ਲਹਿਰਾਗਾਗਾ (ਸਮਾਜ ਵੀਕਲੀ) : ਨੇੜਲੇ ਪਿੰਡ ਲਹਿਲ ਕਲਾਂ ਵਿਖੇ ਕਿਸਾਨ ਨੇ ਲੰਘੀ ਰਾਤ ਆਪਣੇ ਘਰ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 40 ਸਾਲਾ ਸਤਗੁਰ ਸਿੰਘ ਪੁੱਤਰ ਨਾਜ਼ਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਗਗਨਦੀਪ ਕੌਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਕਿ ਉਸ ਦਾ ਪਤੀ ਸਤਗੁਰ ਸਿੰਘ 2 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਦੇ ਸਿਰ 10 ਲੱਖ ਦਾ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਸੀ। ਕਰਜ਼ੇ ਦਾ ਭਾਰ ਸਿਰ ਉੱਤੇ ਜ਼ਿਆਦਾ ਹੋਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸ ਨੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਉਹ 6 ਸਾਲਾਂ ਦੀ ਬੱਚੀ ਦਾ ਪਿਤਾ ਸੀ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ, ਸਾਹਿਬ ਸਿੰਘ ਪੰਚ, ਜਨਕ ਸਿੰਘ ਪੰਚ ਅਤੇ ਹੋਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਪੁਲੀਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।