HOME ਲੈਸਟਰ ਦੇ ਗੁਰਦੁਆਰਾ ਸਾਹਿਬ ਨੇ ਹੜ੍ਹ ਪੀੜਤਾਂ ਲਈ ਭੇਜੀ 50 ਲੱਖ ਦੀ...

ਲੈਸਟਰ ਦੇ ਗੁਰਦੁਆਰਾ ਸਾਹਿਬ ਨੇ ਹੜ੍ਹ ਪੀੜਤਾਂ ਲਈ ਭੇਜੀ 50 ਲੱਖ ਦੀ ਸਹਾਇਤਾ ਰਾਸ਼ੀ

11
ਲੈਸਟਰ ਵਿਖੇ ਹੜ ਪੀੜਤ ਲੋਕਾਂ ਦੀ ਮਦਦ ਕਰਨ ਲਈ ਹੋਈ ਵਿਸਾਲ ਇਕੱਤਰਤਾ ਵਿੱਚ ਹਾਜ਼ਿਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਹਾਜ਼ਿਰ ਸੰਗਤਾਂ । ਤਸਵੀਰ:-ਸੁਖਜਿੰਦਰ ਸਿੰਘ ਢੱਡੇ
*ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਮਾਇਆ ਦੀ ਨਹੀਂ ਆਉਂਣ ਦਿੱਤੀ ਜਾਵੇਗੀ ਕਮੀ:- ਰਾਜਾ ਸਿੰਘ ਕੰਗ 

ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵਿਖੇ ਲੈਸਟਰ ਦੀਆਂ ਸੰਗਤਾਂ ਦੀ ਵਿਸ਼ਾਲ ਇਕੱਤਰਤਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਗੁਰਨਾਮ ਸਿੰਘ ਨਵਾਂ ਸ਼ਹਿਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ।ਇਸ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਤੀਰ ਗਰੁੱਪ ਦੇ ਬੁਲਾਰੇ ਅਤੇ ਗੁਰੂ ਘਰ ਦੇ ਸਾਬਕਾ ਪ੍ਰਧਾਨ ਸ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਹੜਾ ਦੀ ਮਾਰ ਕਾਰਨ  ਸਾਡੇ ਵੀਰ, ਭੈਣ ਭਰਾ ਘਰਾਂ ਤੋਂ ਵਾਂਝੇ ਹੋ ਗਏ ਹਨ, ਜਮੀਨਾਂ ਜਾਇਦਾਦਾਂ ਦਾ ਵੱਡਾ ਨੁਕਸਾਨ ਹੋਇਆ ਹੈ। ਹੜਾ ਵਿੱਚ ਸਾਰਾ ਸਮਾਨ ਰੁੜ ਗਿਆ ਹੈ। ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 50 ਲੱਖ ਰੁਪਏ ਦੀ ਰਾਸ਼ੀ ਲੋੜਵੰਦ ਪਰਿਵਾਰਾਂ ਦੇ ਮੁੜ ਵਸੇਬੇ ਲਈ ਭੇਜੀ ਜਾ ਰਹੀ ਹੈ।ਸ ਕੰਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਲੋਕਾਂ ਦੀ ਮਦਦ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਕੰਮ ਕਰਨ ,ਵਿਦੇਸ਼ਾਂ ਵਿਚ ਵੱਸਦੀ ਸੰਗਤ ਵੱਲੋਂ ਮਾਇਆ ਦੀ ਕਮੀਂ ਨਹੀਂ ਆਉਂਣ ਦਿੱਤੀ ਜਾਵੇਗੀ। ਸ ਕੰਗ ਨੇ ਇੰਗਲੈਂਡ ਦੇ ਬਾਕੀ ਗੁਰੂ ਘਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਚੜ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਸ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਹੜਾ ਦੀ ਪ੍ਰਕੋਪੀ ਕਾਰਨ ਡੁੱਬ ਰਿਹਾ ਹੈ,ਪਰ ਕੇਂਦਰ ਸਰਕਾਰ ਪੰਜਾਬ ਦੀ ਸਾਰ ਨਹੀਂ ਲੈ ਰਹੀ, ਕੇਂਦਰ ਸਰਕਾਰਾਂ ਪੰਜਾਬ ਨਾਲ਼ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕਰਦੀਆਂ ਹਨ। ਸ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਹਮੇਸ਼ਾ ਹੀ ਪੰਜਾਬ ਲਈ ਚਿੰਤਿਤ ਰਹਿੰਦੇ ਹਨ, ਅਤੇ ਜਦ ਵੀ ਪੰਜਾਬ ਚ ਕੋਈ ਆਫਤ ਆਉਂਦੀ ਹੈ ਤਾਂ ਵਿਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬ ਹਮੇਸ਼ਾ ਪੰਜਾਬ ਵਾਸੀਆਂ ਦੀ ਬਾਹ ਫੜਦੇ ਹਨ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗ਼ਾਨਿਸਤਾਨ ਨੂੰ ਤਾ ਸਹਾਇਤਾ ਦੇ ਦਿੱਤੀ ਪਰ ਦੱਸ ਦਿਨਾਂ ਤੋਂ ਡੁੱਬ ਰਹੇ ਪੰਜਾਬ ਵੱਲ ਕਿਸੇ ਨੇਂ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਇਸ ਵੇਲੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਚ ਕੀਤੀ ਜਾ ਰਹੀ ਲੁੱਟ ਖਸੁੱਟ ਤੋਂ ਸਮਾਜ ਸੇਵੀ ਸੰਸਥਾਵਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਰਫ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਹੀ ਮਾਲੀ ਮਦਦ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੀਰ ਗਰੁੱਪ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ, ਸਤਵਿੰਦਰ ਸਿੰਘ ਦਿਓਲ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਚਹੇੜੂ, ਪ੍ਰਮਜੀਤ ਸਿੰਘ, ਅਮਰੀਕ ਸਿੰਘ ਗਿੱਲ , ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ,ਸੋਖਾ ਢੇਸੀ, ਰਾਜਿੰਦਰ ਸਿੰਘ ਚਿੱਟੀ, ਗੁਰਨਾਮ ਸਿੰਘ ਰੂਪੋਵਾਲ, ਬਹਾਦਰ ਸਿੰਘ ਪੁਰੇਵਾਲ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਾਈਕੋਰਟ ‘ਚ 1984 ਸਿੱਖ ਕਤਲੇਆਮ ਕੇਸਾਂ ਦੀ ਹੋਈ ਸੁਣਵਾਈ ਅਗਲੀ ਪੇਸੀ 2 ਦਸੰਬਰ ਨੂੰ
Next articleਲੋਕ ਇਨਸਾਫ਼ ਮੰਚ ਵਲੋਂ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ਼ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ