(ਸਮਾਜ ਵੀਕਲੀ)
ਮਾਲਵੇ ਦੀ ਧਰਤੀ ਤੇ ਘੁੱਗ ਵੱਸਦਾ, ਚਾਰ ਪਾਤਸ਼ਾਹੀਆਂ ਦੀ ਤੇ ਪੀਰਾਂ ਫ਼ਕੀਰਾਂ ਦੀ ਚਰਨ ਛੋਹ ਪ੍ਰਾਪਤ, ਮੋਗੇ ਜਿਲ੍ਹੇ ਤੋਂ ਕੋਈ ਦੱਖਣ ਵਾਲੀ ਸਾਈਡ ਮੋਗਾ ਬਰਨਾਲਾ ਸੜਕ ਤੇ ਵਸਿਆ ਇਤਹਾਸਿਕ ਤੇ ਮਾਣਮੱਤਾ ਪਿੰਡ, ਜੋ ਸਿਆਣਿਆਂ ਬਜ਼ੁਰਗਾਂ ਦੇ ਦੱਸਣ ਮੁਤਾਬਕ , ਕਿਸੇ ਸਮੇਂ ਸਤਲੁਜ ਦਰਿਆ ਇੱਥੋਂ ਦੀ ਵਗਿਆ ਕਰਦਾ ਸੀ। ਜਿਸ ਦਾ ਪੱਤਨ ਪੈਣ ਕਰਕੇ ਪੱਤੋ ਤੇ ਇੱਥੋਂ ਦੇ ਦੋ ਹੀਰਾ ਸਿੰਘ ਇੱਕ ਸ਼ੌਕੀਨਾਂ ਵਿੱਚੋਂ ਪੂਰਾ ਸ਼ੌਕੀਨ, ਇਸ ਕਰਕੇ ਪਿੰਡ ਦਾ ਨਾਂ ਵੀ ਪੱਤੋ ਸ਼ੌਕੀਨਾਂ ਦੀ ਪੈ ਗਿਆ ਤੇ ਦੂਸਰੇ ਹੀਰਾ ਸਿੰਘ ਬਹੁਤ ਹੀ ਪੜ੍ਹੇ ਲਿਖੇ ਅੰਗਰੇਜ਼ਾਂ ਦੇ ਸਮੇਂ ਉਹਨਾਂ ਦੀ ਸਰਕਾਰ ਵਿੱਚ ਅਫਸਰ ਤੇ ਪਹੁੰਚ ਹੋਣ ਕਰਕੇ, ਪਿੰਡ ਨੂੰ ਬਹੁਤ ਵੱਡੀ ਦੇਣ ਹੈ ‘ਸਕੂਲਾਂ ਦੀ।’ ਇਹ ਮਹਾਨ ਸ਼ਖ਼ਸੀਅਤਾਂ ਦੇ ਹੋਣ ਕਰਕੇ ਪੱਤਨ ਤੋਂ ਪੱਤੋ, ਤੇ ਹੀਰਾ ਸਿੰਘ ਪੈ ਗਿਆ। ਪਿੰਡ ਪੱਤੋ ਹੀਰਾ ਸਿੰਘ ਜੋ ਆਪਣੀ ਨਿੱਘੀ ਗੋਦ ਵਿੱਚ ਪਿਆਰ ਮੁਹੱਬਤ ਨਾਲ ਸਾਰੇ ਧਰਮਾਂ, ਜਾਤਾਂ ਦੇ ਤਕਰੀਬਨ ਕੋਈ ਸੱਤ ਅੱਠ ਹਜ਼ਾਰ ਦੀ ਆਬਾਦੀ ਨੂੰ ਇੱਕ ਥਾਂ ਤੋਂ ਇਲਾਵਾ ਬਹੁਤ ਵੱਡਾ ਇਤਿਹਾਸ ਆਪਣੇ ਵਿੱਚ ਸਮੋਈ ਬੈਠਾ ਹੈ।
ਜਿੱਥੇ ਚਾਰ ਪਾਤਸ਼ਾਹੀਆਂ ਨੇ ਆਪਣੇ ਚਰਨ ਪਾਏ, ੧ ਸ੍ਰੀ ਗੁਰੂ ਨਾਨਕ ਸਾਹਿਬ ਜੀ ੨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ੩ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ੪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਤੇ ਪਧਾਰੇ। ਪਹਿਲੇ ਪਾਤਸ਼ਾਹ ਉਦਾਸੀਆ ਕਰਦੇ ਹੋਏ ਤਖਤੂਪੁਰੇ ਤੋਂ ਇੱਥੇ ਆਏ, ਗੁਰੂ ਹਰਿਗੋਬਿੰਦ ਸਾਹਿਬ ਜਦੋਂ ਮਾਲਵੇ ਦੀ ਧਰਤੀ ਤੇ ਭਾਈ ਕੀ ਡਰੋਲੀ ਆਏ ਤਾਂ ਇਸ ਧਰਤੀ ਨੂੰ ਭਾਗ ਲਾਏ। ਉਸ ਤੋਂ ਬਾਅਦ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਵੀ ਇਸ ਜਗ੍ਹਾ ਤੇ ਚਰਨ ਮੁਬਾਰਕ ਹੋਏ। ਦਸਮੇਸ਼ ਪਿਤਾ ਮਹਿਦੇਆਣਾ ਸਾਹਿਬ ਤੋਂ ਉਸ ਵੇਲੇ ਸ਼ਿਕਾਰ ਖੇਡਦੇ ਹੋਏ ਇਸ ਧਰਤੀ ਤੇ ਆਏ।
ਇਤਿਹਾਸ ਤਾਂ ਇਹ ਵੀ ਦੱਸਦਾ ਹੈ ਕਿ ਗੁਰੂ ਜੀ ਦੇ ਉਸ ਸਮੇਂ ਮੌਕੇ ਦੀ ਮੁਗਲ ਹਕੂਮਤ ਪਿੱਛੇ ਲੱਗੀ ਹੋਣ ਕਰਕੇ, ਇਸ ਜਗ੍ਹਾ ਤੋਂ ਕੋਈ ਪੰਜਾਹ ਕ’ ਸਿੰਘ ਪਿੰਡ ਪੱਤੋ ਹੀਰਾ ਸਿੰਘ ਵਿੱਚੋਂ ਭਰਤੀ ਕਰਕੇ ਆਪਣੇ ਨਾਲ ਸ੍ਰੀ ਮੁਕਤਸਰ ਸਾਹਿਬ ਜੀ, ਜਿਸ ਨੂੰ ਉਸ ਸਮੇਂ ਖਿਦਰਾਣੇ ਦੀ ਢਾਬ ਵੱਜੋਂ ਜਾਣਿਆ ਜਾਂਦਾ ਸੀ। ਆਪਣੇ ਨਾਲ਼ ਲ਼ੈ ਗਏ। ਜਿੰਨਾਂ ਦੇ ਨਾਮਾਂ ਦਾ ਵੇਰਵਾ ਕਿਸੇ ਕੋਲ ਨਹੀਂ। ਪਰ ਸਾਡੇ ਪੁਰਖਿਆਂ ਦੇ ਦੱਸਣ ਮੁਤਾਬਿਕ ਹੈ। ਗੁਰੂ ਸਾਹਿਬਾਨਾਂ ਦੀ ਪਾਵਨ ਯਾਦ ਵਿੱਚ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਗੁਰੂਸਰ ਸ਼ਸ਼ੋਬਿਤ ਹੈ। ਸਮੂਹ ਨਗਰ ਨਿਵਾਸੀਆਂ ਤੇ ਈਕੋ ਸੰਸਥਾ ਦੇ ਸਹਿਯੋਗ ਨਾਲ ਇੱਥੇ ਇੱਕ ‘ ਗੁਰੂ ਗ੍ਰੰਥ ਸਾਹਿਬ ਬਾਗ਼’ ਦਾ ਨਿਰਮਾਣ ਕੀਤਾ ਗਿਆ ਹੈ।
ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਦਰਜ਼ ਹਰੇਕ ਤਰਾਂ ਦੇ ਦਰੱਖਤ (ਬੂਟੇ) ਲਗਾਏ ਗਏ ਹਨ। ਇਸ ਜਗ੍ਹਾ ਤੇ ਸ਼ੁੱਧ ਵਾਤਾਵਰਨ ਹੋਣ ਕਰਕੇ ਸਾਹ ਦਮੇ ਵਰਗੀਆਂ ਤੇ ਹੋਰ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰੋਗੀਆਂ ਲਈ ਬਹੁਤ ਹੀ ਲਾਭਦਾਇਕ ਮੰਨਿਆ ਗਿਆ ਹੈ। ਜਿੱਥੇ ਰੋਜ਼ਾਨਾ ਦੂਰ ਦੁਰਾਡੇ ਤੋਂ ਸੰਗਤਾਂ ਗੁਰੂ ਘਰ ਤੇ ਬਾਗ ਦੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਂਦੇ ਹਨ। ਇਸ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਇਤਿਹਾਸਕ ਦਿਨ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ।
ਅਤੇ ਦੂਸਰੇ ਪਾਰਕ ਵਿੱਚ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਲਾਇਬ੍ਰੇਰੀ ਜਿੱਥੇ ਪਿੰਡ ਦਾ ਇਤਿਹਾਸ ਤੇ ਹੋਰ ਵਿਦਵਾਨਾਂ ਦੀਆਂ ਲਿਖਤਾਂ ਨੂੰ ਸੰਭਾਲ ਕੇ ਰੱਖਣ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਕਿ ਕਿਤਾਬਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਨ। ਇਸ ਤੋਂ ਇਲਾਵਾ ਹੋਰ ਪੂਜਣਯੋਗ ਅਸਥਾਨ ਜਿਵੇਂ ਗੁਰਦੁਆਰਾ ਬਾਬਾ ਭਾਈ ਵੀਰ ਸਿੰਘ ਜੀ, ਝਿੜੀ ਬਾਬਾ ਰੁੱਖੜਦਾਸ ਜੀ, ਪੁਰਾਤਨ ਭਗਵਤੀ ਮੰਦਰ, ਦਰਵੇਸ਼ਾਂ ਦੀ ਜਗ੍ਹਾ, ਟਿੱਲਾ ਨਾਥਾਂ ਦਾ, ਠਾਕਰ ਦੁਆਰਾ, ਜਗ੍ਹਾ ਇੰਦਰਦਾਸ, ਪਿੰਡ ਤੋਂ ਕੋਈ ਦੋ ਕਿਲੋਮੀਟਰ ਦੂਰ ਗਊਸ਼ਾਲਾ ਸੰਤ ਬੋਰੇ ਵਾਲੇ ਮਹੇਸ਼ ਮੁਨੀ ਜੀ। ਆਦਿ ਨਾਲ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਇਹ ਪਿੰਡ ਵਿਦਿਅਕ ਪੱਖੋਂ ਵੀ ਘੱਟ ਨਹੀ।
ਜਿੱਥੇ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਕੰਨਿਆ ਹਾਈ ਸਕੂਲ ਅੰਗਰੇਜ਼ਾਂ ਵੇਲੇ ਤੋਂ ਲ਼ੈ ਕੇ ਹੁਣ ਤੱਕ ਵਿੱਦਿਆ ਦਾ ਦਾਨ ਦੇ ਕੇ ਮਹਾਨ ਸ਼ਖ਼ਸੀਅਤਾਂ ਨੂੰ ਪੈਦਾ ਕੀਤਾ। ਤੇ ਅੱਜ ਵੀ “ਪੜ੍ਹਣ ਲਈ ਆਓ, ਤੇ ਸੇਵਾ ਲਈ ਜਾਓ”, ਦੇ ਵਾਕ ਨੂੰ ਪੂਰਾ ਕਰ ਰਹੇ ਹਨ। ਇੱਕ ਸਰਕਾਰੀ ਕਾਲਜ ਜੋ ਪਿੰਡ ਤੋਂ ਬਾਹਰ ਸਿੱਖਿਆਂ ਦਾ ਕੇਂਦਰ ਹੈ। ਹੋਰ ਵੀ ਛੋਟੇ ਛੋਟੇ ਸਕੂਲ ਵਿੱਦਿਆ ਦਾ ਚਾਨਣ ਮੁਨਾਰਾ ਹਨ। ਆਵਾਜਾਈ ਦੇ ਪੱਖੋਂ ਇਸ ਪਿੰਡ ਵਿੱਚ ਪੂਰੀ ਸਹੂਲਤ ਹੈ। ਸਿਹਤ ਕੇਂਦਰ ਹਸਪਤਾਲ ਤੇ ਮੁਹੱਲਾ ਕਲੀਨਿਕ ਵੀ ਖੁੱਲਿਆ ਹੋਇਆ ਹੈ। ਬਿਜਲੀ ਘਰ, ਡਾਕ ਘਰ , ਸਾਂਝੀਆਂ ਧਰਮਸ਼ਾਲਾਂ, ਖੇਡਣ ਲਈ ਸਕੂਲ ਵਿੱਚ ਵੱਡਾ ਖੇਡ ਮੈਦਾਨ ਹੈ। ਜਿਸ ਨੇ ਨਾਮਵਰ ਖਿਡਾਰੀ ਪੈਦਾ ਕੀਤੇ, ਨਵੇਂ ਹੋਰ ਖਿਡਾਰੀ ਪੈਦਾ ਹੋ ਰਹੇ ਹਨ। ਜਿੱਥੇ ਸਮੇਂ ਸਮੇਂ ਤੇ ਪਿੰਡ ਦੀਆਂ ਕਲੱਬਾਂ ਤੇ ਐੱਨ.ਆਰ.ਆਈ ਵੀਰਾਂ ਤੇ ਨਗਰ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ। ਚੰਗੇ ਖਿਡਾਰੀਆਂ ਨੂੰ ਵੱਡੇ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪਿੰਡ ਵਿੱਚ ਨੌਜਵਾਨਾਂ ਦੀਆਂ ਕਲੱਬਾਂ ਬਣੀਆਂ ਹੋਈਆਂ ਹਨ।
ਜੋ ਕੇ ਖੇਡਾਂ ਪ੍ਰਤੀ ਜਾਗਰੂਕਤਾ ਸਭਿਆਚਾਰ ਵਿਰਸੇ ਦੀ ਸਾਂਭ ਸੰਭਾਲ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੈਮੀਨਾਰ ਕਰਵਾਉਣੇ ਪਿੰਡ ਦੀ ਸਾਫ ਸਫਾਈ ਦਾ ਧਿਆਨ ਦੇਣਾ ਚੰਗੇ ਉਪਰਾਲੇ ਤੇ ਅਗਾਂਹ ਵਧੂ ਸੋਚ ਦੀਆਂ ਧਾਰਨੀ ਹਨ। ਜੇ ਵਾਚੀਏ ਤਾਂ ਧੀਆਂ ਵੀ ਕਿਸੇ ਪੱਖੋਂ ਘੱਟ ਨਹੀਂ ਜਿੰਨਾਂ ਦਾ ਖੇਡਾਂ ਤੇ ਪੜ੍ਹਾਈ ਪ੍ਰਤੀ ਬਹੁਤ ਹੀ ਲਗਾਵ ਹੈ। ਪਿੰਡ ਵਿੱਚ ਨਾਮਵਰ ਲੇਖਕ, ਖਿਡਾਰੀ, ਸਮਾਜਸੇਵੀ, ਵੱਡਿਆਂ ਅਹੁਦਿਆਂ ਤੇ ਬਿਰਾਜਮਾਨ ਸ਼ਖ਼ਸੀਅਤਾਂ ਪਿੰਡ ਦੀ ਸ਼ਾਨ ਵਿੱਚ ਹੋਰ ਵੀ ਵਾਧਾ ਕਰਦੀਆਂ ਹਨ। ਅਸੀਂ ਇਸ ਲਿਖਤ ਦੁਆਰਾ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ, ਕਿ ਇੱਥੋਂ ਦੀਆਂ ਸਮਾਜਸੇਵੀ ਸੰਸਥਾਵਾਂ ਕਲੱਬਾਂ ਨਾਲ ਸਹਿਯੋਗ ਕਰਕੇ ਪਿੰਡ ਦੀ ਬੇਹਤਰੀ ਲਈ ਵੱਧ ਤੋਂ ਵੱਧ ਫੰਡ ਗ੍ਰਾਂਟਾਂ ਜਾਰੀ ਕਰੇ।
ਸਾਡੇ ਸੋਹਣੇ ਪਿੰਡ ਪੱਤੋ ਹੀਰਾ ਸਿੰਘ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ ਜਾਵੇ।
ਨੋਟ: ਸੰਨ ਦੋ ਹਜ਼ਾਰ ਚੌਵੀ ਵਿੱਚ ਸੀਨੀਅਰ ਸਕੈਡੰਰੀ ਸਕੂਲ ਦੀ ਸ਼ਤਾਬਦੀ ਸੌਂ ਸਾਲਾਂ ਗੋਲਡਨ ਜੁਬਲੀ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ। ਜਿੱਥੇ ਨਾਮਵਰ ਸ਼ਖ਼ਸੀਅਤਾਂ ਨੂੰ ਵੱਡੇ ਪੱਧਰ ਤੇ ਸਨਮਾਨਿਤ ਕੀਤਾ ਜਾ ਰਿਹਾ। ਸ਼ਤਾਬਦੀ ਨੂੰ ਮਨਾਉਣ ਲਈ ਹੁਣ ਤੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜੋ ਵਿਚਾਰ ਅਧੀਨ ਹਨ।
ਸ਼ੇਅਰ
ਸਾਡਾ ਸੋਹਣਾ ਪਿੰਡ, ਮੁਖੜਾ ਗੁਲਾਬ ਨੀਂ ਸਹੀਓ,
ਇਸ ਨਾਲ ਵੱਸਦਾ ਪੰਜਾਬ ਨੀਂ ਸਹੀਓ।
ਸੱਤੇ ਖੈਰਾਂ ਹੋਣ ਆਉ ਸੁੱਖ ਮੰਗੀਏ,
ਪੂਰੇ ਹੋਣ ਇਸ ਦੇ ਖੁਆਬ ਨੀਂ
ਸਹੀਓ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly