(ਸਮਾਜ ਵੀਕਲੀ)
ਚਲ ਮਨਾ ਕਿਤੇ ਕੱਲੇ ਬਹਿ ਕੇ
ਅੰਦਰ ਝਾਤੀ ਮਾਰ ਲਈਏ
ਬੀਤੇ ਸਾਲ ਦਾ ਲੇਖਾ ਜੋਖਾ
ਸੁਰਤ ਦੇ ਵਿੱਚ ਉਤਾਰ ਲਈਏ
ਕੀ ਖੱਟਿਆ ਤੇ ਕੀ ਗਵਾਇਆ
ਉਸ ਤੇ ਕਰ ਵਿਚਾਰ ਲਈਏ
ਜਿੰਦਗੀ ਦੇ ਜੋ ਪਲ਼ ਬਚੇ ਨੇ
ਕਰ ਨਾ ਕਿਤੇ ਖੁਆਰ ਲਈਏ
ਗੁਣ ਔਗੁਣ ਦੇਖੇ ਲੋਕਾਂ ਦੇ
ਹੁਣ ਆਪਣੀ ਵੀ ਸਾਰ ਲਈਏ
ਮਾਣ ਹੰਕਾਰ ਜੋ ਚੱਕੀ ਫਿਰਦੈਂ
ਉਸ ਨੂੰ ਹੁਣ ਕਰ ਬਾਹਰ ਲਈਏ
ਸਬਰ ਸੰਤੋਖ ਤੇ ਨਿਵ ਕੇ ਰਹਿਣਾ
ਅੱਜ ਤੋਂ ਆਪਾਂ ਧਾਰ ਲਈਏ
ਅਣਜਾਣਿਆਂ ਦੀ ਵਾਹ ਵਾਹ ਖਾਤਰ
ਅਪਣੇ ਨਾ ਕਿਤੇ ਵਿਸਾਰ ਲਈਏ
“ਹਮ ਨਹੀ ਚੰਗੇ ਬੁਰਾ ਨਹੀ ਕੋਇ”
ਹੁਣ ਤੋਂ ਕਰ ਇਕਰਾਰ ਲਈਏ
“ਫ਼ੌਜੀਆ” ਤੈਥੋਂ ਸਾਰੇ ਚੰਗੇ
ਚੱਲ ਅਪਣਾ ਆਪ ਸਵਾਰ ਲਈਏ ।
———–
ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ
9501127033