“ਲਾਸਾਨੀ ਬਾਪੂ”

(ਸਮਾਜ ਵੀਕਲੀ)

ਸਿਰ ਉੱਤੇ ਸਿਹਰੇ ਨਾ ਸਜਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ
ਲਾੜੀ ਮੌਤ ਨਾਲ ਪੁੱਤ ਨਾ ਵਿਹਾਏ ਕਿਸੇ ਨੇ,ਬਾਪੂ ਤੇਰੇ ਵਾਂਗਰਾਂ

ਨੌਵੇਂ ਪਾਤਸ਼ਾਹ ਦੇ ਕੋਲ ਆਈ ਅਰਜ਼ ਮਾਸੂਮਾਂ ਦੀ
ਖੁਦ ਹੋ ਗਿਆ ਯਤੀਮ ਲਾਜ ਰੱਖੀ ਮਜ਼ਲੂਮਾਂ ਦੀ
ਕੀਤੇ ਹੋਏ ਕੌਲ ਨਾ ਨਿਭਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ

ਬਾਪੂ ਨੇ ਵਸਾਈ ਪੁਰੀ ਛਡਤੀ ਆਨੰਦ ਦੀ
ਰੱਖੀ ਲਾਜ ਗਊ ਤੇ ਕੁਰਾਨ ਦੀ ਸੋਗੰਧ ਦੀ
ਐਸੇ ਸਤਿਕਾਰ ਨਾ ਦਿਖਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ

ਸਰਸਾ ਦੇ ਕੰਢੇ ਉੱਤੇ ਪੈ ਗਿਆ ਵਿਛੋੜਾ ਏ
ਮਹਿਲ, ਮਾਂ ਤੇ ਲਾਲਾਂ ਦਾ ਵਿਛੜਿਆ ਜੋੜਾ ਏ
ਹਿੱਕੜੀ ਚ ਗਮ ਨਾ ਲੁਕਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ

ਕੱਚੀ ਗੜੀ ਵਿੱਚ ਆਣ ਸੁੱਤੇ ਭੁੱਖੇ ਭਾਣੇ ਸਿੰਘ ਨੇ
ਚੁੰਮ ਚੁੰਮ ਮੱਥੇ ਪਿਆਰ ਕੀਤਾ ਏ ਗੋਬਿੰਦ ਨੇ
ਇੰਝ ਜਖਮਾਂ ਤੇ ਮੱਲਮ ਨਾ ਲਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ

ਗੜੀ ਚਮਕੌਰ ਦੀ ਚੋ ਤੋਰਿਆ ਅਜੀਤ ਨੂੰ
ਆਖਦਾ ਜੁਝਾਰ ਜਾਰੀ ਰੱਖਣਾ ਏ ਰੀਤ ਨੂੰ
ਨਾ ਕੌਮ ਲੇਖੇ ਪੁੱਤ ਇੰਝ ਲਾਏ ਕਿਸੇ ਨੇ,ਬਾਪੂ ਤੇਰੇ ਵਾਂਗਰਾਂ

ਪੁੱਤਾਂ ਦੀਆਂ ਲਾਸ਼ਾਂ ਦੇਖ ਛੱਡਿਆ ਜੈਕਾਰਾ ਏ
ਹਰ ਇੱਕ ਸਿੰਘ ਜਿਹਨੂੰ ਪੁੱਤਰਾਂ ਤੋਂ ਪਿਆਰਾ ਏ
ਲਹੂ ਵਾਲੇ ਭੇਦ ਨਾ ਮਿਟਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ

ਖੋਇਆ ਸਰਬੰਸ ਤਾਂ ਵੀ ਮੁੱਖ ਤੇ ਜਲਾਲ ਏ
ਸ਼ੁਕਰ ਚ ਬੈਠਾ ਮਾਤਾ ਗੁਜਰੀ ਦਾ ਲਾਲ ਏ
ਸਿਰ ਉਤੋਂ ਕਰਜ਼ੇ ਨਾ ਲਹਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ

ਡੇਰਿਆਂ ਤੇ ਜਾ ਕੇ ਭੁੱਲਾ ‘ਗੁਰੂ’ ਨੂੰ ਮੁਸਾਫ਼ਿਰਾ
ਮਿਲਣੀ ਨਾ ਤੈਨੂੰ ਇੰਝ ਢੋਈ ਸੁਣ ਕਾਫ਼ਿਰਾ
ਨਾ ਭਟਕੇ ਹੋਏ ਮੁਕਤ ਕਰਾਏ ਕਿਸੇ ਨੇ, ਬਾਪੂ ਤੇਰੇ ਵਾਂਗਰਾਂ।

 

ਨਰਪਿੰਦਰ ਸਿੰਘ ਮੁਸਾਫ਼ਿਰ

ਖਰੜ

 

Previous articleਬਦਲਾਅ
Next articleਕਵਿਤਾ