ਭਾਸ਼ਾ ਵਿਭਾਗ ਵੱਲੋਂ ਡਾ. ਤੀਰ ਦਾ ਬਾਲ ਕਹਾਣੀ ਸੰਗ੍ਰਹਿ ‘ਗੁਡ ਜੌਬ ਲੋਕ-ਅਰਪਣ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰੋ. ਬਲਦੇਵ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਡਾ. ਮਨਮੋਹਨ ਸਿੰਘ ਤੀਰ ਦੇ ਬਾਲ ਕਹਾਣੀ ਸੰਗ੍ਰਹਿ ‘ਗੁਡ ਜੌਬ’ ਦੇ ਲੋਕ ਅਰਪਣ ਸਬੰਧੀ ਮਿੰਨੀ ਸਮਾਗਮ ਰਚਾਇਆ ਗਿਆ।ਭਾਸ਼ਾ ਵਿਭਾਗ ਦਫ਼ਤਰ ਵਿੱਚ ਸਾਹਿਤਕਾਰਾਂ ਨੂੰ ਜੀ ਆਇਆਂ ਆਖਦਿਆਂ ਤੇ ਡਾ. ਮਨਮੋਹਨ ਸਿੰਘ ਤੀਰ ਨੂੰ ਵਧਾਈ ਦਿੰਦਿਆਂ ਡਾ. ਜਸਵੰਤ ਰਾਏ ਨੇ ਕਿਹਾ ਕਿ ਡਾ. ਤੀਰ ਹੁਰਾਂ ਦਾ ਪਾਕਿਸਤਾਨੀ ਪੰਜਾਬੀ ਕਹਾਣੀ ਉੱਤੇ ਵੱਡਾ ਕੰਮ ਹੈ। ਹੁਣ ਤੱਕ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਦੀ ਸਿਰਜਣਾ ਕਰ ਚੁੱਕੇ ਡਾ. ਤੀਰ ਨੇ ਕਹਾਣੀ ਦੇ ਨਾਲ ਨਾਲ ਸਫ਼ਰਨਾਮੇ ਅਤੇ ਬਾਲ ਸਾਹਿਤ ’ਤੇ ਵੀ ਪ੍ਰਪੱਕਤਾ ਨਾਲ ਕਲਮ ਚਲਾਈ ਹੈ।ਲੰਬਾ ਸਮਾਂ ਸਕੂਲਾਂ ਅਤੇ ਕਾਲਜਾਂ ਵਿੱਚ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਡਾ. ਤੀਰ ਨੇ ਲੇਖਣੀ ਵਿੱਚ ਸਮਾਜਿਕ ਸਰੋਕਾਰਾਂ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਦੁਆਰਾ ਰਚਿਆ ਬਾਲ ਸਾਹਿਤ ਬਾਲ ਮਨੋਵਿਗਿਆਨ ’ਤੇ ਅਧਾਰਿਤ ਹੈ।ਹੱਥਲੀ ਕਿਤਾਬ ‘ਗੁਡ ਜੌਬ’ ਬਾਰੇ ਗੱਲ ਕਰਦਿਆਂ ਪ੍ਰੋ ਬੱਲੀ ਨੇ ਕਿਹਾ ਕਿ ਇਸ ਵਿਚਲੀਆਂ ਕਹਾਣੀਆਂ ਬਾਲ ਮਨ ਦੀ ਬਾਤ ਪਾਉਂਦੀਆਂ ਹਨ। ਬੱਚਿਆਂ ਦੇ ਭਾਰੇ ਹੋ ਰਹੇ ਬਸਤੇ, ਢੇਰ ਸਾਰਾ ਹੋਮ ਵਰਕ, ਖੇਡ ਵਿਹੂਣਾ ਜੀਵਨ, ਬੋਝਲ ਵਾਤਾਵਰਨ, ਨੈਤਿਕ ਸਿੱਖਿਆ ਦੀ ਕਮੀ ਬਾਲ ਮਨ ਨੂੰ ਢਾਅ ਲਾਉਣ ਵਾਲੇ ਬਹੁਤ ਸਾਰੇ ਕਾਰਨ ਚੰਗੀ ਸ਼ਖ਼ਸੀਅਤ ਦੀ ਉਸਾਰੀ ਵਿੱਚ ਰੁਕਾਵਟ ਬਣਦੇ ਹਨ।ਪ੍ਰੀਖਿਆਵਾਂ ਦੇ ਡਰ ਅਤੇ ਸਿੱਖਿਆ ਤੰਤਰ ਵਿੱਚ ਨਿੱਤ ਹੋ ਰਹੇ ਨਵੇਂ ਤਜਰਬੇ ਵੀ ਬੱਚਿਆਂ ਦੀ ਸਿਰਜਣਾਤਮਕ ਸ਼ਕਤੀ ਨੂੰ ਡਾਵਾਂ ਡੋਲ ਕਰ ਰਹੇ ਹਨ। ਡਾ. ਤੀਰ ਨੇ ਇੱਕ ਪ੍ਰਬੁਧ ਬਾਲ ਲੇਖਕ ਦਾ ਰੋਲ ਨਿਭਾਉਂਦਿਆਂ ਇਸ ਪੁਸਤਕ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਵੱਲ ਇਸ਼ਾਰੇ ਹੀ ਨਹੀਂ ਕੀਤੇ ਸਗੋਂ ਆਪਣੀ ਕਹਾਣੀ ਕਲਾ ਰਾਹੀਂ ਇਨ੍ਹਾਂ ਨੂੰ ਬੱਚਿਆਂ ਦੇ ਸੰਤੁਲਿਤ ਵਿਕਾਸ ਨਾਲ ਜੋੜਿਆ ਹੈ।ਇਹ ਪੁਸਤਕ ਨਿਰਸੰਦੇਹ ਹੀ ਪੰਜਾਬੀ ਸਾਹਿਤ ਖ਼ਾਸ ਕਰਕੇ ਪੰਜਾਬੀ ਬਾਲ ਸਾਹਿਤ ਵਿੱਚ ਇੱਕ ਮਾਰਮਿਕ ਵਾਧਾ ਕਰਨ ਵਾਲੀ ਪੁਸਤਕ ਹੈ।ਮੁਖੀ ਨੈਸ਼ਨਲ ਇਨਫਰਮਨਮੇਸ਼ਨ ਸੈਂਟਰ ਪਰਦੀਪ ਸਿੰਘ ਨੇ ਵੀ ਡਾ. ਤੀਰ ਹੁਰਾਂ ਨੂੰ ਬਾਲ ਪੁਸਤਕ ਲਈ ਮੁਬਾਰਕਾਂ ਦਿੱਤੀਆਂ। ਇਸ ਸਮੇਂ ਰਾਜਬੀਰ ਸਿੰਘ, ਅਵਤਾਰ ਠਾਕੁਰ, ਲਾਲ ਸਿੰਘ, ਪੁਸ਼ਪਾ ਰਣੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਹਾਰਾਜਾ ਸ਼ੂਰ ਸੈਣੀ ਦਾ ਜਨਮ ਦਿਹਾੜਾ 22 ਦਸੰਬਰ ਨੂੰ ਮਨਾਇਆ ਜਾਵੇਗਾ
Next articleਪੰਜਾਬ ਵਣ ਗਾਰਡ ਸਿਖਲਾਈ ਸਕੂਲ ਵਿਖੇ ਨਸ਼ਿਆਂ ਅਤੇ ਇਸ ਦੇ ਇਲਾਜ ਸਬੰਧੀ ਜਾਗਰੂਕਤਾ ਸੰਬੰਧੀ ਵਰਕਸ਼ਾਪ ਲਗਾਈ