ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਹੁਰਾਂ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਵੱਲੋਂ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਸਥਾਨਕ ਬੀ.ਐੱਲ.ਐੱਮ. ਗਰਲਜ਼ ਕਾਲਜ ਨਵਾਂ ਸ਼ਹਿਰ ਵਿਖੇ ਕਾਲਜ ਦੀ ਪੰਜਾਬੀ ਲਿਟਰੇਰੀ ਸੁਸਾਇਟੀ ਦੇ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਮੁਕਬਲਿਆਂ ਵਿੱਚ ਚਾਰ ਵੰਨਗੀਆਂ ਲੇਖ ਰਚਨਾ, ਕਹਾਣੀ ਰਚਨਾ, ਕਵਿਤਾ ਰਚਨਾ ਅਤੇ ਕਵਿਤਾ ਗਾਇਨ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਹੋਈ।
ਜ਼ਿਲ੍ਹੇ ਭਰ ਤੋਂ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਜੀ ਆਇਆ ਆਖਦਿਆਂ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਤਰੁਨਪ੍ਰੀਤ ਕੌਰ ਵਾਲੀਆ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਅੰਦਰ ਸਾਹਿਤ ਪ੍ਰਤੀ ਲਗਾਅ ਪੈਦਾ ਹੁੰਦਾ ਹੈ। ਅੱਜ ਦੇ ਭੱਜ-ਦੌੜ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਸਾਹਿਤ ਹੀ ਮਨੁੱਖ ਨੂੰ ਮਨੁੱਖ ਬਣਾਉਦਾ ਹੈ ਅਤੇ ਮਨੁੱਖ ਅੰਦਰਲੀ ਸੰਵੇਦਨਾ ਨੂੰ ਬਚਾਈ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵਧਾਉਂਦੇ ਹਨ ਅਤੇ ਉਨਾਂ ਦੀ ਕਲਾ ਨੂੰ ਨਿਖਾਰਦੇ ਹਨ। ਸਮੇਂ ਸਮੇਂ ਅਨੁਸਾਰ ਅਜਿਹੇ ਮੁਕਾਬਲੇ ਸਕੂਲਾਂ/ ਕਾਲਜਾਂ ਵਿੱਚ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਕਿ ਪੰਜਾਬੀ ਭਾਸ਼ਾ ਦਾ ਦਰਜਾ ਚੜਦੀ ਕਲਾ ਵਿੱਚ ਰਹੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਭ ਤੋਂ ਅਹਿਮ ਇਹ ਗੱਲ ਹੈ ਕਿ ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਵੀ, ਲੇਖਕ, ਕਹਾਣੀਕਾਰ ਆਦਿ ਬਣਾਉਣਗੇ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ, ਬਲਵੀਰ ਕੁਮਾਰ, ਡਾ. ਕੇਵਲ ਰਾਮ, ਗ਼ਜ਼ਲਗੋ ਕੁਲਵਿੰਦਰ ਕੁੱਲਾ, ਪ੍ਰੋ. ਉਂਕਾਰ ਸਿੰਘ ਅਤੇ ਪ੍ਰੋ. ਬਲਵਿੰਦਰ ਚਹਿਲ ਨੇ ਨਿਭਾਈ। ਕਵਿਤਾ ਗਾਇਨ ਮੁਕਾਬਲੇ ਵਿਚ ਸਰਕਾਰੀ ਸੀਨੀ. ਸੈਕੰ. ਸਕੂਲ ਭਾਰਟਾ ਕਲਾਂ ਦੇ ਵਿਦਿਆਰਥੀ ਸ਼ਰਨਦੀਪ ਬੰਗਾ ਨੇ ਪਹਿਲਾ, ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂ ਸ਼ਹਿਰ ਦੀ ਵਿਦਿਆਰਥਣ ਦਿਕਸ਼ਾ ਨੇ ਦੂਜਾ ਅਤੇ ਇਸੇ ਸਕੂਲ ਦੀ ਵਿਦਿਆਰਥਣ ਹਰਨੂਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੇਖ ਰਚਨਾ ਮੁਕਾਬਲੇ ਵਿਚ ਸਰਕਾਰੀ ਕੰਨਿਆਂ ਸੀਨੀ. ਸੈਕੰ. ਸਕੂਲ ਰਾਹੋਂ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪਹਿਲਾ, ਸਰਕਾਰੀ ਕੰਨਿਆਂ ਸੀਨੀ. ਸੈਕੰ. ਸਕੂਲ ਹੇੜੀਆਂ ਦੀ ਵਿਦਿਆਰਥਣ ਜਾਨਵੀ ਨੇ ਦੂਜਾ ਅਤੇ ਸਰਕਾਰੀ ਸੀਨੀ. ਸੈਕੰ. ਸਕੂਲ ਕਰਨਾਣਾ ਦੇ ਵਿਦਿਆਰਥੀ ਹਰੀਸ਼ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਮੁਕਾਬਲਿਆਂ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਕ੍ਰਮਵਾਰ 1000/- , 750/- ਅਤੇ 500/- ਰੁਪਏ ਦਾ ਨਗਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਕਹਾਣੀਕਾਰ ਅਜਮੇਰ ਸਿੱਧੂ ਨੇ ਵਿਦਿਆਰਥੀਆਂ ਨੂੰ ਕਹਾਣੀ ਲਿਖਣ ਸੰਬੰਧੀ ਮੁੱਢਲੀਆਂ ਗੱਲਾਂ ਦੱਸੀਆਂ ਅਤੇ ਸਾਹਿਤ ਪੜਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਇਹ ਬਹੁਤ ਸੋਹਣਾ ਉਪਰਾਲਾ ਹੈ ਅਤੇ ਅਜਿਹੇ ਉਪਰਾਲੇ ਕਰਨ ਲਈ ਭਾਸ਼ਾ ਵਿਭਾਗ ਵਧਾਈ ਦਾ ਹੱਕਦਾਰ ਹੈ। ਬਲਵੀਰ ਕੁਮਾਰ, ਡਾ. ਕੇਵਲ ਰਾਮ, ਗ਼ਜ਼ਲਗੋ ਕੁਲਵਿੰਦਰ ਕੁੱਲਾ, ਪ੍ਰੋ. ਉਂਕਾਰ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਦੇ ਅੰਤ ਉੱਤੇ ਧੰਨਵਾਦ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਅਗਲੇ ਸਾਲ ਲਈ ਡੱਟ ਕੇ ਤਿਆਰੀ ਕਰਨ ਲਈ ਕਿਹਾ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਬਲਵਿੰਦਰ ਚਹਿਲ ਨੇ ਬਾਖ਼ੂਬੀ ਨਿਭਾਈ। ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਵਿੱਚ ਪੰਜਾਬੀ ਲਿਟਰੇਰੀ ਸੁਸਾਇਟੀ ਦੇ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਜੀ ਯੋਗਦਾਨ ਪਾਇਆ। ਇਸ ਸਮੇਂ ਭਾਸ਼ਾ ਵਿਭਾਗ ਤੋਂ ਅਰਸ਼ਦੀਪ ਸਿੰਘ, ਹਨੀ ਕੁਮਾਰ, ਚਰਨਜੀਤ ਸਿੰਘ ਅਤੇ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly