ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ 

(ਸਮਾਜ ਵੀਕਲੀ)- ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨਮ ਤੋਂ ਹੀ ਸਮਾਜਿਕ, ਧਾਰਮਿਕ ਪਖੰਡ ਵਾਦ ਖਿਲਾਫ ਐਲਾਨ ਏ ਜੰਗ ਦਾ ਬਿਗੁਲ ਵਜਾ ਦਿੱਤਾ ਸੀ । ਇਹ ਜੰਗ ਸ਼ਬਦ ਨਾਲ ਲੜੀ ਜਾ ਰਹੀ ਸੀ। ਹਰ ਕੁਰੀਤੀ ਨੂੰ ਦੂਰ ਕਰਨ ਲਈ ਵਿਚਾਰ ਚਰਚਾ ਮੁਖ ਰੋਲ ਅਦਾ ਕਰ ਰਹੀ ਸੀ । ਇਸ ਦਾ ਲਾਭ ਪੂਰੇ ਸੰਸਾਰ ਦੇ ਲੋਕਾਂ ਨੂੰ ਮਿਲ ਰਿਹਾ ਸੀ । ਗੁਰੂ ਜੀ ਨਾਲ ਜੋ ਵੀ ਧਾਰਿਮਕ ਜਾ ਵਿਉਪਾਰਕ , ਸਮਾਜਿਕ ਆਗੂ ਸੰਬਾਦ ਰਚਾਉਂਦਾ ਉਹ ਬੜੇ ਸਤਿਕਾਰ ਨਾਲ ਚਰਚਾ ਉਪਰੰਤ ਸੰਤੁਸ਼ਟ ਹੋ ਕੇ ਗੁਰੂ ਜੀ ਦੀ ਵਿਚਾਰਧਾਰਾ ਦਾ ਕਾਇਲ ਹੋ ਜਾਂਦਾ। ਇਹ ਪਰੰਪਰਾ ਲਗਾਤਾਰ ਚਲਦੀ ਹੋਈ ਪੰਜਵੇਂ ਗੁਰੂ ਨਾਨਕ ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੁੱਜ ਚੁੱਕੀ ਸੀ। ਗੁਰੂ ਨਾਨਕ ਜੋਤਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਕਾਰਜਕਾਲ ਦੌਰਾਨ ਸਿੱਖੀ ਦੇ ਪ੍ਰਚਾਰ ਨੂੰ ਸਿਖ਼ਰ ਤੱਕ ਲੈ ਆਏ ਸਨ। ਹਰ ਧਰਮ ਹਿੰਦੂ, ਮੁਸਲਿਮ, ਸਿੱਖ ਸੰਗਤਾਂ ਤੋ ਇਲਾਵਾ ਦੇਸ਼ ਦੇ ਕੋਨੇ ਕੋਨੇ ਵਿਚ ਵਸਦਾ ਮਨੁੱਖ ਚਾਹੇ ਕਿਸੇ ਜਾਤੀ ਨਾਲ ਸਬੰਧਤ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਰਿਹਾ ਸੀ। ਹੁਣ ਤੱਕ ਗੁਰੂ ਅਰਜਨ ਦੇਵ ਜੀ ਸਾਂਝੇ ਖੂਹ , ਸਾਂਝੇ ਤੀਰਥ ਸਥਾਨਾਂ ਦਾ ਨਿਰਮਾਣ ਕਰਵਾ ਚੁੱਕੇ ਸਨ ਜਿਨ੍ਹਾਂ ਵਿੱਚ ਹਰਮੰਦਿਰ ਸਾਹਿਬ, ਤਰਨਤਾਰਨ, ਕਰਤਾਰਪੁਰ ਸਮੇਤ ਹੋਰ ਤੀਬਰ ਸ਼ਾਮਲ ਸਨ ਜਿਥੇ ਆਉਣ ਜਾਣ ਵਾਲਿਆਂ ਨੂੰ ਆਪਣੀ ਜਾਤੀ ਨਹੀਂ ਦੱਸਣੀ ਪੈਂਦੀ ਸੀ ਸਤਿਗੁਰੂ ਸਭ ਨੂੰ ਇਕ ਓਅੰਕਾਰ ਨਾਲ ਜੋੜਦੇ ਹੋਏ ਇਕ ਸਰੀਰ ਇਕ ਜੋਤਿ ਦਾ ਪਾਠ ਪੜ੍ਹਾਉਂਦੇ ਹੋਏ ਇਕ ਪੰਗਤ ਵਿਚ ਪ੍ਰਸ਼ਾਦਾ ਛਕਾ ਰਹੇ ਸਨ ਇਥੇ ਆਮ ਵਿਅਕਤੀ ਤੋਂ ਲੈਕੇ ਅਮੀਰ ਗਰੀਬ ਅਤੇ ਸਾਧ  ਸੰਤ ਫ਼ਕੀਰ ਸਭ ਅਨੰਦ ਲੈ ਕੇ ਪ੍ਰਸ਼ਾਦਾ ਛਕਦੇ ਸਨ। ਇਹ ਗਲ ਪੰਥ ਦੋਖੀਆਂ ਨੂੰ ਹਜ਼ਮ ਨਹੀਂ ਹੋ ਰਹੀ ਸੀ ਇਨ੍ਹਾਂ ਵਿੱਚ ਨਕਲੀ ਗੁਰੂ, ਧਾਰਮਿਕ ਪਖੰਡੀ ਆਗੂ, ਅਤੇ ਕਟੜ ਮੁਸਲਿਮ ਲੋਕ ਸ਼ਾਮਿਲ ਸਨ ਜਿਨ੍ਹਾਂ ਨੇ ਮੌਜੂਦਾ ਹਕੂਮਤ ਦੇ ਬਾਦਸ਼ਾਹ ਜਹਾਂਗੀਰ ਕੋਲ ਚੁੱਗਲੀਆਂ ਕਰਕੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸਨ। ਖੁਦ ਜਹਾਂਗੀਰ ਵੱਲੋਂ ਵੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਨਿਰੰਤਰ ਨਿਗਾਹ ਰੱਖੀ ਜਾ ਰਹੀ ਸੀ ਜਹਾਂਗੀਰ ਨਹੀਂ ਸੀ ਚਾਹੁੰਦਾ ਕਿ ਗੁਰੂ ਅਰਜਨ ਦੇਵ ਜੀ ਲੋਕਾਂ ਨੂੰ ਮਨੁਖਤਾ ਦਾ ਪਾਠ ਪੜਾਉਣ ਅਤੇ ਲੋਕ ਕਲਿਆਣ ਦੇ ਕੰਮ ਕਰਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਉਹ ਗੁਰੂ ਅਰਜਨ ਦੇਵ ਜੀ ਦੇ ਪਾਵਨ ਸਥਾਨ ਨੂੰ ਝੂਠ ਦੀ ਦੁਕਾਨ ਦਸਦਾ ਅਤੇ ਇਹ ਇਲਜਾਮ ਲਗਾਉਂਦਾ ਕਿ ਇਹ ਹਿੰਦੂ ਫ਼ਕੀਰ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਆਪਣੇ ਪਿੱਛੇ ਤੋਰ ਰਿਹਾ ਹੈ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ  ਦੇ ਹਰੇਕ ਕਲਿਆਣਕਾਰੀ  ਕਦਮ ਵਿਚ ਮੁਗਲ ਰਾਜ ਲਈ ਖਤਰਾ ਨਜ਼ਰ ਆ ਰਿਹਾ ਸੀ। ਜਹਾਂਗੀਰ ਦੇ ਅਹਿਲਕਾਰ ਚੰਦੂ ਆਪਣੇ ਹੰਕਾਰ ਨੂੰ ਲੈ ਕੇ ਗੁਰੂ ਅਰਜਨ ਦੇਵ ਜੀ ਨਾਲ ਪਰਿਵਾਰਿਕ ਮਤਭੇਦ ਪੈਦਾ ਕਰੀ ਬੈਠਾ ਸੀ। ਜਹਾਂਗੀਰ ਵੱਲੋਂ ਇਹ ਫਤਵਾ ਸੁਣਾਇਆ ਗਿਆ ਕਿ ਅਰਜਨ ਦੇਵ ਨੂੰ ਉਸ ਦੀਆਂ ਸੰਗਤਾਂ ਵੱਲੋਂ ਜਿਨ੍ਹਾਂ ਚੜਾਵਾ ਚੜਾਇਆ ਜਾਂਦਾ ਹੈ ਉਸ ਵਿਚੋਂ ਕਾਫ਼ੀ ਹਿਸਾ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਇਆ ਜਾਵੇ ਜਿਸ ਦੇ ਉਤਰ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਇਹ ਪੈਸਾ ਸੰਗਤਾਂ ਦਾ ਹੈ ਇਹ ਸੰਗਤਾਂ ਲਈ ਹੀ ਖਰਚਿਆ ਜਾਵੇਗਾ। ਇਹ ਪੈਸਾ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਨਹੀਂ ਕਰਵਾਇਆ ਜਾ ਸਕਦਾ। ਤਾਂ ਮੁਗਲ ਹਾਕਮ ਜਹਾਂਗੀਰ ਵੱਲੋਂ ਸਤਿਗੁਰੂ ਜੀ ਨੂੰ ਤੱਤੀ ਤੱਵੀ ਤੇ ਬਿਠਾ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਜਿਸ ਦੀ  ਤਾਮੀਲ ਕਰਦਿਆਂ ਚੰਦੂ ਵੱਲੋਂ ਲਾਹੌਰ ਵਿਖੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨੰਗੇ ਪਿੰਡੇ ਤੱਤੀ ਤਵੀ ਤੇ ਬਿਠਾ ਕੇ ਲੋਹ ਥੱਲੇ ਅੱਗ ਮਚਾ ਕੇ ਸੀਸ ਵਿਚ ਤੱਤੀ ਰੇਤ ਪਾ ਕੇ ਅਸਹਿ ਅਤੇ ਅਕਿਹ ਕਸ਼ਟ ਦਿੰਦਿਆਂ ਸ਼ਹੀਦ ਕਰ ਦਿੱਤਾ ਕੁਝ ਇਤਿਹਾਸਕ ਕਾਰਾਂ ਮੁਤਾਬਿਕ ਜਦੋਂ ਸੰਗਤਾਂ ਅਤੇ ਸਾਈਂ ਮੀਆਂ ਮੀਰ ਨੂੰ ਮੁਗਲ ਰਾਜ ਦੇ ਜ਼ੁਲਮਾਂ ਦਾ ਪਤਾ ਲਗਿਆ ਤਾਂ ਮੁਗਲ ਹਕੂਮਤ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਨਦੀ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ। ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਸ਼ਹਾਦਤ ਦੇ ਸਫ਼ਰ ਦੀ ਨੀਂਹ ਰੱਖ ਦਿੱਤੀ ਗਈ। ਜੋ ਅੱਜ ਤੱਕ ਨਿਰੰਤਰ ਜਾਰੀ ਹੈ ਅਤੇ ਸਦਾ ਵਾਸਤੇ ਪ੍ਰੇਰਨਾ ਸਰੋਤ ਬਣ ਕੇ ਪੰਥ ਦੀ ਅਗਵਾਈ ਕਰਦੀ ਰਹੇਗੀ।
ਮੁੱਖ ਸੇਵਾਦਾਰ ਸੰਸਥਾ ਸ਼ਬਦ ਗੁਰੂ ਪ੍ਰਚਾਰ ਕੇਂਦਰ (ਰਜਿ) ਪੰਜਾਬ 
ਭਾਈ ਹਰਜਿੰਦਰ ਸਿੰਘ ਮਹਿਤਪੁਰ 
9814601638

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSUNDAY SAMAJ WEEKLY = 02/06/2024
Next articleਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਸਾਥੀਆਂ ਸਮੇਤ ਮਾਤਾ ਭੱਦਰਕਾਲੀ ਮੰਦਰ ਵਿਖੇ ਟੇਕਿਆ ਮੱਥਾ