(ਸਮਾਜ ਵੀਕਲੀ)
ਗੁਲਾਬੋ ਦਾ ਨਾਮ ਹੀ ਇਕੱਲਾ ਗੁਲਾਬੋ ਨਹੀਂ ਸੀ ਉਸ ਦਾ ਚਿਹਰਾ ਵੀ ਗੁਲਾਬ ਵਰਗਾ ਤੇ ਸੁਭਾਅ ਵੀ ਗੁਲਾਬ ਵਰਗਾ ਸੀ। ਖਿਲੂੰ ਖਿਲੂੰ ਕਰਦੇ ਗੁਲਾਬੀ ਰੰਗ ਦੇ ਗੋਲ ਮਟੋਲ ਚਿਹਰੇ ਤੇ ਜਦ ਹੱਸ ਹੱਸ ਕੇ ਗੱਲਾਂ ਕਰਦੀ ਤਾਂ ਮੋਤੀਆਂ ਵਰਗੇ ਦੰਦ ਹੋਰ ਵੀ ਰੌਣਕ ਲੈ ਆਉਂਦੇ। ਸ਼ਾਇਦ ਜੰਮਦੀ ਹੀ ਐਨੀ ਸੋਹਣੀ ਹੋਵੇਗੀ ਜੋ ਉਸ ਦਾ ਨਾਂ ਗੁਲਾਬੋ ਰੱਖਿਆ ਸੀ। ਰੂੜ ਸਿੰਘ ਨਾਲ਼ ਵਿਆਹ ਕੀ ਹੋਇਆ ਕਿ ਗੁਲਾਬੋ ਦੀ ਚਿਹਰੇ ਦੀ ਰੌਣਕ ਹੀ ਉਡ ਗਈ ਸੀ। ਰੂੜ ਸਿੰਘ ਦਾ ਸੁਭਾਅ ਵਾਕਿਆ ਹੀ ਰੂੜੀ ਵਾਂਗ ਸੜਾਂਦ ਮਾਰਦਾ ਸੀ। ਜਿੱਥੇ ਚਹੁੰ ਜਣਿਆਂ ਚ ਬੈਠਦਾ ਹੱਸਦੀ ਹੋਈ ਮਹਿਫ਼ਲ ਵਿੱਚ ਵੀ ਸੜੀ ਹੋਈ ਗੱਲ ਕਰਕੇ ਸਭ ਦੇ ਦਿਲਾਂ ਨੂੰ ਸਾੜ ਦਿੰਦਾ ਤੇ ਚੰਗੀਆਂ ਭਲੀਆਂ ਜੰਮੀਆਂ ਮਹਿਫਲਾਂ ਵਿੱਚ ਜਾ ਕੇ ਰੰਗ ਵਿੱਚ ਭੰਗ ਪਾ ਦਿੰਦਾ। ਰੂੜ ਸਿੰਘ ਦੀ ਮਾਂ ਸੁਭਾਅ ਵਿੱਚ ਵੀ ਸੱਚ ਮੁੱਚ ਉਸ ਦੀ ਮਾਂ ਹੀ ਸੀ।
ਰੂੜ ਸਿੰਘ ਦੇ ਘਰ ਕੀ ਵਿਆਹੀ ਆਈ ਸੀ ਕਿ ਉਹ ਤਾਂ ਕੈਦਖਾਨੇ ਵਿੱਚ ਆ ਗਈ ਸੀ। ਉਸ ਨੂੰ ਆਂਢ ਗੁਆਂਢ ਦੇ ਕਿਸੇ ਬੰਦੇ ਬੁੜੀ ਸਾਹਮਣੇ ਹੋਣ ਦੀ ਇਜਾਜ਼ਤ ਨਹੀਂ ਸੀ। ਪਰ ਦੁੱਧ ਦੇਣ ਵਾਲ਼ਾ ਤੜਕੇ ਮੂੰਹ ਨ੍ਹੇਰੇ ਜਿਹੇ ਆਉਂਦਾ ਸੀ ਤਾਂ ਪਤੀਲਾ ਲੈ ਕੇ ਦੁੱਧ ਲੈਣ ਉਸੇ ਨੂੰ ਜਾਣਾ ਪੈਂਦਾ ਸੀ ਕਿਉਂਕਿ ਘਰ ਦੇ ਬਾਕੀ ਸਾਰੇ ਜੀਅ ਸੁੱਤੇ ਹੁੰਦੇ ਸਨ। ਉਸ ਨੂੰ ਵੀ ਕਦੇ ਦੋਧੀ ਨੇ ਦੇਖਿਆ ਨਹੀਂ ਸੀ ਕਿਉਂਕਿ ਉਹ ਲੰਮਾ ਸਾਰਾ ਘੁੰਡ ਕੱਢ ਕੇ ਜਾਂਦੀ ਸੀ।ਪਰ ਉਸ ਪਿੱਛੇ ਵੀ ਉਸ ਦਾ ਪਤੀ ਅਤੇ ਸੱਸ ਉਸ ਉੱਤੇ ਸ਼ੱਕ ਕਰਦੇ ਤੇ ਮੰਦਾ ਬੋਲਦੇ ਸਨ। ਉਹ ਉਹਨਾਂ ਦੀਆਂ ਗੱਲਾਂ ਨੂੰ ਨਾ ਤਾਂ ਦਿਲ ਤੇ ਲਾਉਂਦੀ ਤੇ ਨਾ ਹੀ ਮੋੜ ਕੇ ਕੋਈ ਜਵਾਬ ਦਿੰਦੀ ਕਿਉਂਕਿ ਉਹ ਉਹਨਾਂ ਲੋਕਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ।
ਉਸ ਦੇ ਵਿਆਹ ਤੋਂ ਬਾਅਦ ਇਸੇ ਤਰ੍ਹਾਂ ਚਾਰ ਸਾਲ ਨਿਕਲ਼ ਗਏ ਸਨ ਤੇ ਉਹ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਸੀ।ਹੁਣ ਉਸ ਨੂੰ ਹੌਸਲਾ ਸੀ ਤੇ ਉਹ ਆਪਣੇ ਬੱਚਿਆਂ ਨਾਲ ਮਸਤ ਰਹਿੰਦੀ ਸੀ।ਉਸ ਨੂੰ ਹੁਣ ਨਾ ਘਰ ਕੈਦ ਵਰਗਾ ਲੱਗਦਾ ਸੀ ਤੇ ਨਾ ਹੀ ਇਕੱਲਾਪਨ ਮਹਿਸੂਸ ਹੁੰਦਾ ਸੀ।ਜਦ ਵੀ ਉਹ ਕਦੇ ਇਹੋ ਜਿਹੇ ਮਾਹੌਲ ਤੋਂ ਅੱਕੀ ਹੋਈ ਕੁਝ ਤੰਗੀ ਮਹਿਸੂਸ ਕਰਦੀ ਹੁੰਦੀ ਸੀ ਤਾਂ ਉਸ ਨੂੰ ਹਮੇਸ਼ਾ ਆਪਣੀ ਮਾਂ ਦੇ ਬੋਲ ,”ਵਿਆਹ ਤੋਂ ਬਾਅਦ ਤਾਂ ਧੀਆਂ ਦਾ ਦੂਜਾ ਜਨਮ ਈ ਹੁੰਦਾ… ਇਸ ਕਰਕੇ ਆਪਣੇ ਆਪ ਨੂੰ ਉਸੇ ਅਨੁਸਾਰ ਢਾਲ ਲੈਣਾ ਚਾਹੀਦਾ… ਜੇ ਕਿਤੇ ਵਾਪਸ ਪੇਕੇ ਆ ਜਾਵੇ ਤਾਂ ਜਿਹੜਿਆਂ ਵਿਹੜਿਆਂ ਵਿੱਚ ਉਹ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਹੋਈ ਵੱਡੀ ਹੁੰਦੀ ਹੈ…… ਉਹਨਾਂ ਵਿੱਚ ਈ ਉਸ ਨੂੰ ਬਿਗਾਨੇਪਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ…!”
ਮਾਂ ਦੀ ਗੱਲ ਇਹ ਸੋਚ ਕੇ ਉਹ ਕਦੇ ਵੀ ਪੇਕੇ ਜਾ ਕੇ ਬਿਗਾਨੇਪਣ ਦਾ ਅਹਿਸਾਸ ਨਹੀਂ ਕਰਨਾ ਚਾਹੁੰਦੀ ਸੀ। ਉਹ ਸੋਚਦੀ ਸੀ ਕਿ ਅੱਜ ਉਸ ਕੋਲ ਆਪਣੇ ਬੱਚੇ ਉਸ ਦੀ ਤਾਕਤ ਹਨ। ਉਹ ਬੱਚਿਆਂ ਦੀ ਪਾਲਣ ਪੋਸ਼ਣ ਕਰਦੀ ਹੋਈ ਆਪਣੇ ਬੱਚਿਆਂ ਦੇ ਨਿੱਕੇ ਨਿੱਕੇ ਕੰਮ ਕਰਦੀ ਹੋਈ ਅਥਾਹ ਖੁਸ਼ੀ ਮਹਿਸੂਸ ਕਰਦੀ,ਉਸ ਨੂੰ ਉਹਨਾਂ ਦੇ ਨਿੱਕੇ ਨਿੱਕੇ ਕੱਪੜੇ ਸਿਊਣੇ,ਧੋਣੇ,ਪ੍ਰੈਸ ਕਰਨੇ ਇੰਝ ਲੱਗਣਾ ਜਿਵੇਂ ਉਹ ਛੋਟੀ ਹੁੰਦੀ ਆਪਣੀਆਂ ਗੁੱਡੀਆਂ ਪਟੋਲਿਆਂ ਦੇ ਕੱਪੜੇ ਸੰਵਾਰਦੀ ਸੀ। ਉਹਨਾਂ ਲਈ ਜਿੰਨੀ ਖੁਸ਼ੀ ਖੁਸ਼ੀ ਖਾਣਾ ਬਣਾਉਂਦੀ ਓਨੇ ਹੀ ਪਿਆਰ ਨਾਲ ਉਹਨਾਂ ਨੂੰ ਖਵਾਉਂਦੀ। ਉਸ ਨੂੰ ਉਹੀ ਕੈਦਖਾਨਾ ਹੁਣ ਇੱਕ ਸਵਰਗੀ ਨਜ਼ਾਰਾ ਦੇਣ ਲੱਗਿਆ ਸੀ।
ਦਸ ਬਾਰਾਂ ਸਾਲ ਬਾਅਦ ਉਸ ਦੀ ਸੱਸ ਥੋੜ੍ਹਾ ਸਮਾਂ ਬੀਮਾਰ ਰਹਿ ਕੇ ਮਰ ਗਈ। ਬੱਚੇ ਵੀ ਵੱਡੇ ਹੋ ਰਹੇ ਸਨ,ਰੂੜ ਸਿੰਘ ਦੇ ਸੁਭਾਅ ਵਿੱਚ ਤਬਦੀਲੀ ਤਾਂ ਨੀ ਆਈ ਪਰ ਖਿਝੇ ਸੜੇ ਰਹਿਣ ਕਰਕੇ ਦੇਹ ਨੂੰ ਛੱਤੀ ਰੋਗ ਲੱਗ ਗਏ ਸਨ ਤੇ ਉਸ ਦੀ ਤਾਕਤ ਮੱਠੀ ਪੈ ਰਹੀ ਸੀ। ਓਧਰ ਸਦਾ ਆਪਣੇ ਕੰਮਾਂ ਅਤੇ ਬੱਚਿਆਂ ਨੂੰ ਆਪਣੀ ਖੁਸ਼ੀ ਬਣਾਉਣ ਵਾਲੀ ਗੁਲਾਬੋ ਸੱਚ ਮੁੱਚ ਇੱਕ ਖਿੜੇ ਗੁਲਾਬ ਵਾਂਗ ਸਦਾ ਖਿੜੀ ਹੋਈ ਦਿਸਦੀ। ਉਸ ਦੇ ਦੋਵੇਂ ਬੱਚੇ ਪੜ੍ਹ ਲਿਖ ਕੇ ਵੱਡੇ ਅਫਸਰ ਬਣ ਗਏ ਸਨ। ਗੁਲਾਬੋ ਲਈ ਘਰ ਦੀਆਂ ਬੰਦਸ਼ਾਂ ਦੇ ਤਾਲੇ ਟੁੱਟ ਚੁੱਕੇ ਸਨ ਕਿਉਂਕਿ ਉਸ ਦਾ ਪਤੀ ਬੀਮਾਰ ਰਹਿਣ ਕਾਰਨ ਰੱਬ ਨੂੰ ਪਿਆਰਾ ਹੋ ਗਿਆ ਸੀ।
ਹੁਣ ਗੁਲਾਬੋ ਦਾ ਬੁਰਾ ਦੌਰ ਨਿਕਲ਼ ਗਿਆ ਸੀ ਤੇ ਉਸ ਕੋਲ਼ ਸਿਰਫ਼ ਉਸ ਦੀ ਤਾਕਤ ਉਸ ਦੇ ਬੱਚੇ ਉਸ ਨਾਲ ਸਨ। ਉਸ ਕੋਲ ਜ਼ਮੀਨ ਜਾਇਦਾਦ ਅਤੇ ਪੈਸੇ ਧੇਲੇ ਦੀ ਪਹਿਲਾਂ ਹੀ ਕੋਈ ਕਮੀ ਨਹੀਂ ਸੀ ਪਰ ਕਮੀ ਸੀ ਤਾਂ ਉਸ ਨੂੰ ਆਪਣੇ ਹਿੱਸੇ ਦੀ ਆਜ਼ਾਦੀ ਅਤੇ ਪਿਆਰ ਦੀ ਹੀ ਕਮੀ ਰਹੀ ਸੀ ਜੋ ਉਸ ਨੇ ਆਪਣੇ ਬੱਚਿਆਂ ਦੇ ਹੁੰਦੇ ਹੀ ਉਹਨਾਂ ਵਿੱਚੋਂ ਤਲਾਸ਼ ਲਈ ਸੀ।ਉਸ ਨੇ ਗਰੀਬ ਕੁੜੀਆਂ ਨੂੰ ਸਿਲਾਈ ਦੀ ਸਿੱਖਿਆ ਦੇਣ ਲਈ ਇੱਕ ਸਕੂਲ ਖੋਲ੍ਹ ਲਿਆ ਸੀ ਤੇ ਉਸ ਦੇ ਨਾਲ ਨਾਲ ਹੀ ਉਹ ਕੁੜੀਆਂ ਨੂੰ ਆਪਣਾ ਘਰ ਵਸਾਉਣ ਦੀ ਵੀ ਨੈਤਿਕ ਸਿੱਖਿਆ ਦੇਣ ਲੱਗ ਪਈ ਸੀ। ਸ਼ਹਿਰ ਦੀਆਂ ਪਤਾ ਨਹੀਂ ਕਿੰਨੀਆਂ ਰੁੱਸ ਕੇ ਪੇਕੇ ਆਈਆਂ ਹੋਈਆਂ ਕੁੜੀਆਂ ਨੂੰ ਮੁੜ ਤੋਂ ਘਰ ਵਸਾਉਣ ਦੀ ਸਿੱਖਿਆ ਦਿੱਤੀ ਸੀ। ਉਹ ਸ਼ਹਿਰ ਦੀ ਬਹੁਤ ਵੱਡੀ ਸਮਾਜ ਸੇਵਕਾ ਬਣ ਗਈ ਸੀ। ਉਸ ਦੇ ਦੋਵੇਂ ਬੱਚੇ ਵੱਡੀ ਕੁੜੀ ਤੇ ਛੋਟਾ ਮੁੰਡਾ ਵਿਆਹੇ ਗਏ ਸਨ।
“ਜਿਹੜੀ ਗੁਲਾਬੋ ਨੂੰ ਕਦੇ ਚਾਰ ਦੀਵਾਰੀ ਵਿੱਚੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ……ਅੱਜ ਉਹੀ ਮੈਡਮ ਗ਼ੁਲਾਬ ਕੌਰ ਜੀ ਬਣ ਕੇ ਵੱਡੇ ਵੱਡੇ ਸਮਾਗਮਾਂ ਵਿੱਚ ਬਤੌਰ ਮਹਿਮਾਨ ਬੁਲਾਈ ਜਾਂਦੀ ਹੈ …. ਬੇਟਾ! ਤੇਰੇ ਸਾਹਮਣੇ ਹੀ ਹੈ…..ਅੱਜ ਉਸੇ ਗੁਲਾਬੋ ਦੇ ਹੌਸਲੇ ਭਰਪੂਰ ਭਾਸ਼ਨ… ਦਬੀਆਂ ਕੁਚਲੀਆਂ ਔਰਤਾਂ ਲਈ ਉਹਨਾਂ ਨੂੰ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿੰਦੇ ਹਨ…….!” ਗੁਲਾਬੋ ਆਪਣੀ ਧੀ ਨੂੰ ਦੱਸ ਰਹੀ ਸੀ ਜੋ ਕੁਝ ਦਿਨ ਲਈ ਉਸ ਕੋਲ ਰਹਿਣ ਆਈ ਸੀ। ਗੁਲਾਬੋ ਉਸ ਨਾਲ਼ ਇਹ ਗੱਲਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਸਾਂਝੀਆਂ ਇਸ ਲਈ ਕਰ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਉਹ ਆਪਣੀ ਮਾਂ ਦੇ ਕੁਝ ਪ੍ਰੇਰਣਾਦਾਇਕ ਗੱਲਾਂ ਸਦਕਾ ਆਪਣੀ ਕੰਡਿਆਂ ਭਰੀ ਜ਼ਿੰਦਗੀ ਨੂੰ ਗ਼ੁਲਾਬ ਦੀ ਤਰ੍ਹਾਂ ਮਹਿਕਾ ਸਕਦੀ ਹੈ ਤਾਂ ਇੱਕ ਮਾਂ ਹੋਣ ਦੇ ਨਾਤੇ ਆਪਣੀ ਧੀ ਨੂੰ ਸਮੇਂ ਸਮੇਂ ਸਿਰ ਪ੍ਰੇਰਿਤ ਕਰਨਾ ਇਕੱਲੇ ਉਸ ਦਾ ਹੀ ਨਹੀਂ ਸਗੋਂ ਸਾਰੀਆਂ ਮਾਵਾਂ ਦਾ ਮੁੱਢਲਾ ਫਰਜ਼ ਹੈ।
ਉਸ ਦੀ ਧੀ ਉਸ ਨੂੰ ਕਹਿੰਦੀ ਹੈ,” ਮੰਮੀ…… ਤੁਸੀਂ ਬੇਫ਼ਿਕਰ ਰਹੋ…… ਮੈਂ ਤੁਹਾਡੀ ਧੀ ਹੀ ਹਾਂ……. ਜੋ ਤੁਸੀਂ ਅੱਜ ਮੈਨੂੰ ਆਪਣੇ ਸ਼ਬਦਾਂ ਰਾਹੀਂ ਦੱਸਿਆ ਹੈ….. ਇਹ ਸਭ ਕੁਝ ਦੇਖਦੇ ਹੋਏ ਅਤੇ ਮਹਿਸੂਸ ਕਰਦੇ ਹੋਏ ਵੱਡੀ ਹੋਈ ਹਾਂ …… ਮੈਨੂੰ ਮਾਣ ਹੈ ਕਿ ਮੈਂ …ਗੁਲਾਬੋ ਉਰਫ਼ ਮੈਡਮ ਗ਼ੁਲਾਬ ਕੌਰ ਜੀ ….ਦੀ ਧੀ ਹਾਂ….!” ਦੋਵੇਂ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਘੁੱਟ ਕੇ ਹੱਸਦੀਆਂ ਹਨ ਤੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਵੇਖਦੀਆਂ ਹੋਈਆਂ ਇੱਕ ਦੂਜੇ ਤੇ ਮਾਣ ਮਹਿਸੂਸ ਕਰ ਰਹੀਆਂ ਸਨ ਤੇ ਜਿਵੇਂ ਕਹਿ ਰਹੀਆਂ ਹੋਣ ਅਸਲ ਵਿੱਚ ਜ਼ਿੰਦਗੀ ਨੂੰ ਮਹਿਕਦੇ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly