ਲਸ਼ਕਰ ਵੱਲੋਂ ਚੰਡੀਗੜ੍ਹ, ਸ਼ਿਮਲਾ ਤੇ ਅੰਬਾਲਾ ਕੈਂਟ ਸਣੇ ਕਈ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਤੇ ਮੰਦਰ-ਗੁਰਦੁਆਰੇ ਉਡਾਉਣ ਦੀ ਧਮਕੀ

ਅੰਬਾਲਾ (ਸਮਾਜ ਵੀਕਲੀ): ਡੀਆਰਐੱਮ ਅੰਬਾਲਾ ਨੂੰ ਲਸ਼ਕਰ-ਏ-ਤੋਇਬਾ ਦੇ ਨਾਂ ’ਤੇ ਪੱਤਰ ਭੇਜ ਕੇ 26 ਨਵੰਬਰ ਅਤੇ 6 ਦਸੰਬਰ ਨੂੰ ਬੰਬ ਧਮਾਕੇ ਕਰ ਕੇ ਰੇਲਵੇ ਸਟੇਸ਼ਨ ਅਤੇ ਹੋਰ ਸਥਾਨ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਣੇ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ। ਇਸ ਦੇ ਨਾਲ ਰਿਵਾੜੀ, ਹਿਸਾਰ ਅਤੇ ਸਿਰਸਾ ਵਿਚ ਰੇਲਵੇ ਪੁਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

6 ਦਸੰਬਰ ਨੂੰ ਅੰਬਾਲਾ ਦੇ ਪ੍ਰਮੁੱਖ ਮੰਦਰਾਂ, ਗੁਰਦੁਆਰਿਆਂ, ਹਿਮਾਚਲ ਦੇ ਕਈ ਮੰਦਰਾਂ, ਗੁਰਦੁਆਰਿਆਂ ਅਤੇ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ। ਲਾਈਨਦਾਰ ਕਾਗ਼ਜ਼ ’ਤੇ ਹਿੰਦੀ ਵਿਚ ਲਿਖੇ ‘ਖ਼ੁਦਾ ਹਾਫ਼ਿਜ਼’ ਨਾਲ ਬੰਦ ਕੀਤੇ ਇਸ ਪੱਤਰ ਦੇ ਅੰਤ ਵਿਚ ਲਿਖਣ ਵਾਲੇ ਨੇ ਆਪਣੇ ਆਪ ਨੂੰ ਏਰੀਆ ਕਮਾਂਡਰ ਦੱਸਦਿਆਂ ਆਪਣਾ ਨਾਂ ਉਮੀਮ ਸ਼ੇਖ਼ ਲਿਖਿਆ ਹੈ। ਡੀਆਰਐਮ ਨੂੰ ਭੇਜੇ ਗਏ ਇਸ ਧਮਕੀ ਪੱਤਰ ਦੇ ਆਧਾਰ ’ਤੇ ਰੇਲਵੇ ਸੁਰੱਖਿਆ ਬਲ ਦੇ ਯਾਤਰੀ ਸੁਰੱਖਿਆ ਇੰਸਪੈਕਟਰ ਸ਼ਾਮ ਸੁੰਦਰ ਨੇ ਥਾਣਾ ਪੜਾਓ ਵਿਚ ਅਤਿਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ (ਜੰਮੂ-ਕਸ਼ਮੀਰ) ਦੇ ਉਮੀਮ ਸ਼ੇਖ਼ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ।

ਭਾਵੇਂ ਇਹ ਪੱਤਰ 29 ਅਕਤੂਬਰ ਨੂੰ ਮਿਲਿਆ ਸੀ ਪਰ ਮਾਮਲਾ ਹੁਣ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵੇਰ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਪੱਤਰ ਮਿਲ ਚੁੱਕੇ ਹਨ। ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਕਾਰ ਵਿਚੋਂ ਆਰਡੀਐੱਕਸ ਵੀ ਬਰਾਮਦ ਹੋਇਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿੱਜੀ ਕਾਰੋਬਾਰੀਆਂ ਨੂੰ ਜ਼ਮੀਨਾਂ ਦੇਣ ਲਈ ਨਿਯਮ ਸੌਖੇ ਕਰਨ ਦੀ ਤਿਆਰੀ: ਸੀਤਾਰਮਨ ਵੱਲੋਂ ਮੁੱਖ ਮੰਤਰੀਆਂ ਨਾਲ ਮੀਟਿੰਗ ਸੋਮਵਾਰ ਨੂੰ
Next articleਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰ ਐਲਾਨੇ