(ਜਸਪਾਲ ਜੱਸੀ )
(ਸਮਾਜ ਵੀਕਲੀ) ਸੱਚ ਜਾਣਿਓ ! ਮੇਰੇ ਲਈ ਭਾਸ਼ਾ, ਵਿਚਾਰਾਂ ਭਾਵਨਾਵਾਂ ਦੀ ਪ੍ਰਸਤੁਤੀ ਲਈ ਬਹੁਤ ਮਾਅਨੇ ਰੱਖਦੀ ਹੈ। ਮਾਤ ਭਾਸ਼ਾ ਵਿਚ ਲਿਖਣਾ ਬਹੁਤ ਪਿਆਰਾ ਲੱਗਦਾ ਹੈ ਕਿਉਂਕਿ ਮਾਤ ਭਾਸ਼ਾ ਵਿਚ ਤੁਸੀਂ ਆਪਣੀਆਂ ਭਾਵਨਾਵਾਂ ਦੀ ਅਭਿਵਿਅਕਤੀ,ਪੇਸ਼ਕਾਰੀ ਬਹੁਤ ਖ਼ੂਬਸੂਰਤ ਅੰਦਾਜ਼ ਵਿਚ ਕਰ ਸਕਦੇ ਹੋ । ਇਸ ਨਾਲ ਜਿੱਥੇ ਮਨ ਨੂੰ ਸਕੂਨ ਮਿਲਦਾ ਹੈ ਉੱਥੇ ਇੱਕ ਹੋਰ ਕਿਸਮ ਦੀ ਖੁਸ਼ੀ ਵੀ ਦਿਲ ਵਿਚ ਆਉਂਦੀ ਹੈ। ਬੇਸ਼ੱਕ ਦੂਜਿਆਂ ਦਾ ਖ਼ਿਆਲ ਰੱਖਦੇ ਹੋਏ ਤੁਸੀਂ ਭਾਸ਼ਾ ਨੂੰ ਸ਼ੁੱਧ ਰੂਪ ਵਿਚ ਲਿਖਣ ਦਾ ਉਪਰਾਲਾ ਕਰ ਰਹੇ ਹੋ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਇਲਾਕੇ ਦੀ ਭਾਸ਼ਾ ਦੇ ਆਪਣੇ ਮਾਅਨੇ ਹਨ । ਖ਼ਾਸ ਕਰ ਕੇ ਮਾਲਵੇ ਵਾਲਿਆਂ ਵਾਸਤੇ ਤਾਂ ਬ ਅਤੇ ਵ ਦੀ ਰਲਗੱਡ ਨੂੰ ਅਸੀਂ ਕੋਈ ਗ਼ਲਤੀ ਨਹੀਂ ਮੰਨਦੇ।
ਇਸ ਨੂੰ ਇਲਾਕਾਮਈ ਪ੍ਰਭਾਵ ਕਹਿ ਕੇ ਛੱਡ ਦਿੰਦੇ ਹਾਂ ਤੇ ਮੁਆਫ਼ ਵੀ ਕਰ ਦਿੰਦੇ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਬਹੁਤੇ ਘੁਮੰਤਰੀ ਲੋਕਾਂ ਲਈ ਦੇਸਾਂ, ਪ੍ਰਦੇਸਾਂ ਵਿਚ ਘੁੰਮਦਿਆਂ ਭਾਸ਼ਾ ਦੇ ਮਾਅਨੇ ਵੀ ਬਦਲ ਜਾਂਦੇ ਹਨ ਉਹਨਾਂ ਨੂੰ ਜਿਸ ਤਰ੍ਹਾਂ ਵੀ ਸੌਖਾ ਲੱਗਦਾ ਹੈ ਉਹ ਬੋਲ ਚਾਲ ਵਿਚ ਆਪਣੀ ਉਹੀ ਭਾਸ਼ਾ ਵਰਤ ਲੈਂਦੇ ਹਨ ਪਰ ਲਿਖਣ ਲੱਗਿਆਂ ਉਹ ਫ਼ੇਰ ਮਾਤ ਭਾਸ਼ਾ ਵੱਲ ਮੁੜ ਆਉਂਦੇ ਹਨ।
ਸੱਚ ਜਾਣਿਓ ! ਮੇਰੇ ਨਾਲ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ। ਪੰਜਾਬੀ ਮੇਰੀ ਜ਼ਿੰਦ ਜਾਨ ਹੈ। ਇਸ ਦੇ ਆਸਰੇ ਸਾਰੀ ਜ਼ਿੰਦਗੀ ਰੋਟੀ ਵੀ ਖਾਧੀ ਹੈ। ਮੇਰਾ ਮਨ ਪਸੰਦੀਦਾ ਵਿਸ਼ਾ ਪੰਜਾਬੀ ਸਾਹਿਤ, ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਪੜ੍ਹਾਇਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਦੂਜੀਆਂ ਭਾਸ਼ਾਵਾਂ ਜਿਵੇਂ ਹਿੰਦੀ,ਉਰਦੂ,ਅੰਗਰੇਜ਼ੀ ਤੋਂ ਕੋਈ ਨਫ਼ਰਤ ਕਰਦਾ ਹਾਂ। ਇਹ ਮੇਰੇ ਲਈ ਦੂਜੀਆਂ ਸੰਚਾਰ ਦੀਆਂ ਭਾਸ਼ਾਵਾਂ ਹਨ। ਇਹਨਾਂ ਨੂੰ ਵੀ ਪੜ੍ਹ ਲਿਖ ਲੈਂਦਾ ਹਾਂ ਅਤੇ ਮੈਨੂੰ ਕਦੇ ਇਸ ਦਾ ਫ਼ਰਕ ਵੀ ਨਹੀਂ ਪਿਆ। ਅਸਲ ਵਿਚ ਬਹੁਤ ਵਾਰ ਹਿੰਦੀ,ਉਰਦੂ ਸ਼ਬਦਾਂ ਵਾਲੇ ਗੀਤ, ਗ਼ਜ਼ਲ ਲਿਖਣ ਦਾ ਸੰਜੋਗ ਵੀ ਬਣ ਜਾਂਦਾ ਹੈ ਫ਼ੇਰ ਭਾਸ਼ਾ ਦੀ ਕੋਈ ਸੀਮਾ ਨਹੀਂ ਰਹਿੰਦੀ।
ਕਦੇ ਕਦੇ ਅੰਗਰੇਜ਼ੀ ਨੂੰ ਵੀ ਮੂੰਹ ਮਾਰ ਲਈਂਦਾ ਹੈ ਪਰ ਸੱਚ ਜਾਣਿਓ ! ਉਸ ਵਿਚ ਇੱਕ ਫਿਕਰਾ ਵੀ ਲਿਖਣ ਲੱਗਿਆਂ ਦੋ,ਤਿੰਨ ਵਾਰ ਸੋਚੀਂਦਾ ਹੈ ਜਾਂ ਫ਼ਿਰ ਪਤਨੀ ਤੇ ਬੱਚਿਆਂ ਦਾ ਸਹਾਰਾ ਲੈ ਕੇ ਉਸ ਨੂੰ ਪੋਸਟ ਕਰੀਂਦਾ ਹੈ। ਖੁਸ਼ ਕਿਸਮਤੀ ਇਹ ਹੈ ਕਿ ਪਤਨੀ ਪੰਜਾਬੀ,ਹਿੰਦੀ,ਸੰਸਕ੍ਰਿਤ ਤੇ ਅੰਗ਼ਰੇਜ਼ੀ ਸਾਹਿਤ ਦੀ ਵਿਦਿਆਰਥਣ ਹੈ ਜਿਵੇਂ ਮੈਂ ਪੰਜਾਬੀ,ਹਿੰਦੀ,ਸੰਸਕ੍ਰਿਤ ਤੇ ਉਰਦੂ ਦਾ ਵਿਦਿਆਰਥੀ।
ਮਸ਼ੀਨੀ ਯੁੱਗ ਦੇ ਅੰਦਰ ਅੱਜ ਕੱਲ੍ਹ ਲੋਕਾਂ ਕੋਲ ਕਿਤਾਬਾਂ ਪੜ੍ਹਨ ਦਾ ਵਕਤ ਨਹੀਂ ਕੋਈ 1% ਲੋਕ ਹੀ ਕਿਤਾਬਾਂ ਪੜ੍ਹਦੇ ਹਨ ਉਹ ਵੀ ਜੋ ਉਹਨਾਂ ਲਈ ਜ਼ਰੂਰੀ ਜਾਂ ਸਿਲੇਬਸ ਦੀਆਂ ਹਨ। ਕੁਝ ਉਹ ਲੋਕ ਹਨ ਜਿਹੜੇ ਕਿਤਾਬਾਂ ਪੜ੍ਹਦੇ ਹਨ,ਜਿਨ੍ਹਾਂ ਕੋਲ ਜਾਂ ਤਾਂ ਸਮਾਂ ਹੈ ਜਾਂ ਸਾਹਿਤ ਦੇ ਵਿਦਿਆਰਥੀ ਰਹੇ ਹਨ। ਦੂਜੇ ਲੋਕ ਤੁਹਾਡਾ ਸਾਹਿਤ ਸੁਣ ਤਾਂ ਸਕਦੇ ਹਨ,ਦੇਖ ਵੀ ਸਕਦੇ ਹਨ ਪਰ ਪੜ੍ਹ ਨਹੀਂ ਸਕਦੇ। ਤੁਸੀਂ ਸੋਚਦੇ ਹੋਵੋਗੇ ਕਿ ਸਾਹਿਤ ਨੂੰ ਵੀ ਦੇਖਿਆ ਜਾਂ ਸੁਣਿਆ ਜਾ ਸਕਦਾ ਹੈ ? ਹਾਂ ਜੀ ਸਾਹਿਤ ਨੂੰ ਦੇਖਿਆ, ਸੁਣਿਆ ਵੀ ਜਾ ਸਕਦਾ ਹੈ। ਅੱਜ ਕੱਲ੍ਹ
ਚੰਗੀਆਂ ਰਚਨਾਵਾਂ ਦੇ ਉੱਪਰ ਬਣੀਆਂ ਹੋਈਆਂ ਫ਼ਿਲਮਾਂ,ਵੀਡੀਓ ਫ਼ਿਲਮਾਂ ਅਤੇ ਰਿਕਾਰਡਿੰਗਜ ਬਹੁਤ ਮਿਲਦੀਆਂ ਹਨ। ਜਿੰਨ੍ਹਾਂ ਨੂੰ ਅਸੀਂ ਸ਼ਾਰਟ ਮੂਵੀਜ਼ ਕਹਿੰਦੇ ਹਾਂ।
ਮੈਨੂੰ ਵੀ ਜਦੋਂ ਕੋਈ ਰਚਨਾ ਆਪਣੀ ਜਾਂ ਕਿਸੇ ਸਾਹਿਤਕਾਰ ਦੀ ਚੰਗੀ ਲੱਗੇ ਤਾਂ ਮੈਂ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਆਪਣੇ ਦੋਸਤਾਂ,ਮਿੱਤਰਾਂ ,ਸੱਜਣਾ, ਪਿਆਰਿਆਂ ਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਪਿਛਲੇ ਦਿਨਾਂ ਵਿਚ ਮੇਰਾ ਤਜ਼ਰਬਾ ਬਹੁਤ ਹੀ ਖ਼ੂਬਸੂਰਤ ਰਿਹਾ ਹੈ ਜਦੋਂ ਮੇਰੇ ਨਾਲ ਦੇ ਸਾਇੰਸ ਦੇ ਅਧਿਆਪਕ ਸਾਥੀਆਂ ਤੇ ਸਾਥਣਾਂ ਨੇ ਇਹ ਕਿਹਾ ਕਿ,” ਜਦੋਂ ਤੁਸੀਂ ਆਪਣੀ ਕਿਸੇ ਰਚਨਾ ਦੀ ਵੀਡੀਓ,ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੇ ਹੋ ਉਸ ਨੂੰ ਸੁਣਨ ਦਾ ਹੋਰ ਹੀ ਆਨੰਦ ਹੁੰਦਾ ਹੈ ਕਿਉਂਕਿ ਉਹ ਉਸ ਨੂੰ ਸੈਰ ਕਰਦਿਆਂ,ਕੰਮ ਕਰਦਿਆਂ,ਗੱਡੀ ਘਰ ‘ਚ ਸਫ਼ਰ ਕਰਦਿਆਂ ਵੀ ਸੁਣ ਸਕਦੇ ਹਨ। ਇਹ ਵੀਡੀਓ ਸਾਹਿਤ, ਲੋਕਾਂ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਜ਼ਰੀਆ ਹੈ ਪਰ ਇਸ ਵਿਚ ਇੱਕ ਸ਼ਰਤ ਜ਼ਰੂਰ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਰਚਨਾ ਦੀ ਵੀਡੀਓ ਬਣਾ ਰਹੇ ਹੁੰਦੇ ਹੋ ਤਾਂ ਤੁਹਾਡੀ ਭਾਸ਼ਾ ਤੇ ਉਸਦਾ ਉਚਾਰਨ ਸ਼ੁੱਧ ਤੇ ਸਪਸ਼ਟ ਹੋਣਾ ਚਾਹੀਦਾ ਹੈ ਕਿਉਂਕਿ ਕਿਸੇ ਰਚਨਾ ਨੂੰ ਪੇਸ਼ ਕਰਨ ਦੀ ਪੇਸ਼ਕਾਰੀ ਹੀ ਸਭ ਤੋਂ ਉੱਤਮ ਸਥਾਨ ਰੱਖਦੀ ਹੈ। ਆਪਣੀ ਭਾਸ਼ਾ ਦੇ ਸਧਾਰਨ ਸ਼ਬਦਾਂ ਦੇ ਨਾਲ ਜੇ ਦੂਜੀਆਂ ਭਾਸ਼ਾਵਾਂ ਦੇ ਸੋਹਣੇ ਸੁੰਦਰ ਤੇ ਸਪਸ਼ਟ ਸ਼ਬਦ ਵੀ ਇਸ ਵਿਚ ਆ ਜਾਣ ਕੋਈ ਹਰਜ਼ ਨਹੀਂ ਪਰ ਤੁਹਾਡਾ ਸੁਨੇਹਾ ਤੁਹਾਡੀ ਮਾਤ ਭਾਸ਼ਾ ਵਿਚ ਸਪਸ਼ਟ ਹੋਣਾ ਚਾਹੀਦਾ ਹੈ। ਇਹ ਗੱਲ ਉਸ ਗੱਲ ਵਰਗੀ ਹੈ ਜਿਵੇਂ ਕੋਈ ਗਾਉਣਾ ਜਾਣਦਾ ਹੈ ਤੇ ਉਸਦੇ ਨਾਲ ਉਹ ਕਲਾਸੀਕਲ ਮਿਊਜਿਕ ਵੀ ਜਾਣਦਾ ਹੈ ਤੇ ਉਸ ਦੇ ਹਿਸਾਬ ਨਾਲ ਉਸ ਗੀਤ ਵਿਚ ਮੁਰਕੀਆਂ ਅਲਾਪ, ਸਰਗਮ ਲਗਾ ਸਕਦਾ ਹੈ ਤਾਂ ਇਹ ਸੋਨੇ ਤੇ ਸੁਹਾਗੇ ਵਰਗਾ ਹੋ ਜਾਂਦਾ।
ਅੱਜ ਕੱਲ੍ਹ ਦੇ ਯੁੱਗ ਵਿਚ ਮਨੁੱਖ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ। ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ ਕਿਸੇ ਨਵੀਂ ਭਾਸ਼ਾ ਨੂੰ ਸਿੱਖਣ ਦੇ ਲਈ ਸਮਾਂ ਤੇ ਇੱਛਾ ਸ਼ਕਤੀ ਦੋਵੇਂ ਹੋਣੇ ਲਾਜ਼ਮੀ ਹਨ। ਜੇ ਅਸੀਂ ਚੰਗੇ ਸਾਹਿਤ ਨੂੰ ਲਿਖਦੇ, ਦੇਖਦੇ, ਸੁਣਦੇ ਨਹੀਂ ਤਾਂ ਇਹ ਸਾਡੇ ਲਈ ਨਿਰਾਸ਼ਾ ਦਾ ਕਾਰਨ ਬਣ ਜਾਂਦਾ ਤੁਸੀਂ ਭਾਵੇਂ ਨਾ ਲਿਖੋ ਪਰ ਤੁਹਾਨੂੰ ਚੰਗੀਆਂ ਗੱਲਾਂ ਪੜ੍ਹਦੇ ਰਹਿਣਾ ਚਾਹੀਦਾ ਹੈ ਜਾਂ ਉਹਨਾਂ ਦੀ ਵੀਡੀਓ ਜਾਂ ਰਿਕਾਰਡਿੰਗ ਸੁਣਦੇ ਰਹਿਣਾ ਚਾਹੀਦਾ।
ਸੋਸ਼ਲ ਮੀਡੀਆ ਜ਼ਿੰਦਗੀ ਨੂੰ ਜਿਉਣ ਦਾ ਵਧੀਆ ਸਾਧਨ ਹੈ ਜੇ ਇਸ ਸਾਧਨ ਦੀ ਵਰਤੋਂ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly