾਂਦੀ ਹੈ ਬਸ਼ਰਤੇ ਵਾਰ ਵਾਰ ਬੁਖਾਰ ਨਾ ਚੜ੍ਹੇ। ਸਿਹਤ ਵਿਭਾਗ ਦੀ ਰੀੜ ਹੱਡੀ ਸਮਝੇ ਜਾਂਦੇ ਮਲਟੀਪਰਪਜ ਹੈਲਥ ਵਰਕਰ ਅਤੇ ਸੁਪਰਵਾਈਜਰ ਘਰ ਘਰ ਜਾ ਕੇ ਡੇਂਗੂ ਗਤੀਵਿਧੀਆਂ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਦੇ ਹਨ। ਇਹਨਾਂ ਬਹੁਮੰਤਵੀ ਸਿਹਤ ਕਾਮਿਆਂ ਨੂੰ ਘਰ ਘਰ ਜਾਣ ਦਾ ਜੋ ਬੱਝਵਾਂ ਸਫ਼ਰੀ ਭੱਤਾ ਮਿਲਦਾ ਸੀ ਪਿਛਲੀ ਚੰਨੀ ਸਰਕਾਰ ਨੇ ਬੰਦ ਕਰ ਦਿੱਤਾ ਹੈ ਪਰ ਇਹ ਸਿਹਤ ਕਾਮਿਆਂ ਨੇ ਘਰ ਘਰ ਜਾਣ ਦਾ ਕੰਮ ਬੰਦ ਨਹੀਂ ਕੀਤਾ ਅਤੇ ਭੱਤਾ ਬੰਦ ਕਰਨ ਦੀ ਬਾਵਜੂਦ ਵੀ ਟੂਰ ਕਰ ਰਹੇ ਹਨ।

ਪਿੰਡਾਂ ਵਿੱਚ ਜਾਣਕਾਰੀ ਕੈਂਪ ਲਗਾਉਣ ਦੇ ਨਾਲ ਘਰ ਘਰ ਟੂਰ ਕਰਕੇ ਡੇਂਗੂ ਜਾਣਕਾਰੀ ਦੇ ਪਰਚੇ ਵੰਡਦੇ ਹਨ। ਖੂਨ ਦੀ ਜਾਂਚ ਕਰਦੇ ਹਨ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪਦਾਰਥ ਵਾਦੀ ਇਸ ਸਮਾਜ ਦੇ ਕੁੱਝ ਝੋਲਾਛਾਪ ਅਖੌਤੀ ਡਾਕਟਰ ਅਤੇ ਆਪੂੰ ਬਣੇ ਵੈਦ ਆਪਣੀਆਂ ਜੇਬਾਂ ਭਰਨ ਨੂੰ ਮੁੱਖ ਰੱਖ ਕੇ ਭੋਲੇ ਭਾਲੇ ਲੋਕਾਂ ਨੂੰ ਹਥੌਲਾ ਪਾ ਕੇ ਅਤੇ ਡੇਂਗੂ ਦੇ ਸ਼ਰਤੀਆ ਇਲਾਜ ਦੀਆਂ ਪੁੜੀਆਂ ਅਤੇ ਕਿਸੇ ਖਾਸ ਪਸ਼ੂ ਦਾ ਦੁੱਧ ਅਤੇ ਖਾਸ ਫਲ ਦਾ ਜੂਸ ਪੀਣ ਦੀਆਂ ਸਲਾਹਾਂ ਦੇ ਕੇ ਸਮਾਜ ਨੂੰ ਗੁੰਮਰਾਹ ਕਰਦੇ ਹਨ। ਥਾਂ ਥਾਂ ਤੇ ਮੈਂ ਫੱਟੇ ਲੱਗੇ ਵੇਖੇ ਹਨ ਕਿ ਇੱਕ ਪੁੜੀ ਨਾਲ ਪੰਜ ਹਜ਼ਾਰ ਤੱਕ ਸੈੱਲ ਵਧਾਓ। ਸਿਹਤ ਵਿਭਾਗ ਨੂੰ ਅਜਿਹੇ ਅਨਸਰਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਜਨਤਾ ਦੀ ਲੁੱਟ ਬੰਦ ਹੋ ਸਕੇ

ਜਗਤਾਰ ਸਿੰਘ ਸਿੱਧੂ

ਪਿੰਡ ਰੁਲਦੂ ਸਿੰਘ ਵਾਲਾ (ਧੂਰੀ) ਜ਼ਿਲ੍ਹਾ ਸੰਗਰੂਰ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ
Next articleਖੇਡਾਂ ਦਾ ਸ਼ੌਕੀਨ ਕਬੱਡੀ ਪ੍ਰਮੋਟਰ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ