(ਸਮਾਜ ਵੀਕਲੀ)
ਨਿਰੰਜਨ ਦਾਸ ਭਗਤ ਫ਼ੁੱਟਬਾਲ ਦਾ ਤੇਜ਼-ਤਰਾਰ ਖਿਡਾਰੀ ਹੋਇਐ, ਜੋ ਸਕੂਲਾਂ, ਕਾਲਜ਼ਾਂ, ਯੂਨੀਵਰਸਿਟੀ ਅਤੇ ਜੇ ਸੀ ਟੀ ਤੋਂ ਬਾਅਦ ਪ੍ਰਸਿੱਧ ਕਲੱਬ ਲੀਡਰ ਵਲੋਂ ਖੇਡਿਆ। ਗਰੀਬ ਪਰਿਵਾਰ `ਚ ਪੈਦਾ ਹੋ ਕੇ ਫ਼ੁੱਟਬਾਲ ਵਿਚ ਅਮੀਰੀ ਖੱਟੀ।ਇਲਾਕੇ ਦੇ ਖਿਡਾਰੀਆਂ ਦਾ ਹਮੇਸ਼ਾਂ ਉਹ ਚਾਨਣ ਮੁਨਾਰਾ ਰਿਹਾ।ਮੁੱਢਲੀ ਪੜ੍ਹਾਈ ਪਿੰਡੋਂ ਅਤੇ ਦਸਵੀਂ ਸੀਨੀਅਰ ਸੈਕੰਡਰੀ ਸਕੂਲ ਬੰਗਾ ਤੋਂ ਕੀਤੀ। ਖੇਡ ਵੀ ਬਰਾਬਰ ਚਲਦੀ ਰੱਖੀ।
ਪਿੰਡ ਦੇ ਸੀਨੀਅਰ ਖਿਡਾਰੀਆਂ ਨੂੰ ਖੇਡਦੇ ਵੇਖ ਅੱਗੇ ਤੋਂ ਅੱਗੇ ਖੇਡਦਾ ਗਿਆ ਤੇ ਗੇਂਮ ਨਿਖਰਦੀ ਗਈ।ਦਸਵੀਂ ਕਲਾਸ ਪੜ੍ਹਦਾ ਉਹ ਵਧੀਆ ਖਿਡਾਰੀਆਂ `ਚ ਗਿਣਿਆਂ ਜਾਣ ਲੱਗਾ। ਚੰਗੀ ਗੇਂਮ ਵੇਖ ਐਸ ਐਨ ਕਾਲਜ਼ ਬੰਗਾ ਵਾਲੇ ਲੈ ਗਏ।ਚਾਰ ਸਾਲ ਬੰਗਾ ਕਾਲਜ਼ ਵਲੋਂ ਖੇਡ ਕੇ ਕਾਲਜ਼ ਦਾ ਮਾਣ ਵਿੱਚ ਵਾਧਾ ਕੀਤਾ।ਉਹ ਕਦੇ ਲੈਫ਼ਟ-ਹਾਫ਼ ਅਤੇ ਕਦੇ ਰਾਈਟ-ਹਾਫ਼ ਖੇਡਦਾ।ਗੋਰਾ ਨਿਛੋਹ ਰੰਗ, ਬਿੱਲੀਆਂ ਅੱਖਾਂ, ਬਣਦਾ ਫ਼ਬਦਾ ਗੱਭਰੂ ਨਿਰੰਜਨ 1968-69 ਵਿੱਚ ਪੰਜਾਬ ਯੂਨੀਵਰਸਿਟੀ ਵਲੋਂ ਆਲ-ਇੰਡੀਆਂ ਇੰਟਰ-ਵਰਸਿਟੀ ਅਲੀਗੜ੍ਹ ਖੇਡਣ ਗਿਆ।ਅਲੀਗੜ੍ਹ ਤੋਂ ਬਾਅਦ ਉਜੈਨ (ਮੱਧ ਪ੍ਰਦੇਸ਼)ਖੇਡਣ ਦਾ ਸਬੱਬ ਬਣਿਆਂ।
ਮੁਕਾਬਲਿਆਂ ਉਥੇ ਨਾਰਥ,ਸਾਓੂਥ,ਈਸਟ, ਵੈਸਟ ਚਾਰੇ ਟੀਂਮਾਂ ਨੇ ਚੈਪੀਂਅਨਸ਼ਿਪ ਖੇਡੀ। ਓੁਲੰਪੀਂਅਨ ਸ. ਜਰਨੈਲ ਸਿੰਘ ਪਨਾਮ ਟੀਂਮ ਦੇ ਮੁੱਖ ਕੋਚ ਸਨ।ਉਥੋਂ ਮੁੱਖ ਮਹਿਮਾਨ ਵੀ ਸ. ਜਰਨੈਲ ਸਿੰਘ ਹੀ ਸਨ।ਉਸ ਚੈਪੀਂਅਨਸ਼ਿਪ ਵਿੱਚੋਂ ਉਨ੍ਹਾਂ ਦੀ ਟੀਂਮ ਸੈਕਿੰਡ ਰਹੀ।ਨਿਰੰਜਨ ਤੋਂ ਇਲਾਵਾ ਗੁਰਦੇਵ ਸਿੰਘ ਗਿੱਲ,ਜੋਗਿੰਦਰ ਝੁੱਟੀ,ਹਰਜਿੰਦਰ,ਮਨਜੀਤ ਸਿੰਘ ਖਰੜ-ਅਚਰਵਾਲ ਸਾਥੀ ਖਿਡਾਰੀ ਸਨ।ਨਿਰੰਜਨ ਨੇ ਦੱਸਿਆ ਮਨਜੀਤ ਭਾਰਤ ਦਾ ਬੜਾ ਤਕੜਾ ਖਿਡਾਰੀ ਸੀ।ਸੰਨ 1967 `ਚ ਬੰਗਲੌਰ ਉਹ ਤੇ ਮਨਜੀਤ `ਕੱਠੇ ਖੇਡੇ।ਮਨਜੀਤ ਦੀ ਜ਼ਬਰਦਸਤ ਖੇਡ ਸਦਕਾ ਲੀਡਰ ਕਲੱਬ,ਪੰਜਾਬ ਪੁਲਿਸ,ਈਸਟ ਬੰਗਾਲ(ਮੋਹਣ ਬਗ਼ਾਨ) ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਹਿਕਮਿਆਂ ਵਾਲੇ ਸਾਰੇ ਡਿਮਾਂਡ ਕਰਦੇ ਸਨ।ਅਫ਼ਸੋਸ,ਮਨਜੀਤ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
1969-70 `ਚ ਨਿਰੰਜਨ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ਼ ਚਲੇ ਗਿਆ।1971-72 `ਚ ਵਧੀਆ ਗੇਂਮ ਦੇ ਸਿਰ ਤੇ ਉਹ ਜੇ ਸੀ ਟੀ ਫ਼ਗਵਾੜਾ ਜਾ ਪਹੁੰਚਿਆ।ਜੇ ਸੀ ਟੀ ਤੋਂ ਫਿਰ ਉਸ ਨੂੰ ਲੀਡਰ ਕਲੱਬ ਵਾਲੇ ਲੈ ਗਏ।ਲੀਡਰ ਕਲੱਬ ਵਾਲਿਆਂ ਦਾ ਸਾਰੇ ਭਾਰਤ ਵਿੱਚ ਪਿੱਤਲ ਦਾ ਵੱਡਾ ਕਾਰੋਬਾਰ ਸੀ।ਉਨ੍ਹਾਂ ਦੇ ਸਮੁੰਦਰੀ ਜ਼ਹਾਜ਼ ਚਲਦੇ ਸਨ।ਡੇਅਰੀ-ਫ਼ਾਰਮ ਸੀ, ਜਿਥੋਂ ਖਿਡਾਰੀਆਂ ਨੂੰ ਰੋਜ਼ਾਨਾਂ ਖਾਣ ਲਈ ਅੰਡੇ ਅਤੇ ਦੁੱਧ ਬਗੈਰਾ ਮਿਲਦਾ।ਇਕ ਸਾਲ ਉਥੇ ਖੇਡਣ ਤੋਂ ਬਾਅਦ ਅਗਲੇ ਸਾਲ ਉਹ ਡੀ ਪੀ ਈ ਡਿਪਲੋਮਾ ਕਰਨ ਪਟਿਆਲੇ ਚਲਾ ਗਿਆ।ਡਿਪਲੋਮਾ ਕਰਦੇ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭੇ ਟੂਰਨਾਂਮੈਂਟ ਖੇਡਣ ਦਾ ਮੌਕਾ ਮਿਲਿਆ ਤੇ ਉਸ ਦੀ ਖੇਡ ਦੇ ਦੀਵਾਨੇਂ ਕਮੇਟੀ ਵਾਲਿਆਂ `ਬੈਸਟ ਖਿਡਾਰੀ ਦਾ ਖਿਤਾਬ` ਦੇ ਕੇ ਮਾਣ ਦਿਤਾ।
ਉਚਕੋਟੀ ਦੇ ਖਿਡਾਰੀ ਦੇ ਨਾਲ ਨਾਲ ਉਹ ਉਚੀਸੁਰ ਤੇ ਸਰੀਲੀ ਅਵਾਜ਼ ਦਾ ਧਨੀ ਵੀ ਸੀ।ਉਹਦਾ ਪਿੰਡ ਇਨਕਲਾਬੀ ਲਹਿਰ ਦਾ ਕੇਂਦਰ ਸੀ ,ਕਦੇ।ਜਿਥੇ ਭਾਈ ਗੁਰਸ਼ਰਨ ਸਿੰਘ ਅਤੇ ਦੋਆਬਾ ਕਲਾ ਮੰਚ ਮੰਗੂਵਾਲ ਵਲੋਂ ਸਾਰੀ ਸਾਰੀ ਰਾਤ ਨਾਟਕ ਅਤੇ ਇਨਕਲਾਬੀ ਲਹਿਰ ਦੇ ਗੀਤ, ਕਵਿਤਾਵਾਂ ਤੇ ਗਰੀਬ, ਮਜ਼ਦੂਰਾਂ, ਕਿਰਤੀ, ਕਾਮਿਆਂ ਦੀ ਲੁੱਟ-ਖਸੁਟ ਵਿਰੁਧ ਸੰਘਰਸੀ ਡਰਾਮੇਂ ਚਲਦੇ ਰਹਿੰਦੇ।ਉਹ ਇਨ੍ਹਾਂ ਪ੍ਰੋਗਰਾਮਾਂ `ਚ ਗੀਤਾਂ ਰਾਹੀਂ ਆਪਣੀਂ ਹਾਜ਼ਰੀ ਭਰਦਾ।ਉਹ ਸੰਤ ਰਾਮ ਉਦਾਸੀ ਅਤੇ ਜੈਮਲ ਪੱਡੇ ਦੇ ਬਰਾਬਰ ਦਾ ਇਨਕਲਾਬੀ ਗਾਇਕ ਸੀ।ਜਦੋਂ ਕਿਤੇ ਜੈਮਲ ਪੱਡੇ ਨੂੰ ਪ੍ਰੋਗਰਾਮ ਵਾਸਤੇ ਕਹਿਣ ਜਾਣਾ ਤਾਂ ਉਹਦਾ ਜਵਾਬ ਹੁੰਦਾ, ਨਿਰੰਜਨ ਦਾਸ ਤੁਹਾਡੇ ਕੋਲ ਹੈ ,ਮੇਰੀ ਕੀ ਲੋੜ ਐ ਉਥੇ?
ਉਹ ਜਦੋਂ ਐਮ ਪੀ ਐਡ ਪਟਿਆਲੇ ਕਰਨ ਗਿਆ ਤਾਂ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਵੀ ਉਹਦੇ ਨਾਲ ਹੀ ਐਮ ਪੀ ਐਡ ਕੀਤੀ।ਸਟੇਜ਼ਾਂ `ਤੇ ਉਹਦਾ ਗੁਰਦਾਸ ਮਾਨ ਨਾਲ ਫ਼ਸਵਾਂ ਮੁਕਾਬਲਾ ਚਲਦਾ।ਗੁਰਦਾਸ ਮਾਨ ਆਸ਼ਕੀ ਮਾਸ਼ੂਕੀ ਦੇ ਗਾਣੇਂ ਗਾਓੁਂਦਾ ਜਦ ਕਿ ਨਿਰੰਜਨ ਇਨਕਲਾਬੀ ਅਤੇ ਦੇਸ਼ ਭਗਤੀ ਦੇ ਗੀਤ ਗਾਉਂਦਾ।ਫ਼ਾਈਨਲ ਵਿੱਚ `ਕੱਠੇ ਪੜ੍ਹੇ ਅਤੇ ਸਟੇਜ਼ਾਂ `ਤੇ `ਕੱਠੇ ਗਾਉਦੇਂ ਰਹੇ ਕਰਕੇ ਅੱਜ ਵੀ ਜੇ ਕਿਤੇ ਗੁਰਦਾਸ ਮਾਨ ਮਿਲ ਪਵੇ ਤਾਂ ਬੜੇ ਨਿੱਘ ਤੇ ਨਿਮਰਤਾ ਨਾਲ ਹੱਥ ਜੋੜ ਕੇ ਮਿਲਦੈ।ਬੰਗੀਂ ਗੁਲਾਮੀਂ ਸ਼ਾਹ ਦੀ ਜਗ੍ਹਾ `ਤੇ ਪ੍ਰੋਗਰਾਮ ਕਰਨ ਆਏ ਗੁਰਦਾਸ ਮਾਨ ਦੀ ਇਕ ਵਾਰ ਦੂਰੋਂ ਅਚਾਨਕ ਨਜ਼ਰੀਂ ਪੈ ਗਿਆ।ਸਾਰੇ ਲੋਕਾਂ ਵਿੱਚੀਂ ਹੁੰਦਾ ਹੋਇਆ ਗੁਰਦਾਸ ਮਾਨ ਬੜੇ ਪਿਆਰ ਨਾਲ ਜਾ ਕੇ ਨਿਰੰਜਨ ਨੂੰ ਮਿਲਿਆ।
ਨਿਰੰਜਨ ਦੀ ਗੇਂਮ ਕਰਕੇ ਪੰਜਾਬ ਪੁਲਿਸ ਵਲੋਂ ਨੌਕਰੀ ਦੀ ਪੇਸ਼ਕਸ਼ ਹੋਈ ਸੀ ਪਰ ਬਹੁਤੀ ਤਰੱਕੀ ਨਾ ਮਿਲਦੀ ਵੇਖ ਉਸ ਨੇ ਨਾਂਹ ਕਰ ਦਿਤੀ ਸੀ।ਫਿਰ ਉਹ ਐਮ ਪੀ ਐਡ ਕਰਕੇ ਡੀ ਪੀ ਈ ਲੱਗ ਗਿਆ ਸੀ।ਮਹਾਲੋਂ ਵਾਲਾ ਮਨਦੀਪ ਸਿੰਘ ਵੀਰੀ੍ਹ, ਹੈਡਮਾਸਟਰ ਗਿਆਨ ਸਿੰਘ ਜੱਬੋਵਾਲ ਤੇ ਕਾਹਮੇਂ ਵਾਲਾ ਬਿਹਾਰੀ ਉਹ ਦੇ ਵਧੀਆ ਮਿੱਤਰ ਖਿਡਾਰੀ ਸਨ।ਪਿੰਡਾਂ ਦੇ ਖੇਡ ਮੇਲਿਆਂ `ਚ `ਕੱਠੇ ਖੇਡਦੇ।
ਪੰਜਾਬ ਦਾ ਹਰ ਤਕੜਾ ਖਿਡਾਰੀ ਨਿਰੰਜਨ ਨਾਲ ਖੇਡਿਆ।ਫ਼ਲਾਣੇਂ ਫ਼ਲਾਣੇਂ ਖਿਡਾਰੀ ਉਹਨੇਂ ਨਾਂ ਦੱਸਣ ਤੋਂ ਗੁਰੇਜ਼ ਕਰਦੇ ਕਿਹਾ ਕਿ ਗਰਾਂਓੂਂਡ ਤੋਂ ਬਾਹਰ ਬੈਠੇ ਹੁੰਦੇ ਸਨ ਜਦਕਿ ਉਹ ਟੀਂਮ ਦਾ ਖਿਡਾਰੀ ਹੁੰਦਾ ਸੀ।ਉਹਦੀ ਖੇਡ ਜੀਵਨ ਵਿੱਚ ਗਰੀਬੀ ਤੇ ਨਕਸਲਵਾੜੀ ਦਾ ਠੱਪਾ ਲੱਗਣ ਕਰਕੇ ਉਹ `ਅਰਜਨ ਐਵਾਰਡੀ ਖਿਤਾਬ` ਖੁਣੋਂ ਵਾਂਝਾ ਰਹਿ ਗਿਐ।
1979 ਵਿੱਚ ਉਹਨੇਂ ਜੱਬੋਵਾਲ ਦੇ ਗੁਆਂਢੀ ਪਿੰਡ ਭੀਣ ਦੇ ਹਾਈ ਸਕੂਲ ਵਿਖੇ ਸਰੀਰਕ ਸਿਖਿਆ ਵਿਭਾਗ ਵਿੱਚ ਡੀ ਪੀ ਈ ਦੀ ਨੌਕਰੀ ਕੀਤੀ।ਜਦੋਂ ਮੈਂ (ਲੇਖਕ) ਕਦੇ ਪਿੰਡੋਂ ਸਾਇਕਲ `ਤੇ ਨਵਾਂ-ਸ਼ਹਿਰ ਨੂੰ ਜਾਣਾ ਤਾਂ ਡੀ ਪੀ ਈ ਸਾਹਿਬ ਨੇ ਮੂਹਰਿਓੁਂ ਫ਼ਸਲਾਂ ਵਿੱਚੀ ਉਚੀ ੳਚੀ ਅਵਾਜ਼ ਵਿੱਚ ਗੀਤ ਗਾਉਂਦੇ ਨੇ ਆਉਂਦੇ ਹੋਣਾ।ਕਾਲੇ ਰੰਗ ਦੀ ਦਸਤਾਰ ਸਜਾਈ ਤੇਜ਼ੀ ਤੇਜ਼ੀ ਸਾਇਕਲ `ਤੇ ਪੈਡਲ ਮਾਰਦੇ ਕੋਲ ਆ ਕੇ ਕਹਿਣਾ, ਕਿਦਾਂ ਛੋਟੇ ਚੱਲ ਪਿਆ,ਹੋਰ ਸਭ ਠੀਕ ਠਾਕ? ਭੀਣ ਤੋਂ ਬਾਅਦ ਉਹਨੇਂ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਨੌਕਰੀ ਜਾ ਸੰਭਾਲੀ।1991 ‘ਚ ਜੁਆਇਨ ਕਰਕੇ 2006 ਵਿੱਚ 28 ਸਾਲਾਂ ਬਾਅਦ ਰਿਟਾਇਰ ਹੋਇਆ। ਜਿਸ ਬੰਗਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਓੁਹਨੇਂ ਕਦੇ ਦਸਵੀਂ ਪਾਸ ਕੀਤੀ ਸੀ, ਹੁਣ ਓੁਸੇ ਹਾਈ ਸਕੂਲ ਤੋਂ ਲੈਕਚਰਾਰ ਪ੍ਰਮੋਟ ਹੋ ਕੇ ਸੇਵਾ ਮੁੱਕਤ ਹੋਇਆ ਸੀ।
ਆਪ ਦੇ ਪਤਨੀਂ ਮੈਡਮ ਕਮਲਜੀਤ ਕੌਰ ਅਧਿਆਪਕਾ ਰਹੇ ਨੇ।ਇਕ ਬੇਟਾ ਤੇ ਬੇਟੀ, ਦੋਵੇਂ ਬੱਚੇ ਖਿਡਾਰੀ ਰਹਿ ਚੁੱਕੇ ਹਨ।ਫ਼ੁੱਟਬਾਲ ਦਾ ਹੋਣਹਾਰ ਖਿਡਾਰੀ ਬੇਟਾ ਮਨਜੀਤ ਸਿੰਘ ਜੁਗਨੂੰ ਅੰਡਰ-14 ਮੇਘਾਲਿਆ,ਅੰਡਰ-17 ਬੰਗਾਲ,ਦੋ ਵਾਰ ਇੰਟਰ-ਕਾਲਜ਼,ਤਿੰਨ ਨੈਸ਼ਨਲ ,ਯੂਨੀਵਰਸਿਟੀ ਅਤੇ ਆਲ-ਇੰਡੀਆ ਇੰਟਰ-ਯੂਨੀਵਰਸਿਟੀ ਲਾਇਲਪੁਰ ਖਾਲਸਾ ਕਾਲਜ਼ ਜਲੰਧਰ ਅਤੇ ਜਿਲ੍ਹਾ ਚੈਪੀਂਅਨਸ਼ਿਪ ਖੇਡ ਚੁੱਕੈ।ਸਪੋਰਟਸ ਵਿੰਗ ਮਾਹਿਲਪੁਰ ਤੋਂ +2 ਦੀ ਪੜ੍ਹਾਈ ਕੀਤੀ ਅਤੇ ਫ਼ੁੱਟਬਾਲ ਖੇਡਿਆ।ਬੇਟੀ ਰੁਪਿੰਦਰ ਕੌਰ ਸੋਨੂੰ ਸਕੂਲਾਂ `ਚ ਪੰਜਾਬ ਯੂਨੀਵਰਸਿਟੀ ਦੀ ਸੌ ਮੀਟਰ ਅਤੇ ਚਾਰ ਸੌ ਮੀਟਰ ਦੀ ਅਥਲ਼ੀਟ ਰਹਿ ਚੁੱਕੀ ਹੈ।ਪਿਤਾ ਦੇ ਨਕਸ਼ੇ ਕਦਮਾਂ `ਤੇ ਚਲਦਿਆਂ ਬੇਟੀ ਵਧੀਆ ਗਾਓੁਂਣ ਦੀ ਮੁਹਾਰਤ ਰੱਖਦੀ ਸੀ।ਬੇਟੀ, ਬੇਟਾ ਦੋਵੇਂ ਟਰਾਂਟੋਂ ਰਹਿੰਦੇ ਹਨ।
ਮੈਂ ਟਰਾਂਟੋਂ ਕਿਸੇ ਵਿਆਹ-ਸਮਾਗਮ `ਤੇ ਗਿਆ ਓੁਹਦੇ ਘਰ ਜਾ ਕੇ ਮਿਲਿਆ ਸਾਂ।ਮੇਰੇ ਵੱਡੇ ਵੀਰ ਹੈਡਮਾਸਟਰ ਗਿਆਨ ਸਿੰਘ ਨਾਲ ਖੇਡਦਾ ਰਿਹਾ ਹੋਣ ਕਰਕੇ ਮੈਂ ਓੁਹਦੀ ਬੜੀ ਇਜ਼ਤ ਕਰਦਾ ਸੀ।ਟਰਾਂਟੋਂ ਦਾ ਪਿਸਟੂ ਸਟੂਡੀਓੁ ਗੁਰਸ਼ਿੰਦਰ ਸ਼ਿੰਦਾ ਵੀ ਮੇਰੇ ਨਾਲ ਸੀ।ਕਈ ਘੰਟੇ ਅਸੀਂ ਓੁਹਦੇ ਘਰ ਬੈਠੇ ਗੱਲਾਂ-ਬਾਤਾਂ ਕਰਦੇ ਰਹੇ।ਓੁਹ ਉਸ ਦਿਨ ਕਿਸੇ ਗੁਰੂ-ਘਰ ਦੀ ਸਟੇਜ਼ ਤੋਂ ਕੋਈ ਧਾਰਮਿਕ ਕਵਿਤਾ ਬੋਲ ਕੇ ਆਇਆ ਸੀ।ਸੇਹਿਤ ਕਾਫ਼ੀ ਕਮਜ਼ੋਰ ਸੀ।ਪੁਰਾਣੇਂ ਖਿਡਾਰੀਆਂ ਦੀ ਗੱਲਾਂ ਚਲਦੀਆਂ ਰਹੀਆਂ।ਵੱਡੇ ਵੀਰ ਨਾਲ ਨਵੇਂ-ਸ਼ਹਿਰ ਦੀ ਗਰਾਂਓੂਂਡ ਵਿੱਚ ਹੋਏ ਫ਼ਸਵੇਂ ਮੈਚ ਦੀਆਂ ਗੱਲਾਂ ਕਰਦਾ ਰਿਹਾ।ਓੁਹਨੂੰ ਵੇਖ ਮਨ ਦੁੱਖੀ ਹੋਇਆ।ਸੇਹਿਤ ਪਹਿਲਾਂ ਵਾਲੀ ਨਹੀਂ ਸੀ।ਕੁਝ ਕੁ ਮਹੀਨਿਆਂ ਬਾਅਦ ਓੁਹਦੀ ਮੌਤ ਬਾਰੇ ਸੁਣ ਕੇ ਮਨ ਬੜਾ ਦੁਖੀ ਹੋਇਆ ਜਦੋਂ 5 ਅਕਤੂਬਰ2019 ਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ।ਮੈਡਮ ਕਮਲਜੀਤ ਕੌਰ ਇਸ ਵੇਲੇ ਬੱਚਿਆਂ ਕੋਲ ਕੈਨੇਡਾ ਹਨ।ਘਰ ਪਰਿਵਾਰ ਦੇ ਕੰਮ ਸਾਰੇ ਚੱਲੀ ਜਾਣਗੇ ਪਰ ਘਾਟ ਓੁਹਦੀ ਹਮੇਸ਼ਾਂ ਖਟਕਦੀ ਰਹੇਗੀ।
“ਵੱਡੇ ਖਿਡਾਰੀਆਂ ਨਾਲ ਟੱਕਰ ਲੈ ਬਹਿੰਦੈ।
ਚੜ੍ਹਿਆ ਪਿਤਾ ਨੂੰ ਸਦਾ ਸਰੂਰ ਰਹਿੰਦੈ।
ਪੁੱਤ ਜੁਗਨੂੰ ਹਨੇਰੇ `ਚ ਟਿੰਮ ਟਮਾਓੁਂਣ ਲੱਗਾ।
ਖੇਡ ਮੈਦਾਨਾਂ `ਚ ਗੇਂਮ ਚਮਕਾਓੁਂਣ ਲੱਗਾ।
ਮਾਂ-ਬਾਪ ਦੀ ਆਗਿਆ ਦਾ ਪਾਲਣ ਜੋ ਕਰ ਜਾਂਦੇ।
`ਇਕਬਾਲ ਸਿੰਹਾਂ`ਜਿੰਦਗੀ `ਚ ਬੜਾ ਕੁਝ ਖੱਟ ਜਾਂਦੇ।”
0019173756395, ਨਿਊਯਾਰਕ (ਅਮਰੀਕਾ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly