ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਵਿੱਚ ਵੱਖ-ਵੱਖ ਥਾਵਾਂ ਤੇ ਪੀਣ ਵਾਲੇ ਸਾਫ ਪਾਣੀ ਦੀ ਹੋ ਰਹੀ ਲੀਕੇਜ ਕਾਰਨ ਵੱਡੀ ਮਾਤਰਾ ਵਿੱਚ ਪਾਣੀ ਬਰਬਾਦ ਜਾ ਰਿਹਾ ਹੈ ਪਰੰਤੂ ਲੰਬੇ ਸਮੇਂ ਤੋਂ ਹੋ ਰਹੀਆਂ ਲੀਕੇਜਾਂ ਨੂੰ ਵਿਭਾਗ ਵੱਲੋਂ ਠੀਕ ਨਾ ਕਰਵਾਏ ਜਾਣ ਕਰਕੇ ਵਿਭਾਗ ਦੀ ਕਾਰਗੁਜ਼ਾਰੀ ਮਾੜੀ ਸਾਬਤ ਹੋ ਰਹੀ ਹੈ। ਕਥਿਤ ਜਾਣਕਾਰੀ ਅਨੁਸਾਰ ਕਾਠਗੜ੍ਹ ਦੇ ਵਾਰਡ ਨੰਬਰ 5 ਵਿੱਚ ਖੇਡ ਕ੍ਰੀੜਾ ਸੈਂਟਰ ਦੇ ਨੇੜੇ ਅਤੇ ਕਾਠਗੜ੍ਹ ਦੇ ਜਲ ਘਰ ਦੇ ਨੇੜੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਲੀਕੇਜ ਹੋ ਰਹੀ ਹੈ ਜਿਸ ਨਾਲ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਬਰਬਾਦ ਜਾ ਰਿਹਾ ਹੈ ਅਤੇ ਨਾਲ ਹੀ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਇਹਨਾਂ ਲੀਕੇਜਾਂ ਨੂੰ ਠੀਕ ਕਰਵਾਉਣ ਲਈ ਕਈ ਵਾਰ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪ੍ਰੰਤੂ ਵਿਭਾਗ ਇਸ ਪ੍ਰਤੀ ਗੰਭੀਰ ਨਹੀਂ ਹੈ। ਸਾਫ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਭਾਗ ਲੋਕਾਂ ਨੂੰ ਕਈ ਤਰੀਕਿਆਂ ਨਾਲ ਜਾਗਰੂਕ ਕਰਦਾ ਹੈ ਪ੍ਰੰਤੂ ਲੀਕੇਜਾਂ ਕਾਰਨ ਬਰਬਾਦ ਹੋ ਰਹੇ ਪਾਣੀ ਵੱਲ ਵਿਭਾਗ ਦੀ ਨਜ਼ਰ ਨਹੀਂ ਜਾਂਦੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਾਠਗੜ੍ਹ ਦੇ ਜਲ ਘਰ ਦੀ ਸਾਫ ਸਫਾਈ ਦਾ ਵੀ ਮੰਦਾ ਹਾਲ ਹੈ ਅਤੇ ਇਹ ਵੀ ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ ਕਿ ਪਾਣੀ ਦੀ ਟੈਂਕੀ ਦੀ ਸਾਫ ਸਫਾਈ ਨੂੰ ਵੀ ਸ਼ਾਇਦ ਕਾਫੀ ਸਮਾਂ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਹਲਕੇ ਦੇ ਪਿੰਡ ਟੁੰਡੇਵਾਲ ਦੇ ਜਲ ਘਰ ਤੋਂ ਪਿੰਡ ਮਾਲੇਵਾਲ ਕੋਹਲੀ ਵੱਲ ਜਾ ਰਹੀ ਸਪਲਾਈ ਦੀ ਵੀ ਕਈ ਥਾਵਾਂ ਤੋਂ ਲਿਕੇਜ ਹੋ ਰਹੀ ਹੈ ਅਤੇ ਕਈ ਕਈ ਘੰਟੇ ਚਲਦੇ ਟਿਊਬਵੈਲ ਨਾਲ ਲੀਕਜਾਂ ਤੋਂ ਵੱਡੀ ਮਾਤਰਾ ਵਿੱਚ ਪਾਣੀ ਬਰਬਾਦ ਜਾਂਦਾ ਹੈ। ਟੁੰਡੇਵਾਲ ਦੇ ਜਲ ਘਰ ਦੀ ਸਪਲਾਈ ਦੀ ਇੱਕ ਵੱਡੀ ਲੀਕੇਜ ਪਿੰਡ ਗੋਲੂ ਮਾਜਰਾ ਦੇ ਤਿੰਨ ਸਵਾਗਤੀ ਗੇਟਾਂ ਕੋਲ ਕਾਫੀ ਦੇਰ ਤੋਂ ਹੋ ਰਹੀ ਹੈ ਜਿਸ ਦਾ ਪਾਣੀ ਸੰਪਰਕ ਸੜਕ ਦੇ ਨਾਲ-ਨਾਲ ਕਾਫੀ ਦੂਰ ਤੱਕ ਜਾਂਦਾ ਹੈ। ਮਾਰਗ ਦੀ ਬਰਮ ਦੇ ਨਾਲ ਹੋ ਰਹੀ ਇਹ ਲੀਕੇਜ ਸਭ ਨੂੰ ਨਜ਼ਰ ਆਉਂਦੀ ਹੈ ਸ਼ਾਇਦ ਇਸ ਨੂੰ ਵਿਭਾਗ ਦੇ ਕਰਮਚਾਰੀ ਵੀ ਦੇਖ ਚੁੱਕੇ ਹਨ ਪਰੰਤੂ ਇਸ ਲੀਕੇਜ ਨੂੰ ਠੀਕ ਕਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਵਿਭਾਗ ਨੂੰ ਚਾਹੀਦਾ ਹੈ ਕਿ ਵੱਖ-ਵੱਖ ਥਾਂਈਂ ਹੋ ਰਹੀਆਂ ਸਾਫ ਪਾਣੀ ਦੀਆਂ ਲੀਕੇਜਾਂ ਨੂੰ ਜਲਦ ਸਹੀ ਕਰਵਾਇਆ ਜਾਵੇ ਤਾਂ ਜੋ ਪਾਣੀ ਦੀ ਬਰਬਾਦੀ ਰੁਕ ਸਕੇ ਅਤੇ ਪਾਣੀ ਦੂਸ਼ਿਤ ਵੀ ਨਾ ਹੋਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



