ਰਮੇਸ਼ਵਰ ਸਿੰਘ
(ਸਮਾਜ ਵੀਕਲੀ) ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜ ਤਰੀਕ ਨੂੰ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਕਾਰਡ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਹੈ। ਉਸ ਵਿੱਚ ਹਿੰਦੀ ਦੇ ਅਨੇਕਾਂ ਹੀ ਸ਼ਬਦ ਇਸਤੇਮਾਲ ਕੀਤੇ ਗਏ ਹਨ। ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦਾ ਸਾਡੇ ਕੋਲ਼ ਪੰਜਾਬੀ ਵਿੱਚ ਬਦਲ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਹਿੰਦੀ ਦੇ ਸ਼ਬਦਾਂ ਨੂੰ ਪਹਿਲ ਦਿੱਤੀ ਗਈ ਹੈ। ਲੰਮੇ ਸਮੇਂ ਤੋਂ ਲੇਖਕਾਂ ਦੀ ਇਹ ਮੰਗ ਸੀ ਕਿ ਕਿਸੇ ਲੇਖਕ ਨੂੰ ਭਾਸ਼ਾ-ਵਿਭਾਗ ਦਾ ਮੁਖੀ ਲਾਇਆ ਜਾਵੇ ਤਾਂ ਜੋ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਸਹੀ ਤਰੀਕੇ ਨਾਲ਼ ਹੋ ਸਕੇ। ਪਰ ਹੁਣ ਜਦੋਂ ਕਿ ਇੱਕ ਨਾਮਵਰ ਲੇਖਕ ਨੂੰ ਇਸ ਦਾ ਮੁਖੀ ਲਾਇਆ ਗਿਆ ਹੈ ਤਾਂ ਵੀ ਪੰਜਾਬੀ ਦਾ ਉਹੀ ਹਾਲ ਹੈ। ਲੱਗਦਾ ਹੈ ਕਿ ਭਾਸ਼ਾ-ਵਿਭਾਗ ਕੋਲ਼ ਕੋਈ ਵੀ ਪੰਜਾਬੀ ਵਿੱਚ ਮੁਹਾਰਤ ਰੱਖਣ ਵਾਲ਼ਾ ਅਫ਼ਸਰ ਨਹੀਂ ਹੈ ਜਿਹੜਾ ਪੰਜਾਬੀ ਨੂੰ ਸਹੀ ਰੂਪ ਵਿੱਚ ਲਿਖ ਸਕੇ। ਇਸ ਤੋਂ ਇਲਾਵਾ ਇੱਕ ਹੋਰ ਗੱਲ ਜੋ ਬਹੁਤ ਅਜੀਬ ਹੈ, ਉਹ ਹੈ ਗਾਇਕਾ ਦਾ ਚਿੱਤਰ ਲਗਾ ਕੇ ਮੂਹਰੇ ਲਿਖਿਆ ਹੈ: ਮੁੱਖ ਆਕਰਸ਼ਨ। ਇਹ ਇੱਕ ਸਾਹਿਤਿਕ ਸਮਾਗਮ ਹੈ ਇਸ ਵਿੱਚ ਨਾਮਵਰ ਸਾਹਿਤਕਾਰਾਂ ਨੂੰ ਸਨਮਾਨ ਮਿਲ਼ਨੇ ਹਨ। ਭਲਾ, ਉਹਨਾਂ ਤੋਂ ਵੱਡਾ ਕੋਈ ਆਕਰਸ਼ਣ ਹੋ ਸਕਦਾ ਹੈ। ਇਹ ਤਾਂ ਇੱਕ ਤਰ੍ਹਾਂ ਨਾਲ਼ ਲੇਖਕਾਂ ਦਾ ਘਟਾਅ ਕਰਨ ਵਾਲੀ ਗੱਲ ਹੈ। ਉਸ ਗਾਇਕਾ ਨੂੰ ਵੀ ਪਤਾ ਨਹੀਂ ਕਿਸ ਤਰ੍ਹਾਂ ਚੁਣਿਆ ਗਿਆ ਹੈ ਕਿਉਂਕਿ ਪੰਜਾਬੀ ਦੇ ਬਹੁਤ ਸਾਰੇ ਨਾਮਵਰ ਗਾਇਕ ਹਨ ਜਿਹੜੇ ਕਿ ਸੂਫ਼ੀ ਕਲਾਮ ਪੜ੍ਹਦੇ ਹਨ। ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਸੀ। ਇੱਕ ਨਵੀਂ ਗਾਇਕਾ ਨੂੰ ਮੌਕਾ ਦੇਣ ਲਈ ਪੰਜਾਬੀ ਦੇ ਬਹੁਤੇ ਨਾਮਵਰ ਗਾਇਕਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ। “ਮੁੱਖ ਆਕਰਸ਼ਨ” ਲਿਖਣਾ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਇਹ ਕੋਈ ਅਖਾੜਾ ਹੋਵੇ। ਸਾਹਿਤਿਕ ਸਮਾਗਮਾਂ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਸੋਭਾ ਨਹੀਂ ਦਿੰਦੀ। ਚਲੋ, ਜੇਕਰ ਗੀਤਕਾਰਾਂ ਨੂੰ ਹੀ ਬੁਲਾਉਣਾ ਸੀ ਤਾਂ ਵੀ ਸਿਰਫ਼ ਇਹ ਲਿਖਿਆ ਜਾ ਸਕਦਾ ਸੀ ਕਿ ਗੀਤ-ਸੰਗੀਤ ਦੀ ਪੇਸ਼ਕਾਰੀ ਇਹਨਾਂ ਵੱਲੋਂ ਕੀਤੀ ਜਾਵੇਗੀ। ਮੁੱਖ ਆਕਰਸ਼ਣ ਲਿਖਣ ਦਾ ਮਤਲਬ ਇਹ ਹੈ ਕਿ ਜਿਵੇਂ ਪੰਜਾਬੀਆਂ ਨੇ ਸਿਰਫ਼ ਬੀਬੀ ਦੇ ਗੀਤ ਸੁਣਨ ਹੀ ਉੱਥੇ ਆਉਣਾ ਹੈ। ਸਾਹਿਤਿਕ ਸਮਾਗਮਾਂ ਦਾ ਇਸ ਤਰ੍ਹਾਂ ਦਾ ਹਾਲ, ਉਹ ਵੀ ਜਦੋਂ ਇੱਕ ਨਾਮਵਰ ਕਵੀ ਇਸ ਵਿਭਾਗ ਦਾ ਨਿਰਦੇਸ਼ਕ ਹੋਵੇ, ਬਹੁਤ ਅਜੀਬ ਲੱਗਦਾ ਹੈ। ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਪਤਾ ਨਹੀਂ ਭਾਸ਼ਾ-ਵਿਭਾਗ ਦੇ ਅਫ਼ਸਰ ਕੀ ਸੋਚ ਕੇ ਇਹ ਸਭ ਕੁਝ ਕਰ ਰਹੇ ਹਨ। ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਧਿਆਨ ਹੀ ਨਹੀਂ ਕਿ ਉਹਨਾਂ ਦਾ ਵਾਹ-ਵਾਸਤਾ ਲੇਖਕਾਂ ਨਾਲ਼ ਹੈ। ਲੇਖਕਾਂ ਦੇ ਸਮਾਗਮ ਦਾ ਮੁੱਖ ਆਕਰਸ਼ਣ ਲੇਖਕ ਹੀ ਹੋਣੇ ਚਾਹੀਦੇ ਹਨ। ਵਿਸ਼ੇਸ਼ ਗੱਲਾਂ-ਸਰਦਾਰ ਜਸਵੰਤ ਸਿੰਘ ਜ਼ਫ਼ਰ ਨੇ ਜਦੋਂ ਦੀ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਦੀ ਕਮਾਂਡ ਸੰਭਾਲੀ ਹੈ ਪੰਜਾਬੀ ਤੋਂ ਭਾਸ਼ਾ ਵਿਭਾਗ ਬਹੁਤ ਦੂਰ ਹੁੰਦਾ ਜਾ ਰਿਹਾ ਹੈ। ਨਿਰਦੇਸ਼ਕ ਨੂੰ ਭਾਸ਼ਾ ਵਿਭਾਗ ਸੋਸ਼ਲ ਮੀਡੀਆ ਦੇ ਪੰਨੇ ਤੇ ਡਾਇਰੈਕਟਰ ਲਿਖਿਆ ਜਾਂਦਾ ਹੈ ਅਖਬਾਰਾਂ ਨੂੰ ਭੇਜੇ ਜਾਣ ਵਾਲੇ ਪ੍ਰੈਸ ਨੋਟ ਵੀ ਹਿੰਦੀ ਤੇ ਅੰਗਰੇਜ਼ੀ ਦੇ ਸ਼ਬਦਾਂ ਨੂੰ ਮੁੱਖ ਰੱਖਿਆ ਜਾ ਰਿਹਾ ਹੈ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ ਕਿ ਕੋਈ ਨਵਾਂ ਜਿਹੜਾ ਕੁਝ ਇਹਨਾਂ ਨੇ ਲਿਖਿਆ ਹੈ ਆਕਰਸ਼ਨ?
ਰਮੇਸ਼ਵਰ ਸਿੰਘ ਸੰਪਰਕ ਨੰਬਰ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly