ਨੇਤਾ ਜੀ ਅਸੀਂ ਭਿਖਾਰੀ ਨਹੀਂ,ਇਨਕਲਾਬੀ ਹਾਂ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਪੰਜਾਬ ਵਿੱਚ ਜਦੋਂ ਦੀ ਚੋਣਾਂ ਦੀ ਬਿੜਕ ਪਈ ਹੈ,ਰਾਜਨੀਤਕ ਪਾਰਟੀਆਂ ਨੇ ਆਪਣੀਆਂ ਬੰਸਰੀਆਂ ਬਾਜੇ ਚੁੱਕ ਲਏ ਹਨ।ਭੁੱਲ ਗਏ ਇਕ ਸਾਲ ਤੋਂ ਸਾਡੇ ਵੋਟਰ ਦਿੱਲੀ ਵਿੱਚ ਬੈਠੇ ਹਨ।ਕਿਸਾਨਾਂ ਨੇ ਮੋਰਚਾ ਜਿੱਤਣ ਲਈ ਨੇਤਾਵਾਂ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤਾ ਇਸ ਕਾਰਨ ਉਨ੍ਹਾਂ ਨੂੰ ਪੂਰਨ ਰੂਪ ਵਿਚ ਭੁੱਲ ਗਏ।ਜਦੋਂ ਪ੍ਰਧਾਨ ਮੰਤਰੀ ਜੀ ਨੇ ਤਿੱਨ ਖੇਤੀ ਸਬੰਧੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੇਤਾ,ਆਪਣੀ ਬੰਸਰੀ ਲੈ ਕੇ ਰਾਗ ਅਲਾਪਣ ਲੱਗੇ ਅਸੀਂ ਇਹ ਕਿਹਾ ਸੀ ਅਸੀਂ ਉਹ ਕਿਹਾ ਸੀ,ਏਸੇ ਲਈ ਖੇਤੀ ਕਾਨੂੰਨ ਵਾਪਸ ਹੋਏ ਹਨ,ਪੰਜਾਬ ਕੀ ਸਾਰੀ ਦੁਨੀਆਂ ਜਾਣਦੀ ਹੈ ਕਿ ਕਿਸਾਨ ਮਜ਼ਦੂਰ ਏਕਤਾ ਨੇ ਜਿੱਤ ਪ੍ਰਾਪਤ ਕੀਤੀ ਹੈ।ਕਿਸਾਨ ਮੋਰਚੇ ਨੇ ਪੰਜਾਬੀ ਭੈਣਾਂ ਭਰਾਵਾਂ ਨੂੰ ਪੂਰਨ ਰੂਪ ਵਿੱਚ ਜਗਾ ਦਿੱਤਾ ਹੈ ਸਾਨੂੰ ਪਤਾ ਹੈ ਕਿ ਚੋਣਾਂ ਨੇੜੇ ਹਨ।ਜਨੀਤਕ ਪਾਰਟੀਆਂ ਨੇ ਤਿੰਨ ਕੁ ਦਹਾਕਿਆਂ ਤੋਂ ਸਾਨੂੰ ਬੁਰਕੀਆਂ ਦੀ ਭੀਖ ਦੇਣ ਦਾ ਨਵਾਂ ਤਰੀਕਾ ਚਾਲੂ ਕੀਤਾ ਹੋਇਆ ਹੈ ਸਬਸਿਡੀਆਂ ਗਰਾਂਟਾਂ ਪਰ ਸਾਡੇ ਹਾਲਾਤ ਦਿਨੋ ਦਿਨ ਥੱਲੇ ਹੁੰਦੇ ਜਾ ਰਹੇ ਹਨ।

ਪਰ ਰਾਜਨੀਤਕ ਪਾਰਟੀਆਂ ਨੇ ਆਪਣਾ ਬਿਗਲ ਵਜਾ ਦਿੱਤਾ ਵੱਖ ਵੱਖ ਤਰੀਕੇ ਇਹੋ ਜਿਹੇ ਹੀ ਹਨ ਜੋ ਸਾਲਾਂ ਤੋਂ ਭੀਖ ਰੂਪੀ ਚਲਦੇ ਆ ਰਹੇ ਹਨ। ਆਟਾ ਦਾਲ,ਕਿਸਾਨਾਂ ਦੀ ਕਰਜ਼ਾ ਮੁਆਫੀ, ਪੈਨਸ਼ਨਾਂ ਵਧਾਉਣਾ,ਵਿਦਿਆਰਥੀਆਂ ਲਈ ਮੁਫ਼ਤ ਮੋਬਾਇਲ ਫੋਨ ਇਹ ਕੀ ਹੋ ਰਿਹਾ ਹੈ ?ਕੀ ਪੰਜਾਬੀ ਕੌਮ ਦੀ ਜ਼ਮੀਰ ਐਨੀ ਮਰ ਗਈ ? ਮੇਰੀ ਪਾਰਟੀ ਆਟਾ ਮੁੱਫਤ ਦੇਊ,ਮੇਰੀ ਪਾਰਟੀ ਬਿਜਲੀ ਮੁਫਤ ਦੇਊ,ਮੇਰੀ ਪਾਰਟੀ ਮੁਫ਼ਤ ਬੱਸਾਂ ‘ਚ ਸਫਰ ਕਰਾਊ,ਮੇਰੀ ਪਾਰਟੀ ਬਕਾਏ ਮਾਫ ਕਰਦੂ,ਮੇਰੀ ਪਾਰਟੀ ਮੁੱਫਤ ਤੀਰਥ ਯਾਤਰਾ ਕਰਾਊ,ਮੈਂ ਹਰੇਕ ਔਰਤ ਨੂੰ ਮੁਫ਼ਤ ਪੈਸੇ ਦੇਉ!ਮੈਂ ਤੁਹਾਡੀਆਂ ਕੁੜੀਆਂ ਦੇ ਵਿਆਹ ਤੇ ਮੁਫਤ ਸ਼ਗਨ ਦੇਉ। ਪੰਜਾਬ ਵਿੱਚ ਰਾਜ ਕਰਦੀ ਪਾਰਟੀ ਨੇ ਕੁਝ ਲੁਭਾਊ ਸ਼ੋਸ਼ੇ ਛੱਡੇ ਵੀ ਹਨ।ਜ਼ਰੂਰਤ ਹੈ ਸਿਹਤ,ਸਿੱਖਿਆ ਸਰਵਿਸ ਨੌਕਰੀਆਂ ਦੀ ਕੁਝ ਨਹੀਂ ਬਸ ਜਲਦੀ ਵਿਚਾਰਾਂਗੇ।

ਪੰਜਾਬੀਓ ਜਰਾ ਗੌਰ ਕਰੋ, ਅਸੀਂ ਕੀ ਸੁਣ ਰਹੇ ਹਾਂ, ਆਪਣੀ ਜ਼ਮੀਰ ਦੀ ਆਵਾਜ਼ ਸੁਣੋ, ਆਪਣਾ ਇਤਿਹਾਸ ਪੜ੍ਹੋ,ਪੂਰੇ ਦੇਸ਼ ਦਾ ਢਿੱਡ ਭਰਨ ਵਾਲੀ ਇਸ ਪੰਜਾਬੀ ਕੌਮ ਨੂੰ ਇਹ ਲੋਕ ਮੰਗਤੇ ਹੋਣ ਦਾ ਅਹਿਸਾਸ ਕਰਾ ਰਹੇ ਹਨ। ਕਿਸੇ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਲੈਕੇ ਆਉਂ ? ਕਿਸੇ ਰਾਜਨੀਤਕ ਪਾਰਟੀ ਨੇ ਕਿਹਾ ਕਿ ਮੈਂ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਾਂਗਾ ? ਕਿਸੇ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਪੂਰੀਆਂ ਕਰਾਂਗਾ ? ਕਿਸੇ ਨੇ ਕਿਹਾ ਕਿ ਮੈਂ ਪੰਜਾਬ ਦੀ ਹਰ ਤਹਿਸੀਲ ਵਿੱਚ ਉਦਯੋਗਿਕ ਸਿਖਲਾਈ ਸੰਸਥਾ (ਆਈ ਟੀ ਆਈ) ਖੋਲ੍ਹਾਂਗਾ ? ਕਿਸੇ ਨੇ ਕਿਹਾ ਕਿ ਬੇਰੁਜ਼ਗਾਰੀ ਤੋਂ ਤੰਗ ਆਈ ਜਵਾਨੀ ਜੋ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ,ਉਸ ਲਈ ਰੁਜ਼ਗਾਰ ਪੈਦਾ ਕਰਾਂਗਾ ?

ਕਿਸੇ ਰਾਜਨੀਤਕ ਪਾਰਟੀ ਨੇ ਕਿਹਾ ਹੈ,ਕਿ ਹਨੇਰੇ ਭਵਿੱਖ ਦੀ ਚਿੰਤਾ ਵਿੱਚ ਵਿਦੇਸ਼ਾਂ ਨੂੰ ਜਾ ਰਹੀ ਜਵਾਨੀ ਦਾ ਭਵਿੱਖ ਰੌਸ਼ਨ ਕਰਨ ਲਈ ਮੇਰੀ ਪਾਰਟੀ ਕੰਮ ਕਰੇਗੀ ? ਕਿਸੇ ਨੇ ਹਾਮੀਂ ਭਰੀ ਹੈ ਕਿ ਹੁਣ ਤੁਹਾਡੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦਿੱਲੀ ਜਾਂ ਹੋਰ ਰਾਜਾਂ ਵਿੱਚ ਜਾਣਾ ਨਹੀਂ ਪਵੇਗਾ।ਸਾਡੀ ਪਾਰਟੀ ਪੰਜਾਬ ਵਿੱਚ ਪਹਿਲੀ ਤੋਂ ਲੈ ਕੇ ਹਰ ਇਕ ਉੱਚ ਪੱਧਰ ਦੀ ਪੜ੍ਹਾਈ ਸਾਇੰਸ ਡਾਕਟਰੀ ਜਾਂ ਕੋਈ ਵੀ ਹੈ, ਕਰਵਾਉਣ ਦਾ ਪੱਕਾ ਪ੍ਰਬੰਧ ਕਰੇਗੀ। ਪੰਜਾਬ ਦੇ ਵਿਉਪਾਰ ਨੂੰ ਪ੍ਰਫੁਲਿਤ ਕੀਤਾ ਜਾਵੇਗਾ, ਹਰ ਰੂਪ ਵਿੱਚ ਪੰਜਾਬ ਦੇ ਕਿਸਾਨ ਨੂੰ ਆਤਮ ਨਿਰਭਰ ਕਰਨ ਦਾ ਪੱਕਾ ਆਧਾਰ ਸਥਾਪਤ ਕੀਤਾ ਜਾਵੇਗਾ।ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਇੰਨਾ ਮਜ਼ਬੂਤ ਕਰਾਂਗਾ ਕਿ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹੇਗਾ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਪੰਜਾਬ ਵਿਚ ਔਰਤ ਵਰਗ +18 ਨੌੰ ਇੱਕ ਹਜਾਰ ਰੁਪਿਆ ਮਹੀਨਾ ਭੱਤਾ ਦੇਣ ਦਾ ਰਾਗ ਅਲਾਪਿਆ ਜਾ ਰਿਹਾ ਹੈ।

ਮੇਰੀ ਜਾਣਕਾਰੀ ਅਨੁਸਾਰ ਵੀਹ ਸੌ ਗਿਆਰਾਂ ਦੀ ਮਰਦਮ ਸ਼ੁਮਾਰੀ ਅਨੁਸਾਰ ਇੱਕ ਲੱਖ ਤੋਂ ਉਪਰ ਹੈ। ਇਸ ਵਰਗ ਦੀਆਂ,ਸਿੱਧਾ ਜਿਹਾ ਹਿਸਾਬ ਹੈ ਹਰ ਸਾਲ 13,500 ਕਰੋੜ ਦਾ ਵਿੱਤੀ ਬੋਝ ਪਵੇਗਾ। ਪੰਜਾਬ ਦਾ ਸਲਾਨਾ ਜੀਐੱਸਟੀ ਰੈਵੀਨਿਊ 11,800 ਕਰੋੜ ਹੈ।ਪੰਜਾਬ ਸਿਰ ਲੰਮੇ ਸਮੇਂ ਤੋਂ 2,82000 ਕਰੋੜ ਕਰਜ਼ਾ ਹੈ।ਜਿਸ ਦਾ ਸਿਰਫ਼ ਵਿਆਜ ਮੁਸ਼ਕਿਲ ਨਾਲ ਮੋਡ਼ਿਆ ਜਾ ਰਿਹਾ ਹੈ।ਲੁਭਾਊ ਰੂਪ ਵਿਚ ਬਿਜਲੀ ਸੰਬੰਧੀ ਦਿੱਤੀਆਂ ਛੋਟਾਂ ਦੇ ਬਿਲ ਸਰਕਾਰ ਵੱਲੋਂ ਨਹੀਂ ਭਰੇ ਜਾ ਰਹੇ,ਪਾਵਰ ਕਾਰਪੋਰੇਸ਼ਨ ਕੋਲ ਬਿਜਲੀ ਦੇ ਪ੍ਰਬੰਧ ਸਧਾਰਨੇ ਤਾਂ ਦੂਰ ਦੀ ਗੱਲ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਦੇਣ ਲਈ ਪੈਸੇ ਨਹੀਂ ਹਨ। ਇਹੋ ਜਿਹੇ ਲੁਭਾਊ ਮੰਤਰ ਪੰਜਾਬ ਦਾ ਵਿੱਤੀ ਸੰਕਟ ਦੂਰ ਨਹੀਂ ਕਰਨਗੇ ਉਲਝਾ ਦੇਣਗੇ।ਅੱਜ ਜ਼ਰੂਰੀ ਹੈ ਖੇਤੀ ਪ੍ਰਬੰਧ ਨੂੰ ਸੁਧਾਰਨਾ ਨਵੇਂ ਉਦਯੋਗ ਪੈਦਾ ਕਰਨਾ ਜਿਸ ਨਾਲ ਜਨਤਾ ਨੂੰ ਨੌਕਰੀ ਮਿਲੇਗੀ,ਅਜਿਹੀਆਂ ਛੋਟੀਆਂ ਵੱਡੀਆਂ ਬੁਰਕੀਆਂ ਦੀ ਜ਼ਰੂਰਤ ਨਹੀਂ ਰਹੇਗੀ।

ਹੋਸ਼ ਕਰੋ ਪੰਜਾਬੀਓ, ਅੱਜ ਸਹੀ ਸਮੇਂ ਤੇ ਸੰਭਲ ਜਾਵੋ, ਇਹਨਾਂ ਨੂੰ ਸੁਆਲ ਕਰੋ। ਸਧਾਰਨ ਵਿਅਕਤੀ ਨੂੰ ਕੋਈ ਫ਼ਰਕ ਨਹੀਂ ਕਿ ਸਰਕਾਰ ਕਿਸੇ ਵੀ ਰਾਜਨੀਤਕ ਪਾਰਟੀ ਦੀ ਆ ਜਾਵੇ,ਜੇਕਰ ਲੁੱਟੇ ਹੀ ਜਾਣਾ ਹੈ ਤੇ ਕੁੱਟ ਹੀ ਖਾਣੀ ਹੈ ਫੇਰ ਕੋਈ ਫਰਕ ਨਹੀਂ,ਡਾਕੂ ਹਿੰਦੂ ਹੈ ਕਿ ਸਿੱਖ ਹੈ ਕਿ ਮੁਸਲਮਾਨ ਹੈ। ਸਾਨੂੰ ਉਹ ਸਰਕਾਰ ਚਾਹੀਦੀ ਹੈ ਜੋ ਸਾਡੀ ਮਿਹਨਤ ਦਾ ਸਹੀ ਮੁੱਲ ਪਾਵੇ, ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਵੇ, ਰੁਜ਼ਗਾਰ ਮੁਹੱਈਆ ਕਰਾਵੇ , ਸਿਹਤ ਸੇਵਾਵਾਂ ਦੇਵੇ, ਫੇਰ ਅਸੀਂ ਸਾਰਾ ਕੁੱਝ ਮੁੱਲ ਲਵਾਂਗੇ, ਕੁੱਝ ਨੀ ਮੁਫਤ ਮੰਗਦੇ।ਪਿਛਲੀਆਂ ਕੁਝ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਉਥੋਂ ਦੇ ਵੋਟਰਾਂ ਨੇ ਨਵੇਂ ਰੰਗ ਵਿਖਾਏ ਹਨ।ਜਿਸ ਨੂੰ ਵੇਖ ਕੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੇ ਇੰਜਰ ਪਿੰਜਰ ਢਿੱਲੇ ਪੈ ਚੁੱਕੇ ਹਨ।

ਪੰਜਾਬ ਦੇ ਮੁੱਦੇ ਨੂੰ ਕੋਈ ਵੀ ਪਾਰਟੀ ਵਿਚਾਰ ਨਹੀਂ ਰਹੀ,ਘਟੀਆ ਸੋਚ ਨਾਲ ਇੱਕ ਦੂਜੇ ਤੋਂ ਵਧ ਕੇ ਸਾਡੇ ਮੂੰਹ ਦਾ ਨਾਪ ਲੈ ਰਹੇ ਹਨ ਕਿ ਕਿਹੜੀ ਬੁਰਕੀ ਠੀਕ ਰਹੇਗੀ ਦਾ ਰਾਗ ਅਲਾਪ ਰਹੇ ਹਨ ਕਿ ਵੋਟਰ ਸਾਡੇ ਬਣ ਜਾਣ।ਪਰ ਕਿਸਾਨੀ ਮੋਰਚੇ ਨੇ ਲੋਕਾਂ ਦੀ ਸੋਚ ਨੂੰ ਬਹੁਤ ਤਿੱਖਾ ਕਰ ਦਿੱਤਾ ਹੈ,ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਬੋਲਣ ਤਾਂ ਕੀ ਖੰਘਣ ਵੀ ਨਹੀਂ ਦਿੰਦੇ।ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਦਾ ਰੰਗ ਲਾਲਗੀ ਹੋਵੇਗਾ।ਇਸ ਵਾਰ ਸੋਚ ਨੇਤਾਵਾਂ ਦੀ ਨਹੀਂ ਵੋਟਰਾਂ ਦੇ ਕੰਮ ਕਰੇਗੀ।

ਸਿਆਸੀ ਪਾਰਟੀਆਂ ਤੇ ਫਿਰਕੂ ਤਾਕਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਵਿੱਖ ਲਈ ਲੋਕਤੰਤਰਿਕ ਢੰਗ ਨਾਲ ਮਰਿਆਦਾ ‘ਚ ਰਹਿ ਕੇ ਬਾ-ਤਹਿਜ਼ੀਬ ਸਵਾਲ ਕਰਨ ਦਾ ਸਹੀ ਸਮਾਂ ਹੈ।ਪੰਜਾਬ ਦੇ ਮੁੱਖ ਵੋਟਰ ਕਿਸਾਨ ਤੇ ਮਜ਼ਦੂਰ ਦਿੱਲੀ ਵਿਚ ਧਰਨਾ ਲਗਾ ਕੇ ਬੈਠੇ ਹਨ ਇਕ ਸਾਲ ਹੋ ਗਿਆ ਕਿਸੇ ਰਾਜਨੀਤਕ ਪਾਰਟੀ ਨੂੰ ਵਿਖਾਈ ਨਹੀਂ ਦਿੱਤਾ।ਇਹ ਸਾਡੇ ਕਿਸਾਨ ਸੰਘਰਸ਼ ਦੇ ਯੋਧਿਆਂ ਦੀ ਉੱਚੀ ਸੋਚ ਸੀ,ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਨਾਲ ਜੋੜਿਆ ਨਹੀਂ।ਪਰ ਰਾਜਨੀਤਕ ਪਾਰਟੀਆਂ ਵਿੱਚ ਵੀ ਕਿਸਾਨ ਤੇ ਮਜ਼ਦੂਰ ਹਨ ਉਹ ਸੰਘਰਸ਼ ਵਿਚ ਜਾ ਕੇ ਕਿਉਂ ਨਹੀਂ ਬੈਠੇ।ਰਾਜਨੀਤਕ ਨੇਤਾਵਾਂ ਦੇ ਜ਼ਰੂਰਤ ਤੋਂ ਬਿਨਾਂ ਸਾਡੀ ਆਮ ਜਨਤਾ ਨੇ ਕਿਸਾਨ ਸੰਘਰਸ਼ ਜਿੱਤ ਦੇ ਰਸਤੇ ਪਾ ਲਿਆ ਹੈ।ਇਕ ਸਾਲ ਤੋਂ ਸਾਡੀਆਂ ਰਾਜਨੀਤਕ ਪਾਰਟੀਆਂ ਦਾ ਪਾਇਆ ਹੋਇਆ ਬਖੇੜਾ ਜਾਤ ਪਾਤ ਰਾਜਨੀਤਕ ਪਾਰਟੀਆਂ ਦਾ ਰੰਗ ਤੇ ਧਰਮਾਂ ਨੂੰ ਭੁੱਲ ਕੇ ਸਾਡੇ ਪੰਜਾਬੀ ਵੀਰਾਂ ਭੈਣਾਂ ਨੇ ਅਜਿਹਾ ਇਨਕਲਾਬ ਦਾ ਰਸਤਾ ਵਿਖਾਇਆ ਪੂਰੇ ਭਾਰਤ ਦੇ ਮਜ਼ਦੂਰ ਤੇ ਕਿਸਾਨ ਨਾਲ ਆ ਜੁੜੇ।

ਲੱਖਾਂ ਕਰੋੜਾਂ ਕਿਸਾਨ ਸੰਘਰਸ਼ ਵਿਚ ਬੈਠੇ ਲੋਕਾਂ ਨੂੰ ਰਾਜਨੀਤਕ ਪਾਰਟੀਆਂ ਦੀ ਭੀਖ ਦੀ ਜ਼ਰੂਰਤ ਨਹੀਂ ਪਈ,ਫਿਰ ਜਦੋਂ ਅਸੀਂ ਮੋਰਚਾ ਫਤਿਹ ਕਰ ਕੇ ਘਰ ਆ ਜਾਵਾਂਗੇ ਸਾਨੂੰ ਰਾਜਨੀਤਕ ਪਾਰਟੀਆਂ ਦੀ ਭੀਖ ਦੀ ਕੀ ਜ਼ਰੂਰਤ ਹੈ। ਰਾਜਨੀਤਕ ਪਾਰਟੀਆਂ ਦੀ ਗ਼ਲਤ ਨੀਤੀ ਨਾਲ ਸੱਤ ਦਹਾਕਿਆਂ ਤੋਂ ਅਸੀਂ ਹਰ ਵਰਗ ਦੇ ਲੋਕ ਦੁੱਖ ਭੋਗ ਰਹੇ ਹਾਂ,ਲੰਮੇ ਸਮੇਂ ਤੋਂ ਸਾਡੇ ਮਜ਼ਦੂਰ ਕਿਸਾਨ ਵਿਉਪਾਰੀ ਤੇ ਨੌਕਰੀਸ਼ੁਦਾ ਲੋਕ ਆਪਣੀਆਂ ਮੰਗਾਂ ਲਈ ਧਰਨੇ ਲਗਾਉਂਦੇ ਆਏ ਹਨ।ਰਾਜ ਕਰਦੀਆਂ ਰਾਜਨੀਤਕ ਪਾਰਟੀਆਂ ਬੁਰਕੀ ਦੇ ਕੇ ਵੋਟਰਾਂ ਨੂੰ ਖ਼ਰੀਦ ਲੈਂਦੀਆਂ ਸੀ ਤੇ ਮਸਲੇ ਧਰੇ ਧਰਾਏ ਤੇ ਆਪਣੀ ਕੁਰਸੀ ਦੀ ਸ਼ੋਭਾ ਵਧਾਉਣੀ ਨੇਤਾਵਾਂ ਦਾ ਮੁੱਖ ਮੁੱਦਾ ਹੈ।ਪੰਜਾਬੀਓ ਭੈਣੋ ਤੇ ਵੀਰੋ ਉੱਠੋ ਰਾਜਨੀਤਕ ਪਾਰਟੀਆਂ ਸਿਰਫ਼ ਰਾਜ ਕਰਦੀਆਂ ਹਨ,ਜਨਤਾ ਬਾਰੇ ਕਦੇ ਕੁਝ ਨਹੀਂ ਸੋਚਦੀਆਂ।ਤਿੱਨ ਚਾਰ ਦਹਾਕਿਆਂ ਤੋਂ ਸਬਸਿਡੀਆਂ ਗਰਾਟਾਂ ਮੁਫ਼ਤ ਆਟਾ ਦਾਲ ਜਿਹੀਆਂ ਸਕੀਮਾਂ ਨੇ ਸਾਨੂੰ ਹੀਜੜੇ ਬਣਾ ਦਿੱਤਾ ਹੈ।

ਅੱਜ ਜ਼ਰੂਰਤ ਹੈ ਆਪਾਂ ਸਾਰੇ ਮਿਲ ਕੇ ਆਪਣੇ ਨੇਤਾਵਾਂ ਦੀ ਚੋਣ ਕਰੀਏ।ਇਨਕਲਾਬ ਦੀ ਮਸ਼ਾਲ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਦਿੱਲੀ ਵਿਚ ਚਾਲੂ ਕਰ ਲਈ ਹੈ।ਸਾਰੇ ਇਕੱਠੇ ਉਸ ਮਿਸਾਲ ਨੂੰ ਆਪਣੇ ਹੱਥ ਵਿੱਚ ਫੜੋ,ਰਾਜਨੀਤਕ ਪਾਰਟੀਆਂ ਦੀ ਕੋਈ ਜ਼ਰੂਰਤ ਨਹੀਂ।ਰਾਜਨੀਤਕ ਪਾਰਟੀਆਂ ਨੂੰ ਆਪਣੇ ਮੂਹਰੇ ਲਗਾ ਲਵੋ ਦੱਸੋ ਸਾਨੂੰ ਤੁਹਾਡੀ ਪਰੋਸੀ ਹੋਈ ਖਾਣੇ ਦੀ ਥਾਲੀ ਅਤੇ ਨਸ਼ੇ ਨਹੀਂ ਚਾਹੀਦੇ।ਆਪਣੀ ਵੋਟ ਤੋਂ ਵੱਧ ਨੇਤਾਵਾਂ ਨੂੰ ਪਹਿਚਾਣੋ,ਵੋਟ ਰਾਜਨੀਤਕ ਪਾਰਟੀ ਨੂੰ ਨਹੀਂ ਉਮੀਦਵਾਰ ਨੂੰ ਵੇਖ ਕੇ ਪਾਓ।ਆਪਾਂ ਨੇ ਦਿੱਲੀ ਦਾ ਮੋਰਚਾ ਮਿਲ ਜੁਲ ਕੇ ਜਿੱਤਿਆ ਹੈ ਫੇਰ ਆਉਣ ਵਾਲੀ ਸਰਕਾਰ ਆਪਾਂ ਆਪਣੀ ਮਰਜ਼ੀ ਨਾਲ ਕਿਉਂ ਨਹੀਂ ਬਣਾ ਸਕਦੇ ? ਆਪਣੀ ਸੋਚ ਨੂੰ ਇਨਕਲਾਬੀ ਰੰਗ ਚੜ੍ਹਾਓ ਤੇ ਚੋਣ ਦੇ ਮੈਦਾਨ ਵਿੱਚ ਆਓ।ਰਾਜਨੀਤਕ ਪਾਰਟੀਆਂ ਦੇ ਨੇਤਾ ਠੂਠਾ ਲੈ ਕੇ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਣਗੇ।ਇਸ ਵਾਰ ਵੋਟ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਚਾਣੋ ਹਰ ਇਨਸਾਨ ਇੱਕ ਨੇਤਾ ਹੈ।ਆਪਾਂ ਭਿਖਾਰੀ ਕਿਉਂ ਬਣੀਏ ਇਨਕਲਾਬੀ ਮਸ਼ਾਲ ਲੈ ਕੇ ਉੱਠੋ,ਤਾਂ ਹੀ ਆਉਣ ਵਾਲੀਆਂ ਚੋਣਾਂ ਵਿਚ ਸਾਡਾ ਭਵਿੱਖ ਰੌਸ਼ਨ ਹੋਵੇਗਾ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਸੰਘਰਸ਼ ਦਾ ਇਕ ਸਾਲ ਇਨਕਲਾਬ ਦੇ ਰਾਹ
Next articleਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ :- ਸਿਮਰਨਜੀਤ ਕੌਰ ਸਿਮਰ