ਤਰਕਸ਼ੀਲਾਂ ਵਿਚ ਸਿਰਮੌਰ – ਮਾਸਟਰ ਪਰਮ ਵੇਦ

(ਸਮਾਜ ਵੀਕਲੀ)

ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ- ਬਰਨਾਲਾ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨਾਲ ਉਨ੍ਹਾਂ ਦੇ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਬਣਨ ਬਾਰੇ ਗਲ ਬਾਤ ਕੀਤੀ ਗਈ।ਉਹ ਆਪਣੇ ਫਰਜ਼ਾਂ ਨੂੰ ਪ੍ਰਨਾਏ ਹੋਏ ਹਨ।ਉਨ੍ਹਾਂ ਲਹਿਰੇਗਾਗੇ ਆਪਣੇ ਸਾਥੀਆਂ ਨਾਲ ਮਿਲ ਕੇ ਬੇਸ਼ੁਮਾਰ ਮਾਨਸਿਕ ਰੋਗੀਆਂ ਨੂੰ ਠੀਕ ਕੀਤਾ ਜਾਂ ਮਾਹਿਰ ਡਾਕਟਰਾਂ ,ਮਨੋਵਿਗਿਆਨੀਆਂ ਤੋਂ ਠੀਕ ਕਰਵਾਇਆ ਤੇ ਬਹੁਤ ਸਾਰੀਆਂ ਰਹੱਸਮਈ ਜਾਪਦੀਆਂ ਘਟਨਾਵਾਂ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਤੇ ਹੁਣ ਉਹ ਸੰਗਰੂਰ ਵਿਖੇ ਰਹਿ ਕੇ ਦੂਰ ਦੂਰ ਵਿਗਿਆਨਕ ਵਿਚਾਰਾਂ ਦੇ ਚਾਨਣ ਦਾ ਛਿੱਟਾ ਦੇ ਰਹੇ ਹਨ।ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹਨ।

ਆਪਣੇ ਪਰਿਵਾਰਕ ਪਿਛੋਕੜ ਬਾਰੇ ਦਸਦਿਆਂ ਉਨਾਂ ਕਿਹਾ ਕਿ ਉਨਾਂ ਦਾ ਜਨਮ ਸੰਗਰੂਰ ਜਿਲ੍ਹੇ ਦੇ ਅਤੀ ਪਛੜੇ ਇਲਾਕੇ ,ਘੱਗਰ ‘ਤੇ ਵਸੇ ਪਿੰਡ ਮੰਡਵੀਂ ਵਿੱਚ ਅੰਧ-ਵਿਸਵਸ਼ਾਂ, ਵਹਿਮਾਂ, ਭਰਮਾਂ,ਰੂੜੀਵਾਦੀ ਵਿਚਾਰਾਂ ਨਾਲ ਗ੍ਰੱਸੇ, ਅਤੀ ਗਰੀਬ ਅਨਪੜ੍ਹ ਪਰਿਵਾਰ ਵਿੱਚ ਹੋਇਆ । ਉਹ ਹੈਰਾਨ ਹਨ ਕਿ ਕਿਵੇਂ ਉਨ੍ਹਾਂ ਦੀ ਮਾਂ ਨੇ ਇਸ ਗਰੀਬੀ ਭਰੇ ਮਾਹੌਲ ਵਿੱਚ ਉਨ੍ਹਾਂ ਨੂੰ ਸਕੂਲੇ ਪੜ੍ਹਨੇ ਪਾ ਦਿੱਤਾ ।ਉਨ੍ਹਾਂ ਕਿਹਾ,” ਮੈਂ ਸਦਕੇ ਜਾਂਦਾ ਹਾਂ ਉਸ ਦਲੇਰ ਤੇ ਦਿਆਲੂ ਮਾਂ ਦੇ , ਜਿਸਨੇ ਮੈਨੂੰ ਵਿਦਿਆ ਦੇ ਮੰਦਰ ਵਿੱਚ ਭੇਜਿਆ,ਜਿਥੋਂ ਮੈਨੂੰ ਗਿਆਨ ਤੇ ਵਿਦਿਆ ਰੂਪੀ ਚਾਨਣ ਮਿਲਿਆ । ”

ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਵਿੱਚ ਰੂੜ੍ਹੀਵਾਦੀ , ਵੇਲਾ ਵਿਹਾਅ ਚੁੱਕੀਆਂ ਰਸਮਾਂ ਆਮ ਹੁੰਦੀਆਂ ਸਨ । ਧਾਗੇ –ਤਵੀਤਾਂ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ । ਪਿੰਡ ਵਿੱਚ ਆਉਂਦੇ ਤਾਂਤਰਿਕਾਂ ਤੋਂ ਗਰੀਬੀ ਦੇ ਕਾਰਣ ਜਾਣਨਾ ਆਮ ਗੱਲ ਸੀ ਪਰ ਉਸਦਾ ਜਗਿਆਸੂ ਦਿਮਾਗ ਇਸ ਦੇ ਕਾਰਨਾਂ ਬਾਰੇ ਸੋਚਦਾ ਜ਼ਰੂਰ ਸੀ ਕਿ ਇਨ੍ਹਾ ਤਾਂਤਰਿਕਾਂ ਜਾਂ ਧਾਗੇ – ਤਵੀਤਾਂ ਵਾਲਿਆ ਕੋਲ ਕਿਹੜਾ ਇਲਮ ਕਿਹੜੀ ਸ਼ਕਤੀ ਹੈ , ਜਿਸ ਨਾਲ ਉਹ ਕਿਸੇ ਦਾ ਭਵਿੱਖ ਦੱਸ ਸਕਦੇ ਹਨ ਜਾਂ ਸੰਵਾਰਨ ਦਾ ਢੰਗ ਦੱਸ ਸਕਦੇ ਹਨ ।”

ਉਨਾਂ ਆਪਣੀ ਗਲ ਜਾਰੀ ਰੱਖਦਿਆਂ ਕਿਹਾ ਕਿ ਪਿੰਡ ਵਿੱਚ ਜਾਦੂ ਸ਼ੋਅ ਵਾਲੇ ਆਉਂਦੇ । ਜਮੂਰੇ ਦੀ ਮੱਦਦ ਨਾਲ ਹੈਰਾਨ ਕਰਨ ਵਾਲ਼ੇ ਟਰਿੱਕ ਕਰਦੇ ਤੇ ਅੰਤ ਵਿੱਚ ਪੈਸੇ ਮੰਗਦੇ । ਲੋਕਾਂ ਨੂੰ ਪੈਰ ਦੀ ਮਿੱਟੀ ਛੱਡਣ ਤੇ ਨੁਕਸਾਨ ਹੋਣ ਦਾ ਡਰਾਵਾ ਦਿੰਦੇ ਜਾਂ ਜਮੂਰੇ ਦੀ ਗਰਦਨ ਤੇ ਚਾਕੂ ਰੱਖ ਕੇ ਉਸਦਾ ਗਲ਼ ਕੱਟਣ ਦਾ ਡਰਾਮਾ ਕਰਕੇ ਲੋਕਾਂ ਨੂੰ ਤਰਸ ਕਰਨ ਲਈ ਉਕਸਾਉਂਦੇ,ਭਰਮਾਉਂਦੇ । ਇਹ ਲੋਕਾਂ ਤੋਂ ਪੈਸੇ ਲੈਣ ਦਾ ਢੰਗ ਸੀ। ਦਿਮਾਗ ਵਿੱਚ ਆਉਂਦਾ ਕਿ ਜੇ ਇਨ੍ਹਾਂ ਕੋਲ ਚਮਤਕਾਰ ਹੈ ਤਾਂ ਇਹ ਪੈਸੇ ਕਿਉਂ ਨਹੀਂ ਪੈਦਾ ਕਰ ਲੈਦੇ ? ਇਨ੍ਹਾਂ ਨੂੰ ਲੋਕਾਂ ਤੋਂ ਪੈਸੇ ਮੰਗਣ ਦੀ ਕੀ ਲੋੜ ਹੈ ?” ਉਨ੍ਹਾਂ ਕਿਹਾ ਬਹੁਤ ਸਾਰੇ ਵਿਚਾਰ ਮਨ ਵਿੱਚ ਆਉਂਦੇ , ਪਰ ਕਿਤੋਂ ਵੀ ਜਵਾਬ ਨਾ ਮਿਲਦਾ ।

ਜਗਿਆਸਾ ਪੂਰੀ ਨਾ ਹੁੰਦੀ। ਔਰਤਾਂ ਵਿੱਚ ਹੁੰਦੀ ਕਸਰ , ਓਪਰੀ ਸ਼ੈਅ ,ਵਡੇਰਿਆਂ ਦੀ ਕਸਰ ਦੇ ਕੇਸ ਦੇਖਣ ਨੂੰ ਮਿਲਦੇ ।ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਸੋਚਿਆ ਜ਼ਰੂਰ ਜਾਂਦਾ ਸੀ ਕਿ ਇਹ ਭੂਤ –ਪ੍ਰੇਤ ਕੀ ਨੇ ? ਤਾਂਤਰਿਕਾਂ ਰਾਹੀਂ ਸਰਕਾਰਾਂ ਇਨ੍ਹਾਂ ਨੂੰ ਕਾਬੂ ਕਿਉਂ ਨਹੀ ਕਰਦੀਆ । ਹੱਦਾਂ ਦੀ ਰਾਖੀ ਲਈ ਇਨ੍ਹਾਂ ਨੂੰ ਉੱਥੇ ਕਿਉਂ ਨਹੀਂ ਵਰਤਿਆ ਜਾਂਦਾ , ਆਦਿ –ਆਦਿ । ਘਰਾਂ ਵਿਚੋਂ ਚੀਜ਼ ਗੁੰਮ ਹੋਣ ਵੇਲੇ ਵੀ ਪੁੱਛ ਪੁਆਈ ਜਾਂਦੀ । ਉਸ ਦੇ ਕਾਰਨ ਲਈ ਵੀ ਮਨ ਸੋਚਦਾ ਕਿ ਇਨ੍ਹਾਂ ਕੋਲ ਕਿਹੜੀ ਸ਼ਕਤੀ ਹੈ ? ਠਾਣੇ ਵਿੱਚ ਇਨ੍ਹਾਂ ਦੀ ਨਿਯੁਕਤੀ ਕਿਉਂ ਨਹੀਂ ਹੁੰਦੀ , ਜਿਸ ਨਾਲ਼ ਚੋਰ ਦਾ ਪਤਾ ਲਾਇਆ ਜਾ ਸਕੇ ।

ਉਨ੍ਹਾਂ ਦੱਸਿਆ ਕਿ ਇੱਕ ਵਾਰੀ ਉਨ੍ਹਾਂ ਦੇ ਗੁਆਂਢ ਵਿੱਚ ਇੱਕ ਮਿਸਤਰੀ ਰਹਿੰਦਾ ਸੀ । ਰਾਤ ਸਮੇਂ ਨਹੁੰ ਰਾਹੀਂ ਚੀਜਾਂ ਦਿਖਾਉਣ ਬਾਰੇ ਕਹਿੰਦਾ । ਉਨ੍ਹਾਂ ਦੇ ਆਪਣੇ ਸਾਰੇ ਸਾਥੀ ਕਹਿੰਦੇ ਸਾਨੂੰ ਜਿਵੇਂ ਮਿਸਤਰੀ ਅੰਕਲ ਕਹਿੰਦਾ ਹੈ ਉਵੇਂ ਦਿਖਦਾ ਹੈ , ਪਰ ਉਹ ਕਹਿੰਦੇ ਮੈਨੂੰ ਤਾਂ ਕੁੱਝ ਨਹੀਂ ਦਿਖਦਾ । ਉਹ ਹੈਰਾਨ ਹੁੰਦੇ ਕਿ ਉਨ੍ਹਾਂ ਨੂੰ ਨਹੁੰ ਵਿੱਚ ਕਿਉਂ ਨਹੀ ਦਿਖਦਾ,ਦੂਜਿਆਂ ਨੂੰ ਕਿਵੇਂ ਦਿਖਦਾ ਹੈ । ਜਗਿਆਸਾ ਕਿਤੋਂ ਪੂਰੀ ਨਾ ਹੁੰਦੀ।ਕਿਤੋਂ ਵੀ ਸ਼ੰਕੇ ਦੀ ਨਿਵਿਰਤੀ ਨਾ ਹੁੰਦੀ।

ਗਲ ਦੀ ਲੜੀ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਸਮਾਂ ਲੰਘਦਾ ਰਿਹਾ । ਉਮਰ ਵਧਦੀ ਗਈ । ਦਿਮਾਗ ਵੀ ਵਧਦਾ ਗਿਆ ਪਰ ਵਿਗਿਆਨਕ ਚੇਤੰਨਤਾ,ਵਿਗਿਆਨਕ ਵਿਆਖਿਆ, ਵਿਗਿਆਨਕ ਵਿਚਾਰਾਂ ਦੀ ਜਾਗ ਲਾਉਣ ਵਾਲਾ ਹੁਣ ਤਕ ਕੋਈ ਨਹੀਂ ਮਿਲਿਆ । ਬਹੁਤ ਸਾਰੀਆਂ ਗੱਲਾਂ ਸੁਨਣ ਨੂੰ ਮਿਲਦੀਆਂ । ਉਨਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਕਹਿੰਦੀ ਹੁੰਦੀ ਸੀ ਕਿ ਉਨ੍ਹਾਂ ਦੇ ਪਿੰਡ ਚਾਰ ਪੀਰਾਂ ਦਾ ਪਹਿਰਾ ਹੁੰਦਾ ਹੈ । ਰਾਤ ਨੂੰ ਘੋੜੇ ਤੇ ਚੜ ਕੇ ਪਿੰਡ ਦੀ ਰਾਖੀ ਕਰਦੇ ਹਨ।ਇਹ ਵੀ ਸੁਨਣ ਨੂੰ ਮਿਲਦਾ ਕਿ ਇੱਕ ਪਿੰਡ ਦਾ ਸਾਧ ਰਾਤ ਨੂੰ ਆਪਣੇ ਸਾਰੇ ਅੰਗ ਲੱਤਾਂ, ਬਾਹਾਂ, ਸਿਰ ਆਦਿ ਅਲੱਗ-ਅਲੱਗ ਕਰਕੇ ਸੌਂਦਾ ਹੈ ।”

ਦਿਮਾਗ ਵਿੱਚ ਇਹ ਹੈਰਾਨੀਜਨਕ ਗੱਲਾਂ ਆਉਂਦੀਆਂ । ਦਿਮਾਗ ਸੋਚਦਾ ਜ਼ਰੂਰ ਸੀ ਕਿ ਇਹ ਕਿਵੇਂ ਹੁੰਦਾ ਹੈ ? ਮਨੱਖ ਕੀ ਹੈ ? ਉਸਦੇ ਵੱਸ ਵਿੱਚ ਕੀ ਕੁੱਝ ਹੈ ? ਇਨ੍ਹਾਂ ਦੀ ਵਿਗਿਆਨਕ ਵਿਆਖਿਆ/ਜਾਣਕਾਰੀ ਕਿਧਰੋਂ ਨਾ ਮਿਲਦੀ ।ਉਨ੍ਹਾਂ ਦੱਸਿਆ ਕਿ ਆਪਣੇ ਅੱਖੀਂ ਇੱਕ ਔਰਤ ਨੂੰ ਖੇਡਦਿਆਂ / ਸਿਰ ਮਾਰਦਿਆਂ ਦੇਖਿਆ । ਪਹਿਲਾਂ ਸਿਰ ਮਾਰਦੀ ਰਹੀ ,ਫਿਰ ਖੇਡਣ ਲੱਗ ਪਈ । ਉਹ ਆਪਣੀ ਮਾਂ ਨਾਲ ਗਏ ਹੋਏ ਸਨ।ਉਹ ਡਰਦੇ ਘਰ ਭੱਜ ਆਏ । ਉਸ ਦੀ ਮਾਂ ਸਮੇਤ ਦੂਜੀਆਂ ਔਰਤਾਂ ਖੇਡਣ ਵਾਲੀ ਔਰਤ ਨੂੰ ਮੱਥਾ ਟੇਕਣ ਲੱਗ ਪਈਆਂ ਤੇ ਕਿਹਾ ,” ਤੂੰ ਕੌਣ ਹੈਂ?ਕਿਉਂ ਆਇਆ ਹੈਂ? ਮੰਗ ਕੀ ਮੰਗਦਾ ਹੈਂ ?”

ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਅਚੇਤ ਮਨ ਵਿੱਚ ਪਈਆਂ ਹਨ । ਬਜ਼ੁਰਗਾਂ ਕੋਲੋਂ ਵੀ ਬਹੁਤ ਸਾਰੀਆਂ ਭੂਤਾਂ-ਪ੍ਰੇਤਾਂ ਨਾਲ ਜੁੜੀਆਂ ਕਹਾਣੀਆਂ ਬਚਪਨ ਵਿੱਚੋਂ ਸੁਣਨ ਨੂੰ ਮਿਲਦੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਦਸਵੀਂ ਤੋਂ ਬਾਆਦ ਕਾਲਜ ਗਏ । ਕਾਲਜ ਵਿੱਚ ਵੀ ਵਿਗਿਆਨਿਕ ਵਿਚਾਰਾਂ ਵਾਲੀਆਂ ਗੱਲਾਂ ਦੀ ਘਾਟ ਸੀ । ਘਰ ਵਿਚ ਸ਼ਰਾਧਾਂ ਸਮੇਂ ਸਦੀਵੀ ਵਿਛੋੜਾ ਦੇ ਚੁੱਕੇ ਬਜ਼ੁਰਗਾਂ ਨੂੰ ਰੋਟੀ ਵਗੈਰਾ ਪਹੁੰਚਾਉਣ /ਖਵਾਉਣ ਲਈ ਪੰਡਤਾਂ ਨੂੰ ਰੋਟੀ ਖਵਾਈ ਜਾਂਦੀ । ਦਾਨ-ਪੁੰਨ ਕੀਤਾ ਜਾਂਦਾ । ਦੰਦ ਘਸਾਈ ਦਿੱਤੀ ਜਾਂਦੀ । ਉਸ ਸਮੇਂ ਵੀ ਦਿਮਾਗ ਵਿੱਚ ਆਉਂਦਾ ਕਿ ਮਰੇ ਬਜ਼ੁਰਗ ਇਨ੍ਹਾਂ ਖ਼ਾਸ ਦਿਨਾਂ ਵਿੱਚ ਹੀ ਕਿਉਂ ਖਾਂਦੇ ਨੇ । ਬਾਕੀ ਦਿਨ ਕਿਵੇਂ ਗੁਜ਼ਾਰਾ ਕਰਦੇ ਨੇ, ਕੀ ਖਾਂਦੇ ਹਨ? ਕਿਤੇ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਮਿਲਦੇ ।

ਗਲਬਾਤ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਕਿ ਬਹੁਤ ਵਾਰੀ ਸੋਚਿਆ ਜਾਂਦਾ ਕਿ ਬੰਦਾ ਮਰ ਕੇ ਕਿੱਥੇ ਜਾਂਦਾ ਹੈ ? ਕਿਉਂ ਮਰਦਾ ਹੈ ? ਜਿਉਂਦਾ ਕਿਉਂ ਨਹੀਂ ਰਹਿ ਸਕਦਾ ? ਸਮਾਂ ਬੀਤਦਾ ਗਿਆ । ਪੜ੍ਹਾਈ ਤੋਂ ਬਾਆਦ ਨੌਕਰੀ ਵਿੱਚ ਆ ਗਿਆ । ਪਰ ਰੂੜੀਵਾਦੀ ਵਿਚਾਰਾਂ ਦੀ ਥਾਂ ਵਿਗਿਆਨਕ ਵਿਚਾਰਾਂ ਦੀ ਘਾਟ ਰਹੀ । ਦਿਮਾਗ ਵਿਚ ਬਹੁਤ ਸਾਰੇ ਪ੍ਰਸ਼ਨ ਉਠਦੇ ਪਰ ਜਵਾਬ ਕਿਤੋਂ ਨਾ ਮਿਲਦਾ । ਬਹੁਤ ਸਾਰੀਆਂ ਰਹੱਸਮਈ ਘਟਨਾਵਾਂ ਸੁਣਨ ਨੂੰ ਮਿਲਦੀਆਂ। ਡਰ ਵੀ ਲਗਦਾ । ਉਨ੍ਹਾਂ ਦੱਸਿਆ ਕਿ ਸਰਕਾਰੀ ਨੌਕਰੀ ਦੌਰਾਨ ਰਜਿੰਦਰ ਭਦੌੜ ਤੇ ਉਹ ਪਹਿਲਾਂ ਸੰਗਰੂਰ ਜਿਲ੍ਹੇ ਦੇ ਸਕੂਲ ਭੂਲਣ ਵਿੱਚ ਤੇ ਉਸਤੋਂ ਬਾਅਦ ਲਹਿਰਗਾਗੇ ਕੋਲ ਜਲੂਰ ਸਕੂਲ ਵਿੱਚ ਇਕੱਠੇ ਰਹੇ ਹਨ ।

ਉਹ ਰਜਿੰਦਰ ਭਦੌੜ ਤੋਂ ਵਿਗਿਆਨਕ ਜਾਗਰੂਕਤਾ ਵਾਲੀਆਂ ਬਹੁਤ ਸਾਰੀਆਂ ਗੱਲਾਂ/ਘਟਨਾਵਾਂ ਸੁਣਦੇ । ਉਸ ਕੋਲ ਵਿਗਿਆਨ ਆਧਾਰਿਤ ਪਰਖਿਆ ਗਿਆਨ ਸੀ , ਜਾਣਕਾਰੀ ਸੀ । ਰਜਿੰਦਰ ਕਹਿੰਦਾ ਕੋਈ ਭੂਤ-ਪ੍ਰੇਤ ,ਜਿੰਨ,ਛਲੇਡਾ ਵਗੈਰਾ ਨਹੀਂ ਹੁੰਦੇ ਪਰ ਕਲਪਿਤ ਹਨ। ਇਸ ਬ੍ਰਹਿਮੰਡ ਵਿੱਚ ਘਟਨਾਵਾਂ ਵਾਪਰਦੀਆਂ ਹਨ ਘਟਨਾਵਾਂ ਦੇ ਕਾਰਨ ਜਾਨਣਾ, ਸੁਣੀ ਸੁਣਾਈ ਗਲ ਤੇ ਵਿਸਵਾਸ਼ ਨਾ ਕਰਨਾ, ਹਰ ਗਲ ਨੂੰ ਤਰਕ ਦੀ ਕਸਵੱਟੀ ਤੇ ਪਰਖਣਾ ਹੀ ਤਰਕਸ਼ੀਲਤਾ ਹੈ।ਪਰਮ ਵੇਦ ਨੇ ਦੱਸਿਆ ਕਿ ਉਹ ਉਸ ਸਮੇਂ ਉਸ ਦੀ ਗੱਲ ਨੂੰ ਝੂਠ ਮੰਨ ਕੇ ਕੱਟਦੇ ਰਹਿੰਦੇ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੁਰਾਨ ਉਨ੍ਹਾਂ ਦੇ ਅਤੀ ਨਜ਼ਦੀਕੀ ਦੋਸਤ ਦੇ ਘਰ ਭੂਤਾਂ -ਪ੍ਰੇਤਾਂ ਅਤੇ ਡਰ ਨੇ ਡੇਰਾ ਲਾ ਲਿਆ । ਕਹਿੰਦੇ ਸਾਡੇ ਘਰ ਭੂਤਾਂ –ਪ੍ਰੇਤਾਂ ਦਾ ਵਾਸਾ ਹੋ ਗਿਆ,ਬਹੁਤ ਭਾਰੀ ਜਿੰਨ ਆ ਗਿਆ ਹੈ। । ਚੀਜ਼ਾਂ ਗੁੰਮ ਹੋਣ ਲੱਗ ਪਈਆਂ । ਦੋਸਤ ਕਦੇ ਕਿਸੇ ਸਿਆਣੇ ਕੋਲ ਜਾਣ, ਕਦੇ ਕਿਸੇ ਕੋਲ । ਸਭ ਪਾਸਿਓਂ ਨਿਰਾਸ਼ਾ ਮਿਲੀ।ਘਰੇ ਡਰ ਦਾ ਮਾਹੌਲ ਵਧਦਾ ਗਿਆ । ਅਤੀ ਭੈਅ ਮਈ ਮਹੌਲ ਬਣ ਗਿਆ।ਆਂਢੀ ਗੁਆਂਢੀ ਵੀ ਬੋਲਣੋਂ ਹਟ ਗਏ।ਉਸ ਸਮੇਂ ਤਰਕਸ਼ੀਲ ਸੁਸਾਇਟੀ ਹੋਂਦ ਵਿੱਚ ਆਈ –ਆਈ ਹੀ ਸੀ ।ਮਾਸਟਰ ਜੀ ਨੇ ਇਸ ਸੰਬੰਧੀ ਰਜਿੰਦਰ ਭਦੌੜ ਨਾਲ ਗਲ ਕੀਤੀ। ਰਜਿੰਦਰ ਨੇ ਕੇਸ ਤਰਕਸ਼ੀਲ ਸੁਸਾਇਟੀ ਨੂੰ ਦੇਣ ਲਈ ਕਿਹਾ।ਰਜਿੰਦਰ ਨੇ ਕਿਹਾ ਕਿ ਤਰਕਸ਼ੀਲ ਉਨ੍ਹਾਂ ਦੇ ਦੋਸਤ ਦੇ ਪਰਿਵਾਰ ਨੂੰ ਡਰ ਮੁਕਤ ਕਰ ਦੇਣਗੇ । ਪੈਸੇ ਲੁਟਾਉਣ ਤੇ ਡਰਨ ਦੀ ਲੋੜ ਨਹੀਂ ।

ਉਨ੍ਹਾਂ ਸਾਰੀ ਗੱਲ ਦੋਸਤ ਨਾਲ ਸਾਂਝੀ ਕੀਤੀ । ਦੋਸਤ ਨੇ ਕਿਹਾ ਕਿ ਚਲੋ ਦੇਖ ਲੈਂਦੇ ਹਾਂ । ਸਾਨੂੰ ਇੱਕ-ਇੱਕ ਦਿਨ ਕੱਟਣਾ ਔਖਾ ਲੱਗ ਰਿਹਾ ਹੈ । ਉਨ੍ਹਾਂ ਫਿਰ ਰਜਿੰਦਰ ਭਦੌੜ ਨਾਲ ਗੱਲ ਕੀਤੀ । ਉਸਨੇ ਕਿਹਾ ਹੁਣ ਤੁਸੀਂ ਸਾਰਾ ਕੰਮ ਸਾਡੇ ਤੇ ਛੱਡ ਦਿਓ । ਉਹ ਆਪੇ ਤਰਕਸ਼ੀਲਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਛੇਤੀ ਹੀ ਪੀੜਤ ਪਰਿਵਾਰ ਦੇ ਘਰ ਲੈ ਕੇ ਆਵੇਗਾ । ਰਜਿੰਦਰ ਭਦੌੜ ਆਪਣੇ ਦੋ ਦੋਸਤਾਂ ਸਮੇਤ ਮਿੱਥੇ ਸਮੇਂ ਤੇ ਪੀੜਤ ਪਰਿਵਾਰ ਕੋਲ ਪਹੁੰਚ ਕੇ ਸਾਰੀਆਂ ਘਟਨਾਵਾਂ ਦੀ ਮਨੋ ਵਿਗਿਅਨਕ ਤੇ ਵਿਗਿਅਨਕ ਪੱਖੋਂ ਪੜਤਾਲ ਕੀਤੀ ਤੇ ਪੀੜਿਤ ਪਰਿਵਾਰ ਨੂੰ ਭੈਅ ਮੁਕਤ ਕਰ ਦਿੱਤਾ । ਕੁੱਝ ਦਿਨਾਂ ਵਿੱਚ ਹੀ ਪਰਿਵਾਰ ਦਾ ਮਹੌਲ ਸੁਖਾਵਾਂ ਬਣ ਗਿਆ ।

ਮਾਸਟਰ ਜੀ ਨੇ ਦੱਸਿਆ ਕਿ ਉਨ੍ਹਾਂ ‘ਤੇ ਇਸ ਗੱਲ ਨੇ ਡੂੰਘਾ ਪ੍ਰਭਾਵ ਪਾਇਆ । ਹੁਣ ਰਜਿੰਦਰ ਭਦੌੜ ਦੁਆਰਾ ਹੱਲ ਕੀਤੇ ਕੇਸਾਂ ਬਾਰੇ ਉਹ ਗੱਲਾਂ ਧਿਆਨ ਤੇ ਪੂਰੀ ਦਿਲਚਸਪੀ ਨਾਲ ਸੁਣਦੇ । ਸਾਰੀਆਂ ਗੱਲਾਂ ਤੇ ਯਕੀਨ ਕਰਨ ਲਗ ਪਏ। । ਉਨ੍ਹਾਂ ਕਿਹਾ ਰਹੱਸਮਈ ਜਾਪਦੀਆਂ ਘਟਨਾਵਾਂ ਜਿਨ੍ਹਾਂ ਨੂੰ ਪਰਿਵਾਰ ਵਾਲੇ ਜਿੰਨ, ਭੂਤਾਂ-ਪ੍ਰੇਤਾਂ ਨਾਲ ਜੋੜਦੇ , ਉਨ੍ਹਾਂ ਨੂੰ ਰਜਿੰਦਰ ਭਦੌੜ ਦੀ ਟੀਮ ਬੜੀ ਆਸਾਨੀ ਨਾਲ ਹੱਲ ਕਰ ਦਿੰਦੀ । ਪੀੜਤ ਪਰਿਵਾਰਾਂ ਨਾਲ ਵੀ ਗੱਲਾਂ ਕੀਤੀਆਂ ਜਾਣ ਲੱਗੀਆਂ ।

ਹੁਣ ਉਨ੍ਹਾਂ ਦੇ ਜਗਿਆਸੂ ਮਨ ਤੇ ਵੀ ਰਜਿੰਦਰ ਭਦੌੜ ਦੇ ਵਿਚਾਰਾਂ ਦਾ ਰੰਗ ਚੜ੍ਹ ਚੁੱਕਿਆ ਸੀ । ਉਹ ਵੀ ਰਜਿੰਦਰ ਨਾਲ,ਰਹੱਸਮਈ ਘਟਨਾਵਾਂ, ਓਪਰੀ ਸ਼ੈਆਂ ,ਭੂਤਾਂ -ਪ੍ਰੇਤਾਂ ਨਾਲ ਪੀੜਿਤ ਪਰਿਵਾਰਾਂ ਦੇ ਘਰ ਜਾਣ ਲਗ ਪਏ। ਇਸ ਸਮੇਂ ਦੌਰਾਨ ਉਨ੍ਹਾਂ ਤੇ ਭੂਤਾਂ-ਪ੍ਰੇਤਾਂ ਦਾ ਡਰ ਬਿਲਕੁਲ ਖ਼ਤਮ ਹੋਣ ਲੱਗਾ । ਲੋਕਾਂ ਦੇ ਖੇਡਣਤੇ ਓਪਰੀ ਸ਼ੈਆਂ ਦੇ ਕੇਸ ਹੱਲ ਹੁੰਦੇ ਦੇਖੇ । ਹੁਣ ਉਹ ਤਰਕਸ਼ੀਲ ਵਿਚਾਰਾਂ ਵਿੱਚ ਰੰਗੇ ਗਏ।
। ਉਨ੍ਹਾਂ ਕਿਹਾ ਕਿ ਹੁਣ ਸਮਝ ਆਈ ਕਿ ਇਸ ਦੁਨੀਆ ਵਿੱਚ ਭੂਤ –ਪ੍ਰੇਤ ਨਾਂ ਦੀ ਕੋਈ ਚੀਜ਼ ਨਹੀ । ਮਾਨਸਿਕ ਬੀਮਾਰੀਆਂ ਦੀ ਸਮਝ ਆਉਣ ਲੱਗੀ।

ਸਮਝ ਆਈ ਕਿ ਅਖੌਤੀ ਸਿਆਣਿਆਂ ਕੋਲ ਲੁੱਟ ਦਾ ਧੰਦਾ ਹੈ ,ਉਨ੍ਹਾਂ ਦੁਆਰਾ ਫੈਲਾਇਆ ਭਰਮ ਜਾਲ ਹੈ । ਇਹ ਓਪਰੀ ਸ਼ੈਆਂ ਦਾ ਸਿਰਫ ਡਰ ਹੈ, ਜਿਹੜਾ ਬਜ਼ੁਰਗਾਂ ਤੋਂ ਗੱਲਾਂ ਸੁਣ ਕੇ ਸਾਡੇ ਅਚੇਤ ਮਨ ਵਿੱਚ ਬੈਠਾ ਹੋਇਅ ਹੈ ।ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ ਪੜ੍ਹੀਆਂ, ਤਰਕਸ਼ੀਲ ਸੈਮੀਨਾਰ , ਵਿਚਾਰ –ਗੋਸ਼ਟੀਆਂ, ਤਰਕਸ਼ੀਲ ਨਾਟਕ ਮੇਲੇ ਦੇਖੇ । ਮਨ ਵਿੱਚ ਤਸੱਲੀ ਹੋ ਗਈ ਕਿ ਅਸਲ ਵਿੱਚ ਸਾਨੂੰ ਸਾਰੇ ਪਾਸਿਆਂ ਤੋਂ ਵਹਿਮਾਂ –ਭਰਮਾਂ ਦੇ ਹਨ੍ਹੇਰੇ ਦੇ ਬੁੱਕ ਪਰੋਸੇ ਜਾਂਦੇ ਹਨ । ਹਥੌਲਿਆਂ , ਜਾਦੂ –ਟੂਣਿਆਂ , ਧਾਗੇ – ਤਵੀਤਾਂ ਦੀ ਅਰਥਹੀਣਤਾ ਸਪੱਸਟ ਹੋ ਚੁੱਕੀ ਸੀ ।

ਇਸ ਸਮੇਂ ਉਹ ਵੀ ਪੂਰੀ ਤਰ੍ਹਾਂ ਵਿਗਿਆਨਿਕ ਵਿਚਾਰਾਧਾਰਾ ਦੇ ਧਾਰਨੀ ਬਣ ਚੁੱਕੇ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਬਚਪਨ ਵਿੱਚ ਸੁਣੀਆਂ ਤੇ ਪਰਿਵਾਰ ਵਿੱਚ ਕੀਤੀਆਂ ਜਾਂਦੀਆਂ ਫਜੂਲ,ਬੇਅਰਥ ਰਸਮਾਂ ਬਾਰੇ ਵੀ ਜਾਣਿਆਂ ਕਿ ਕਿਵੇਂ ਅੱਗੇ ਤੋਂ ਅੱਗੇ,ਪੀੜ੍ਹੀ ਦਰ ਪੀੜ੍ਹੀ ਇਹ ਅੰਧਵਿਸ਼ਵਾਸ ਚਲਦੇ ਰਹਿੰਦੇ ਹਨ। ਪਰਿਵਾਰਕ ਮੈਂਬਰ ਬੇਲੋੜੀਆਂ ਰਸਮਾਂ ਨੂੰ ਬਿਨ੍ਹਾਂ ਸੋਚੇ –ਸਮਝੇ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੂੰ ਪਰੋਸਦੇ ਰਹਿੰਦੇ ਨੇ । ਜਾਦੂਗਰਾਂ ਦੀ ਚਲਾਕੀ ਬਾਰੇ ਵੀ ਸਪੱਸ਼ਟ ਹੋ ਚੁੱਕਿਆ ਸੀ । ਇਸ ਤਰ੍ਹਾਂ ਉਨ੍ਹਾਂ ਤੇ ਪੂਰੀ ਤਰ੍ਹਾਂ ਤਰਕਸ਼ੀਲਤਾ ਦਾ ਰੰਗ ਚੜਿਆ । ਉਹ ਤਰਕਸ਼ੀਲ ਬਣ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗੇ ਦੇ ਮੈਂਬਰ ਬਣੇ । ਵਿਗਿਆਨਿਕ ਵਿਚਾਰਾਂ ਦੇ ਨਾਲ਼ ਨੈਤਿਕ ਕਦਰਾਂ –ਕੀਮਤਾਂ ਤੇ ਭਾਈਚਾਰਕ ਸਾਂਝ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ , ਜੋ ਆਏ ਦਿਨ ਵਧਾ ਰਹੇ ਹਨ।ਉਨ੍ਹਾਂ ਦੱਸਿਆ ਕਿ ਲਹਿਰਗਾਗੇ ਰਹਿੰਦਿਆਂ ਉਨ੍ਹਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਗਾਗੇ ਦੀ ਮੁਖੀ ਦੀ ਜਿੰਮੇਵਾਰੀ ਦੇ ਦਿੱਤੀ ਜਿਹੜੀ ਉਨ੍ਹਾਂ ਪੂਰੀ ਸੁਹਿਰਦਤਾ ਨਾਲ ਨਿਭਾਈ ।

ਮਾਨਸਿਕ ਸਮੱਸਿਆਵਾਂ ਤੇ ਰਹੱਸਮਈ ਘਟਨਾਵਾਂ ਤੋਂ ਪੀੜਿਤ ਬਹੁਤ ਸਾਰੇ ਪਰਿਵਾਰਾਂ ਨੂੰ ਰਾਹਤ ਦਵਾਈ। 2020 ਵਿੱਚ ਸੰਗਰੂਰ ਆਉਣ ਤੋਂ ਥੋੜੇ ਸਮੇਂ ਬਾਅਦ ਸਾਥੀਆਂ ਨੇ ਉਨ੍ਹਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਕਨਵੀਨਰ ਤੇ ਬਾਅਦ ਵਿੱਚ ਸੰਗਰੂਰ ਇਕਾਈ ਦੇ ਜਥੇਬੰਦਕ ਮੁਖੀ ਦੀ ਜਿੰਮੇਵਾਰੀ ਸੋਂਪ ਦਿੱਤੀ ਗਈ । ਉਨ੍ਹਾਂ ਨੇ ਇਹ ਜਿੰਮੇਵਾਰੀ ਬਾਖੂਬੀ ਨਿਭਾਈ ਤੇ ਤਰਕਸ਼ੀਲ ਸੁਸਾਇਟੀ ਦੇ ਪ੍ਰਚਾਰ ਪ੍ਰਸਾਰ ਲਈ ਅਣਥੱਕ ਕੰਮ ਕੀਤਾ।ਉਨ੍ਹਾਂ ਦੀ ਤਰਕਸ਼ੀਲ ਸੁਸਾਇਟੀ ਪ੍ਰਤੀ ਪ੍ਰਤੀਬੱਧਤਾ ਤੇ ਸੁਹਿਰਦਤਾ ਨੂੰ ਦੇਖਦਿਆਂ ਪਿਛਲੇ ਸਾਲ ਉਨ੍ਹਾਂ ਨੂੰ ਜ਼ੋਨ ਜਥੇਬੰਦਕ ਮੁਖੀ ਦੀ ਜਿੰਮੇਵਾਰੀ ਦੇ ਦਿੱਤੀ ਗਈ।ਇਹ ਜਿੰਮੇਵਾਰੀ ਉਹ ਲਗਨ,ਹਿੰਮਤ ਤੇ ਈਮਾਨਦਾਰੀ ਨਾਲ ਨਿਭਾ ਰਹੇ ਹਨ।ਲੋਕਾਂ ਨੂੰ ਸੁਨੇਹਾ ਦੇਣ ਬਾਰੇ ਪੁਛਣ ਤੇ ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ , ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਹੋਕਾ ਦਿੰਦੇ ਹਨ,ਕਿਉਂਕਿ ਵਿਗਿਆਨਕ ਜਾਗਰੂਕਤਾ ਵਕਤ ਦੀ ਮੁਖ ਲੋੜ ਹੈ।ਕਿਸੇ ਵੀ ਸੁਣੀ ਗਲ/ਘਟਨਾ ਨੂੰ ਅੱਖਾਂ ਬੰਦ ਕਰਕੇ ਨਾ ਸਵੀਕਾਰ ਕੇ ਤਰਕ ਦੀ ਕਸਵੱਟੀ ਤੇ ਪਰਖਿਆ ਜਾਵੇ।ਉਹ ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ,ਆਪਸੀ ਪ੍ਰੇਮ- ਪਿਆਰ,ਸਹਿਯੋਗ ,ਨਿਡਰਤਾ ਤੇ ਭਾਈਚਾਰਕ ਸਾਂਝ ਵਧਦੀ ਦੇਖਣ ਦੇ ਚਾਹਵਾਨ ਹਨ।

ਰਿਪੋਰਟਰ
ਰਮੇਸ਼ਵਰ ਸਿੰਘ ਪਟਿਆਲਾ
9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਪਾਦਕ ਜੀ ਨੂੰ ਚਿੱਠੀ
Next articleਔਰਤ ਦੂਜਾ ਰੱਬ…..