(ਸਮਾਜ ਵੀਕਲੀ)– ਬਹੁਤ ਹੋ ਗਿਐ ਤਮਾਸ਼ਾ, ਅੱਕ ਗਏ ਹੁਣ , ਕਿੰਨੇ ਕੁ ਸਾਲ ਹੋਰ ਜਮੂਰੇ ਬਣ ਇਸ਼ਾਰਿਆਂ ਤੇ ਨੱਚਦੇ ਰਹਾਂਗੇ ਸਵਾਰਥੀ ਆਕਿਆਂ ਦੇ “। ਸਾਥੀਓ, ਵਕਤ ਹੈ ਆਵਾਮ ਨੂੰ ਸੰਭਾਲਣ ਦਾ ਅਤੇ ਖੁਦ ਸੰਭਲਣ ਦਾ, ਸੰਭਲ਼ ਜਾਵੋ, ਨਹੀਂ ਤਾਂ ਤੁਹਾਡੀ ਪਹਿਚਾਣ, ਤੁਹਾਡਾ ਘਰ-ਬਾਰ, ਤੁਹਾਡਾ ਸੱਭਿਆਚਾਰ, ਤੁਹਾਡੇ ਪਾਣੀ , ਤੁਹਾਡੇ ਦਰਿਆ ਤੇ ਤੁਹਾਡੀ ਆਪਣੀ ਜਨਮ ਭੂਮੀ, ਮਾਂ ਜਿਹੀ ਧਰਤੀ , ਕੁੱਝ ਨਹੀਂ ਛੱਡਣਾ ਅਜ਼ਾਰੇਦਾਰਾਂ ਅਤੇ ਇਹਨਾਂ ਦੇ ਚੌਕੀਦਾਰ ਹਾਕਿਮਾਂ ਨੇ । ਜਦੋਂ ਸਾਡੀ ਜੜ੍ਹ ਹੀ ਨਾ ਰਹੀ ਤਾਂ ਬਿਰਖ ਬਣ ਕੇ ਖੜਾਂਗੇ ਵੀ ਕਿੱਥੇ ? ਸਾਡੀ ਜ਼ਮੀਰ, ਸਾਡੀ ਅਣਖ, ਸਾਡਾ ਇਤਿਹਾਸ ਸਭ ਕੁੱਝ ਫ਼ਨਾਹ ਹੋ ਜਾਵੇਗਾ। ਸਭ ਹਰ ਰੋਜ਼ ਵਿਕੇਗਾ ਮੰਡੀ ਦਾ ਮਾਲ ਬਣ -ਬਣ।ਸਾਡੀਆਂ ਇੱਜਤਾਂ, ਸਾਡੀਆਂ ਆਬਰੂਆਂ, ਪੱਗਾਂ ਦੇ ਸ਼ਮਲੇ ਚੁਰਾਹਿਆਂ ਵਿੱਚ ਰੁਲਣਗੇ। ਤੁਸੀਂ ਕੁੱਝ ਨਹੀਂ ਕਰ ਸਕੋਂਗੇ, ਤੁਹਾਡੇ ਹੱਥ, ਤੁਹਾਡੇ ਅੰਗੂਠੇ ਵੱਡ ਚੁੱਕਣਗੇ ਤਦ ਤੱਕ ਕਾਲੇ ਕਾਨੂੰਨ। ਤੁਸੀਂ ਨਾ ਰੋ ਸਕੋਂਗੇ, ਨਾ ਮਰ ਸਕੋਂਗੇ। ਗੁਲਾਮਾਂ ਦੀ ਔਕਾਤ ਹੀ ਕੀ ਹੁੰਦੀ ਹੈ, ਤੁਹਾਡੇ ਆਪਣੇ ਪੁਰਖ਼ਿਆਂ ਤੋਂ ਪੁੱਛੋ। ਆਪਣੇ ਇਤਿਹਾਸ ਪੜ੍ਹੋ ਤੇ ਸੰਭਾਲ਼ੋ, ਨਸੀਂ ਤਾਂ ਇਹ ਵੀ ਬਦਲ ਦੇਣਗੇ ਹੁਕਮਰਾਨ। ਸੁਣੋ ਉਹਨਾਂ ਤੋਂ ਜਿਹਨਾਂ ਮੁਗ਼ਲ ਹਕੂਮਤਾਂ ਦਾ ਜਬਰ ਹੰਡਾਇਆ ਹੈ। ਅੰਗਰੇਜ਼ ਹਕੂਮਤ ਦੀ ਗੁਲਾਮੀ ਕੀਤੀ ਫਿਰ ਪਿੱਛੋ ਅੰਗਰੇਜਾਂ ਦੇ ਪਿੱਠੂਆਂ ਜਗ਼ੀਰਦਾਰਾਂ ਦੀਆਂ ਵਗ਼ਾਰਾਂ ਕੀਤੀਆਂ। ਆਖਿਰ ਅੱਕ ਕੇ ਗੁਲਾਮੀ ਦੀਆਂ ਬੇੜੀਆਂ ਵੱਡਣ ਲਈ ਅੰਗਿਆਰਿਆਂ ਤੇ ਤੁਰੇ। ਮੁਜ਼ਾਹਰਿਆਂ ਦੇ ਘੋਲ ਲੜੇ, ਤਾਂ ਕਿਤੇ ਜ਼ਮੀਨਾਂ ਦੀ ਮਾਲਕੀ ਹਾਸਿਲ ਕੀਤੀ। ਉਹਨਾਂ ਜਗੀਰਦਾਰਾਂ ਤੇ ਰਿਆਸਤਾਂ ਦੇ ਰਾਜਿਆਂ ਨੂੰ ਅਸੀਂ ਫਿਰ ਆਪਣੇ ਮਾਈ-ਬਾਪ ਬਣਾ ਰਹੇ ਹਾਂ, ਆਪਣੇ ਮੰਤਰੀ, ਮੁੱਖ-ਮੰਤਰੀ ਬਣਾਉਣ ਲਈ ਨਸ਼ਿਆਂ ਤੇ ਵਿਕ ਵੋਟ ਦੇ ਰਹੇ ਹਾਂ, ਸੰਭਲ਼ੋ-ਸੰਭਲ਼ੋ।
ਸਰਕਾਰੀ ਨੀਤੀਆਂ ਬਣਾਉਣ ਵਾਲੇ ਕੌਣ ਹਨ । ਕੌਣ ਲੋਕ ਹਨ ਜੋ ਵਿਧਾਨ ਸਭਾਵਾਂ, ਲੋਕ ਸਭਾ ਦੇ ਮੈਂਬਰ ਬਣਦੇ ਹਨ। ਰਾਜ ਸਭਾ ਵਿੱਚ ਭੇਜੇ ਜਾਂਦੇ ਹਨ।ਆਮ ਲੋਕਾਂ ਦੀ ਆਵਾਜ਼ ਨਹੀਂ ਉਹ, ਉਸ ਸਰਮਾਏਦਾਰਾਂ ਦੇ ਚੌਕੀਦਾਰ ਬਣਦੇ ਹਨ। ਕਾਰਪੋਰੇਟ ਘਰਾਣਿਆਂ ਦੀ ਰਾਖ਼ੀ ਲਈ ਤੱਤਪਰ ਤਿਆਰ ਹਨ। ਗਰੀਬ ਲੋਕਾਂ ਲਈ ਕਣਕ, ਆਟਾ, ਦਾਲ ਚੀਨੀ ਸਰਕਾਰ ਦੇ ਖਾਤੇ ਚੋਂ ਦੇ ਕੇ ਤੁਹਾਡੇ ਤੇ ਹੀ ਅਹਿਸਾਨ ਕਰਦੇ ਹਨ। ਆਮ ਜਨਤਾ ਤੋਂ ਹਰ ਵਸਤੂ ਤੇ ਟੈਕਸ, ਟੈਕਸ ਤੇ ਟੈਕਸ ਲਾ ਕੇ ਇਕੱਠਾ ਕੀਤਾ ਗਿਆ ਧਨ ਆਪਣੇ ਤੇ ਆਪਣੇ ਚੌਧਰੀਆਂ ਦੇ ਪੇਟ ਭਰਨ ਲਈ ਵਰਤਦੇ ਹਨ। ਜਦੋਂ ਜਨਤਾ ਪੂਰੇ ਸਮਾਜ ਲਈ ਰਾਹਤ ਦੀ ਗੱਲ ਕਰਦੀ ਹੈ ਤਾਂ ਖੁਸ਼ਰਿਆਂ ਦੀ ਤਰ੍ਹਾਂ ਤਾਲੀ (ਤਾੜੀ) ਮਾਰ ਕੇ ਖਜ਼ਾਨਾ ਖਾਲੀ ਕਹਿ ਦਿੱਤਾ ਜਾਂਦਾ ਹੈ। ਤੁਸੀਂ ਦੇਖਦੇ ਰਹਿੰਦੇ ਹੋਂ, ਸੁਣਦੇ ਰਹਿੰਦੇ ਹੋਂ , ਬਸ।
ਕਸੂਰ ਸਾਥੀਓ ਇਹ ਰਾਜਨੀਤਕ ਪਾਰਟੀਆਂ, ਖੇਤਰੀ ਦਲਾਂ ਦਾ ਨਹੀਂ, ਬਲਕਿ ਸਾਡਾ ਸਭ ਦਾ ਹੈ। ਅਸੀਂ ਹੀ ਕੌਲੀ ਚੱਟ ਹੋ ਗਏ ਹਾਂ। ਖੁਸ਼ਾਮਿਦਾਂ ਕਰਨ ਦਾ ਜੀਨ ਸਾਡੇ ਖੂਨ ਅੰਦਰ, ਸਾਡੀ ਸੋਚ ਅੰਦਰ ਹੈ। ਨੇਤਾਵਾਂ ਦੇ ਚਮਚੇ ਬਣ ਉਹਨਾਂ ਦੇ ਅੱਗੇ ਲੇਲੜੀਆਂ ਕੱਢਦੇ ਫਿਰਦੇ ਹਾਂ , ਕਿਉਂ ? ਹਰ ਪਿੰਡ ਵੱਲ ਝਾਤੀ ਮਾਰਿਓ, ਸਰਪੰਚ, ਖੜਪੰਚ, ਮੈਂਬਰ ਯਾਣੀ ਹਰ ਧਿਰ ਦਾ ਆਪ ਹੀ ਮੋਢੀ ਬਣਿਆ ਐਮ ਐਲ ਏ ਦੇ ਪਿੱਛੇ ਪਿੱਛੇ ਫਿਰਦਾ ਹੈ। ਐਮ ਐਲ ਏ, ਐਮ ਪੀ ਜਿੱਥੇ ਹੁਕਮ ਕਰਦਾ ਹੈ , ਦਸ ਵੀ ਵੀਹ ਪਿਆਕੜੂਆਂ ਨੂੰ ਨਾਲ਼ ਲੈ ਨਸ਼ੇ ਵੰਡਦੇ ਨਾਲ਼ ਲੈ ਲੈ ਚਲੇ ਜਾਂਦੇ ਹਾਂ, ਕਿਉਂ ? ਸਿਰਫ਼ ਚੌਧਰ ਦੀ ਭੁੱਖ ਲਈ ? ਗਰਾਂਟਾਂ ਦਾ ਪੈਸਾ ਹੜੱਪਣ ਲਈ ? ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ? ਆਪਣੀ ਧੌਂਸ ਬਣਾਈ ਰੱਖਣ ਲਈ, ਆਪਣੀ ਰੋਅਬ ਆਮ ਲੋਕਾਂ ਤੇ ਬਣਾਈ ਰੱਖਣ ਲਈ ? ਯਾਦ ਰੱਖੋ, ਪਾਲਤੂ ਕੁੱਤੇ ਜਦੋਂ ਵੀ ਹਲ਼ਕ ਜਾਂਦੇ ਨੇ ਤਾਂ ਉਹ ਆਪਣਾ ਕੁੱਤਪੁਣਾ ਦਿਖਾ ਹੀ ਜਾਂਦੇ ਨੇ। ਆਪਣਿਆਂ ਨੂੰ ਹੀ ਪਹਿਲਾਂ ਬੁਰਕ ਮਾਰਦੇ ਹਨ।
ਰੁਕ ਜਾਓ ਦੋਸਤੋ, ਕਿਸ ਰਾਹ ਤੇ ਤੁਰ ਪਏ ਹੋਂ ਤੁਸੀਂ ?
ਤੁਹਾਨੂੰ ਪਾਰਟੀਆਂ ਦੇ, ਨੇਤਾਵਾਂ ਦੇ ਪਿੱਛਲੱਗ ਬਣਨ ਦੀ ਜਰੂਰਤ ਨਹੀਂ । ਤੁਸੀਂ ਆਪਣੇ ਕੰਮਾਂ ਵਿੱਚ , ਰੁਝੇਵਿਆਂ ਵਿੱਚ ਰੁੱਝੇ ਰਹੋ, ਖੁਦ ਆਉਣਗੇ ਤੁਹਾਡੇ ਕੋਲ ਸਰਕਾਰੀ ਖਜ਼ਾਨਿਆਂ ਦੇ ਮਾਲਿਕ ਨੇਤਾ। ਤੁਹਾਡੀਆਂ ਮਿੰਨਤਾਂ ਖੁਦ ਕਰਨਗੇ। ਤੁਹਾਡੇ ਕੰਮ ਟੈਲੀਫੋਨ ਦੀ ਇਕ ਰਿੰਗ ਤੇ ਹੋਣਗੇ। ਨਾ ਜਾਵੋ ਪਾਰਟੀਆਂ ਦੇ ਇਕੱਠਾਂ ਵਿੱਚ । ਆਪਣੀ ਸ਼ਕਤੀ ਪਹਿਚਾਣੋ। ਤੁਸੀਂ ਸਰਕਾਰੀ ਤੰਤਰ ਦੀ ਲਗਾਮ ਕਾਨੂੰਨੀ ਢੰਗਾਂ ਨਾਲ ਫੜੋ। ਤੁਹਾਡੇ ਮਸਲੇ ਖੁਦ ਹੀ ਹੱਲ ਹੋਣਗੇ। ਆਪਣਿਆਂ ਨੂੰ ਬਰਬਾਦ ਨਾ ਕਰੋ। ਰਾਜਨੀਤਕ ਸਿੱਖਿਆ ਦਾ ਪ੍ਸਾਰ ਨਿਰਪੱਖ ਹੋ ਕੇ ਕਰੋ। ਲੋਕ ਹਿੱਤਾ ਲਈ ਸੰਘਰਸ਼ ਕਰਦੇ ਰਹੋ। ਸਰਕਾਰੀ ਅੱਤਿਆਚਾਰ ਅੱਗੇ ਗੋਡੇ ਨਾ ਟੇਕੋ।
ਕਿਸਾਨ ਅੰਦੋਲਨ ਨੇ ਸਰਕਾਰਾਂ ਨੂੰ ਸਵਾਲ ਕਰਨ ਦੀ ਸ਼ਕਤੀ ਵਿਖਾ ਕੇ ਜਾਗ੍ਤੀ ਪੈਦਾ ਕੀਤੀ ਹੈ। ਸੱਤਾ ਤੇ ਕਾਬਿਜ਼ ਪਾਰਟੀ ਦੇ ਕਾਰਕੁੰਨਾਂ, ਨੇਤਾਵਾਂ ਤੋਂ ਆਮ ਲੋਕਾਂ ਨੇ ਸਵਾਲ ਪੁੱਛਣ ਦੀ ਹੀਅਯਾ ਕੀਤਾ ਹੈ। ਲੋਕਾਂ ਨੇ ਰਾਜਨੀਤਕ ਦਲਾਂ ਦੇ ਚੌਧਰੀਆਂ ਨੂੰ ਸਵਾਲੀਆ ਨਿਸ਼ਾਨ ਲਾ ਕੇ ਕਟਿਹਰੇ ਵਿੱਚ ਖੜੇ ਕਰ ਲਿਆ ਹੈ। ਹਾਕਿਮਾਂ ਦੇ ਲੱਲੵਏ-ਭੱਬੂਏ ਹੁਣ ਨਹੀਂ ਚੱਲਦੇ। ਜਵਾਬ ਤਲਬੀ ਹੋਣੀ ਵੀ ਚਾਹੀਂਦੀ ਹੈ। ਇਹ ਲੋਕਤੰਤਰ ਲਈ ਸ਼ੁਭ ਸ਼ਗ਼ਨ ਹੈ। ਲੋਕਤੰਤਰ ਦੀ ਸਰੁੱਖਿਆ ਵੀ ਇਸੇ ਵਿੱਚ ਹੈ।
ਇਹੋ ਸਮਾਂ ਹੈ ਜਰੇ ਲੋਹੇ ਦਾ ਹਥਿਆਰ ਬਣ ਜਾਣ ਦਾ, ਆਪਣੀ ਸ਼ਕਤੀ ਨੂੰ ਇਕੱਠਾ ਕਰੋ, ਸਮਝੋ ਤੇ ਟਿਕਾ ਕੇ ਜ਼ੋਰ ਦੀ ਸੱਟ ਮਾਰੋ, ਸ਼ੁੱਧ ਰਹਿ ਜਾਵੇਗਾ ਤੇ ਬੇ-ਕਾਰ , ਨਿਕੰਮੇ ਕਣ ਝੜ ਜਾਣਗੇ। ਆਪਣੀ ਹੋਂਦ ਨੂੰ ਆਪ ਬਚਾਉਣ ਲਈ ਅੱਗ ਦੀਆਂ ਭੱਠੀਆਂ ਵਿੱਚ ਤਪਣਾ ਹੀ ਪੈਣਾ ਹੈ, ਨਹੀਂ ਤਾਂ ਸਭ ਕੁੱਝ ਖਤਮ ਹੋ ਜਾਣੈ।
ਕਿਸਾਨਾਂ ਮਜਦੂਰਾਂ ਨੂੰ ਆਪਣੀ ਧਰਤੀ ਦੀ ਸੁਰੱਖਿਆ ਲਈ ਰਾਜਨੀਤੀ ਦੇ ਦਾਅ-ਪੇਚਾਂ ਨੂੰ ਗਹਿਰਾਈ ਵਿੱਚ ਘੋਖਣਾ ਪੈਣਾ ਹੈ। ਆਰਥਿਕਤਾ ਦੇ ਬਦਲਦੇ ਸਮੀਕਰਨਾਂ ਤੇ ਆਪਣੀ ਨਜ਼ਰ ਰੱਖਦਿਆਂ ਰਾਜਨੀਤੀ ਦੇ ਅਖਾੜੇ ਵਿੱਚ ਆਪਣੇ ਸੰਗਠਨਾਂ ਰਾਹੀਂ ਉਤਰਨਾ ਪੈਣਾ ਹੈ । ਆਪਣੇ ਹਿੱਤਾਂ ਦੀ ਪੈਰਵੀ ਇਕਜੁੱਟ ਹੋ ਕੇ ਕਰਨ ਲਈ ਆਪਣੇ ਜਾਤੀ ਮੱਤਭੇਦ ਭੁਲਾ ਕੇ ਸੱਤਾ ਵਿਚ ਆਉਣ ਲਈ ਹਰ ਕੋਸ਼ਿਸ਼ ਕਰਨੀ ਚਾਹੀਂਦੀ ਹੈ। ਹੁਣ ਰਾਜਨੀਤਿਕ ਪਾਰਟੀਆਂ ਦੇਸ਼ ਸੇਵਾ ਨੂੰ ਸਮੱਰਪਤ ਨਹੀਂ ਰਹੀਆਂ।
ਅਸੀਂ ਪਾਰਟੀਆਂ ਦੁਆਰਾ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਵਿੱਚ ਆਪਣੇ ਇਲਾਕੇ ਦੀ ਪ੍ਰਤੀਨਿੱਧਤਾ ਲਈ ਭੇਜਦੇ ਹਾਂ ।ਅਫ਼ਸੋਸ ਇਹ ਲੋਕ ਜਨਤਾ ਦੇ ਹਿੱਤਾਂ ਲਈ ਕੰਮ ਨਹੀਂ ਕਰਦੇ ਸਗੋਂ ਆਪਣੀ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਲੋਕ ਹੱਕਾਂ ਦਾ ਘਾਣ ਕਰਦੇ ਹਨ। ਰਾਜ ਸੱਤਾ ਦੇ ਵਿੱਚ ਕਿਸ ਤਰ੍ਹਾਂ ਕਾਬਿਜ਼ ਰਹਿਣਾ ਹੈ, ਕਿਸ ਤਰ੍ਹਾਂ ਆਵਾਮ ਨੂੰ ਆਪਣੀ ਪਕੜ ਵਿੱਚ ਰੱਖਣਾ ਹੈ, ਉਸ ਤਰ੍ਹਾਂ ਦੀਆਂ ਨੀਤੀਆਂ ਹੀ ਬਣਾਉਂਦੇ ਤੇ ਜਬਰਦਸਤੀ ਲਾਗੂ ਕਰਦੇ ਹਨ। ਲੋਕਾਂ ਹੱਕਾਂ ਲਈ ਨਹੀਂ ਸਗੋਂ ਸਵੈ ਹਿੱਤਾਂ ਲਈ ਰਸਤੇ ਪੱਧਰ ਕਰਦੇ ਹਨ। ਮਲੰਗ ਬੰਦੇ ਪੁੱਠੇ ਸਿੱਧੇ ਤਰੀਕੇ ਅਪਨਾ ਕੇ, ਲੋਕਾਂ ਦੀਆਂ ਧਾਰਮਿਕ ਤੇ ਜਾਤੀ ਭਾਵਨਾਵਾਂ ਨੂੰ ਉਕਸਾ ਸੱਤਾ ਵਿੱਚ ਆਉਂਦੇ ਹਨ। ਥੋੜੇ ਸਮੇਂ ਵਿਚ ਹੀ ਫੈਕਟਰੀਆਂ, ਕੰਪਨੀਆਂ ਦੇ ਹਿੱਸੇਦਾਰ ਤੇ ਮਾਲਿਕ ਬਣ ਜਾਂਦੇ ਹਨ। ਨਜ਼ਾਇਜ਼ ਕਬਜ਼ੇ ਕਰ ਕਰ ਜਾਇਦਾਦਾਂ ਦੇ ਮਾਲਿਕ ਬਣ ਬੈਠਦੇ ਹਨ।
ਰਾਜਨੀਤਿਕ ਦਲ, ਪਾਰਟੀਆਂ ਲੋਕਾਂ ਦੀ ਭਲਾਈ ਲਈ ਹੋਂਦ ਵਿੱਚ ਆਉਂਦੀਆਂ ਹਨ, ਪਰ ਇਹ ਆਪਣਾ ਰੂਪ ਇਸ ਤਰ੍ਹਾਂ ਅਖਤਿਆਰ ਕਰ ਗਈਆਂ ਹਨ ਕਿ ਪ੍ਸ਼ਾਸ਼ਨ ਇਹਨਾਂ ਦਾ ਗੁਲਾਮ ਹੋ ਕੇ ਰਹਿ ਗਿਆ ਹੈ। ਸਾਨੂੰ ਲੋਕਤੰਤਰੀ ਸਿਸਟਮ ਨੂੰ ਬਚਾਉਣ ਲਈ ਅਤੇ ਆਪਣੀ ਆਜਾਦੀ ਦੀ ਰਖਵਾਲੀ ਲਈ ਰਾਜਨੀਤਕ ਦਲਾਂ ਤੋਂ ਪਾਸਾ ਵੱਟ ਕਿਸਾਨਾਂ-ਮਜਦੂਰਾਂ ਦੇ ਸੰਗਠਨਾਂ ਨੂੰ ਇਕ ਕਰਕੇ ਗਰੀਬ ਵਰਗ ਦੇ ਪੜੇ ਲਿਖੇ ਬੁੱਧੀਮਾਨ, ਵਿਦਵਾਨ ਉਮੀਦਵਾਰ ਖੜੇ ਕਰਨ ਤੇ ਜਿਤਾਉਣ ਲਈ ਸੰਘਰਸ਼ ਕਰਨਾ ਪਵੇਗਾ। ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਲਈ ਇਹ ਹੀ ਸਮੇਂ ਦੀ ਮੰਗ ਹੈ। ਧਾਰਮਿਕ ਫਾਸ਼ੀਵਾਦ ਨੂੰ ਦਫ਼ਨ ਕਰਨ ਦਾ ਸਮਾਂ ਹੈ। ਆਪਣੀ ਧਰਤੀ ਦੇ ਮੂਲ ਸਰੋਤਾਂ ਦੀ ਰੱਖਿਆ ਲਈ ਮਿੱਟੀ ਨਾਲ ਜੁੜੇ ਲੋਕ ਸਾਡੀ ਵਿਧਾਨ ਸਭਾਵਾਂ ਅਤੇ ਸੰਸਦ ਵਿੱਚ ਹੋਣ। ਰਾਜਨੀਤਿਕ ਪਾਰਟੀਆਂ ਅਪਾਹਜ ਹੋ ਚੁੱਕੀਆਂ ਹਨ, ਇਹ ਖੁਦ ਆਪ ਬਿਸਾਖੀਆਂ ਦਾ ਸਹਾਰਾ ਲੈ ਕੇ ਚੱਲ ਰਹੀਆਂ ਹਨ। ਇਹ ਮੁੱਦਿਆਂ ਦੀ ਰਾਜਨੀਤੀ ਨਹੀਂ ਕਰ ਰਹੀਆਂ ਸਗੋਂ ਚਿਹਰਿਆਂ ਦੀ ਰਾਜਨੀਤੀ ਕਰ ਰਹੀਆਂ ਹਨ। ਇਹਨਾਂ ਦੀ ਸੋਚ ਤੇ ਉਦੇਸ਼ ਮਨੁੱਖਤਾ ਲਈ ਘਾਤਿਕ ਹੋ ਚੁੱਕੇ ਹਨ।ਇਹੋ ਜਿਹੀਆਂ ਪਾਰਟੀਆਂ ਦੇਸ਼ ਅਤੇ ਲੋਕਾਂ ਦੇ ਹਿੱਤਾਂ ਦੀ ਕੀ ਪੈਰਵੀ ਕਰਨਗੀਆਂ।
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+91 9465129168 whatsapp
+91 7087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
“