ਹੱਸਣਾ ਖੇਡਣਾ ਮਨ ਕਾ ਚਾਓ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਔਰਤ ਬੇਸ਼ੱਕ ਜਿੰਨੀ ਮਰਜ਼ੀ ਖੂਬਸੂਰਤ ਹੋਵੇ। ਪਰ ਉਸਦੇ ਮੱਥੇ ਤੇ ਪਈਆਂ ਤਿਉੜੀਆਂ ਅਤੇ ਸੜਿਆ -ਭੁਜਿਆ ਚਿਹਰਾ ਉਸਦੀ ਖ਼ੂਬਸੂਰਤੀ ਉੱਤੇ ਦਾਗ਼ ਬਣ ਜਾਂਦਾ ਹੈ ।ਅਸਲ ਵਿੱਚ ਔਰਤ ਦੀ ਮੁਸਕਰਾਹਟ ਹੀ ਉਸਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ । ਅਕਸਰ ਔਰਤ ਦੇ ਮਨ ਵਿੱਚ ਇਹ ਭਾਵਨਾ ਹੁੰਦੀ ਹੈ, ਕਿ ਮੈਂ ਤਾਂ ਸਭ ਕੁਝ ਏਨਾਂ ਕੁਝ ਕਰਦੀ ਹਾਂ ।ਪਰਿਵਾਰ ਲਈ ਸਾਰਾ ਦਿਨ ਕੰਮ ਕਰਦੀ ਹਾਂ। ਪਰ ਮੇਰੇ ਲਈ ਕੋਈ ਕੁਝ ਨਹੀਂ ਕਰ ਰਿਹਾ । ਦੁਨੀਆਂਦਾਰੀ, ਰਿਸ਼ਤੇਦਾਰੀ ਵੀ ਸਭ ਠੀਕ ਢੰਗ ਨਾਲ ਨਿਪਟਾ ਰਹੀ ਹਾਂ ।ਪਰ ਰਿਸ਼ਤੇਦਾਰਾਂ ਤੋਂ ਸਾਨੂੰ ਕਿਹੜਾ ਮਾਣ ਮਿਲ ਰਿਹਾ ਹੈ? ਹਰ ਕੋਈ ਕਿਵੇਂ ਇੱਕ ਜੜ੍ਹ ਜ਼ਮੀਨ ਸਮਝ ਕੇ ਉਸ ਤੋਂ ਆਪਣਾ ਕੰਮ ਕੱਢ ਰਿਹਾ ਹੈ। ਕਿਸੇ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਉਹ ਵੀ ਮਾਸ ਹੱਡੀਆਂ ਦਾ ਇੱਕ ਜਿਉਂਦਾ ਜਾਗਦਾ ਇਨਸਾਨ ਹੈ ।ਉਸਦੀ ਵੀ ਆਪਣੀ ਸ਼ਕਤੀ ਸਮਰੱਥਾ ਦੀ ਇੱਕ ਸੀਮਾ ਹੈ ।ਉਸ ਦੇ ਵੀ ਆਪਣੇ ਕਈ ਸ਼ੌਕ ਹਨ ।ਕਿਸੇ ਨੂੰ ਵੀ ਇਸ ਗੱਲ ਦਾ ਜ਼ਰਾ ਵੀ ਧਿਆਨ ਨਹੀਂ ਹੈ ।ਹਰ ਕੋਈ ਉਸ ਤੋਂ ਉਮੀਦਾਂ ਲਗਾਈ ਰੱਖਦਾ ਹੈ ।ਪਰਿਵਾਰਕ ਮੈਂਬਰ ਹੋਵੇ ਜਾਂ ਫਿਰ ਗੁਆਂਢੀ ਰਿਸ਼ਤੇਦਾਰ ਹਰ ਕੋਈ ਆਪਣੇ ਢੰਗ ਨਾਲ ਉਸ ਨੂੰ ਇਸਤੇਮਾਲ ਕਰ ਰਿਹਾ ਹੈ ।ਇਹੋ ਜਿਹੀ ਸੋਚ ਉਦਾਸੀ ਦਾ ਇੱਕ ਬਹੁਤ ਵੱਡਾ ਕਾਰਨ ਹੈ ।ਸਭ ਤੋਂ ਪਹਿਲਾਂ ਤਾਂ ਇਹ ਨਕਾਰਾਤਮਿਕ ਸੋਚ ਦਾ ਹੀ ਤਿਆਰ ਕਰਨਾ ਪਵੇਗਾ। ਅਕਸਰ ਔਰਤਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹੀ ਹੁੰਦੀ ਹੈ ਕਿ ਉਹ ਖ਼ੁਦ ਨੂੰ ਬਹੁਤ ਦੁਖੀ ਅਤੇ ਆਪਣੀ ਸਹੇਲੀ ਜਾਂ ਗੁਆਂਢਣ ਨੂੰ ਬਹੁਤ ਹੀ ਸੁਖੀ ਮਹਿਸੂਸ ਕਰਦੀਆਂ ਹਨ। ਜਦਕਿ ਸੱਚਾਈ ਇਹ ਕਿ ਹੈ ਜਿਸ ਸਹੇਲੀ ਗੁਆਂਢਣ ਨੂੰ ਤੁਸੀਂ ਬਹੁਤ ਸੁਖੀ ਸਮਝਦੇ ਹੋ । ਇਕੱਲੇਪਣ ਵਿੱਚ ਕਦੇ ਉਸਦਾ ਦਿਲ ਫਰੋਲੋ  ਤਾਂ ਕਹਿਣ ਸੁਣਨ ਨੂੰ ਉਸ ਕੋਲ ਵੀ ਬਹੁਤ ਕੁਝ ਹੁੰਦਾ ਹੈ। ਉਹ ਵੀ ਆਪਣੇ ਪਤੀ ,ਬੱਚਿਆਂ, ਦਿਉਰ- ਦਿਉਰਾਣੀ, ਜਾਂ ਫਿਰ ਨਨਾਣ  ਜਾਂ ਸੱਸ -ਸਹੁਰੇ ਦੇ ਵਰਤਾਓ ਤੋਂ ਅਕਸਰ ਦੁਖੀ ਹੁੰਦੀ ਹੈ। ਉਸ ਕੋਲ ਵੀ ਆਪਣੀ ਦੁੱਖ ਭਰੀ ਕਹਾਣੀ ਸੁਣਾਉਣ ਲਈ ਲੰਬੀਆਂ- ਲੰਮੀਆਂ ਕੁਝ ਆਪ- ਬੀਤੀਆਂ ਕੁਝ ਜੱਗ -ਬੀਤੀਆਂ ਕਹਾਣੀਆਂ ਹੁੰਦੀਆਂ ਹਨ। ਜੀਵਨ- ਸ਼ੈਲੀ ਵਿੱਚ ਤਬਦੀਲੀ ਇਹੋ ਜਿਹੀ ਸੋਚ ਤੋਂ ਛੁਟਕਾਰਾ ਦਿਵਾਉਣ ਵਾਲੀ ਹੁੰਦੀ ਹੈ। ਵੱਡਿਆਂ ਦਾ ਖਿੜੇ ਮੱਥੇ ਸਤਿਕਾਰ ਅਤੇ ਛੋਟੇ ਨਾਲ ਪਿਆਰ ਵੀ ਤੁਹਾਨੂੰ ਹੋਰ ਖ਼ੂਬਸੂਰਤ ਬਣਾਵੇਗਾ ।ਇਸ ਤੋਂ ਇਲਾਵਾ ਤੁਹਾਡੇ ਬੋਲ -ਚਾਲ ਦਾ ਤਰੀਕਾ ਵੀ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ  ਲਾਉਂਦਾ ਹੈ। ਇਹ ਨਾ ਹੋਵੇ ਕਿ ਤੁਹਾਡੀ ਵਧੀਆ ਪਰਸਨੈਲਿਟੀ ਵੀ ਹੋਵੇ ।ਪਰ ਜਦ ਤੁਸੀਂ ਬੋਲੋ ਤਾਂ ਸੁਣਨ ਵਾਲਾ ਸੋਚੇ ਕਿ ਇਹ ਖ਼ੂਬਸੂਰਤੀ ਕਿਸ ਕੰਮ ਦੀ ਹੈ, ਜਿਸ ਨੂੰ ਬੋਲਣਾ ਹੀ ਨਹੀਂ ਆਉਂਦਾ ।ਕਦੇ ਵੀ ਕਿਸੇ ਨੂੰ ਜਿਆਦਾ ਉੱਚੀ ਆਵਾਜ਼ ਅਤੇ ਰੁਖੇਪਣ ਵਿੱਚ ਨਾ ਬੋਲੋ ।ਹਮੇਸ਼ਾ ਹੌਲੀ -ਹੌਲੀ ਚਿਹਰੇ ਤੇ ਥੋੜੀ ਮੁਸਕਰਾਹਟ ਲਿਆ ਕੇ ਗੱਲ ਕਰੋ, ਤਾਂ ਕਿ ਸਾਹਮਣੇ ਵਾਲਾ ਤੁਹਾਡੇ ਤੋਂ ਜ਼ਰੂਰ ਪ੍ਰਭਾਵਿਤ ਹੋਵੇ। ਸੋ ਔਰਤ ਦੀ ਅਸਲੀ ਖ਼ੂਬਸੂਰਤੀ ਅਸੀਂ ਚਾਲ- ਢਾਲ ਅਤੇ ਬੋਲ- ਚਾਲ ਤੋਂ ਪਛਾਣੀ ਜਾਂਦੀ ਹੈ। ਤੁਹਾਡੀ ਖ਼ੂਬਸੂਰਤੀ ਹੈ ਕਿ ਹਲਕੀ ਮੁਸਕਰਾਹਟ ਨਾਲ ਸਵਾਗਤ ਕਰੋ। ਫਿਰ ਤੁਹਾਡਾ ਪਤੀ ਵੀ ਖੁਸ਼ ਹੋਵੇਗਾ ਤੇ ਉਸਦੀ ਸਾਰੇ ਦਿਨ ਦੀ ਥਕਾਵਟ ਤੇ ਪਰੇਸ਼ਾਨੀ ਤੁਹਾਡੀ ਨਮਸਕਾਰ ਨਾਲ ਦੂਰ ਹੋ ਜਾਵੇਗੀ ।ਇਹ ਇਹੋ ਜਿਹਾ ਨਾ ਹੋਵੇ ਕਿ ਤੁਸੀਂ ਕਿਤੇ ਹੱਸਣਾ ਤੇ ਮੁਸਕਰਾਉਣਾ ਹੀ ਭੁੱਲ ਜਾਵੋ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਕਿਤਾਬਾਂ ?*
Next articleਫੁੱਟਬਾਲ ਟੂਰਨਾਮੈਂਟ ਸਿੱਖ ਨੈਸ਼ਨਲ ਕਾਲਜ ਬੰਗਾ 5 ਦਸੰਬਰ ਤੋਂ 10 ਦਸੰਬਰ ਤੱਕ।