ਜਲੰਧਰ, (ਮਹਿੰਦਰ ਰਾਮ ਫੁੱਗਲਾਣਾ)- ਸ਼੍ਰੀ ਗੁਰੂ ਰਵਿਦਾਸ ਮੰਦਰ ਚਮਾਰਵਾਲਾ ਜੌਹੜ ਤੁਗਲਕਾਬਾਦ ਦਿਲੀ ਦੀ ਜਮੀਨ 10 ਅਗੱਸਤ 2019 ਨੂੰ ਕੇਂਦਰ ਸਰਕਾਰ ਅਤੇ ਡੀ.ਡੀ.ਏ.(ਦਿੱਲੀ ਡੀਵੈਲਪਮੈਂਟ ਅਥਾਰਟੀ) ਨੇ ਹਥਿਆ ਲਈ ਸੀ, ਇਸ ਸਾਰੀ ਜ਼ਮੀਨ ਨੂੰ ਵਾਪਸ ਕਰਨ ਲਈ ਰਵਿਦਾਸੀਆ ਸਮਾਜ ਦੇ ਆਗੂਆਂ ਨੇ ਡੀ ਸੀ ਜਲੰਧਰ ਰਾਹੀਂ ਮੰਗ ਪੱਤਰ ਭੇਜਿਆ। ਇਹ ਮੰਗ ਪੱਤਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਮਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਜ਼ ਦੇ ਨਾਂ ਤੇ ਭੇਜਿਆ ਗਿਆ, ਜਿਸਦੀ ਸੂਚਨਾ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਭੇਜੀ ਗਈ । ਇਥੇ ਇਹ ਦੱਸਣਾ ਜਰੂਰੀ ਹੈ ਕਿ ਰਾਜਾ ਸਿਕੰਦਰ ਲੋਧੀ ਨੇ ਇਹ ਸਾਰੀ ਜਮੀਨ ਸ਼੍ਰੀ ਗੁਰੂ ਰਵਿਦਾਸ ਮਹਾਂਰਾਜ ਨੂੰ ਭੇਟ ਕੀਤੀ ਸੀ।
ਯਾਦ ਕਰਨਾ ਬਣਦਾ ਹੈ ਕਿ 10 ਅਕਤੂਬਰ 2019 ਨੂੰ ਕੇਂਦਰ ਸਰਕਾਰ ਵਲੋਂ ਇਸ ਜਮੀਨ ਤੇ ਕਬਜਾ ਕਰ ਲਿਆ ਸੀ ਜਿਸ ਦੇ ਵਿਰੋਧ ਵਿੱਚ ਲੱਖਾਂ ਰਵਿਦਾਸੀਆਂ ਸਮਾਜ ਦੇ ਲੋਕਾਂ ਨੇ ਵਿਰੋਧ ਪਰਦਰਸ਼ਨ ਕੀਤੇ ਸਨ। ਇਸ ਸਬੰਧ ਵਿੱਚ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਰੋਸ ਪਰਦਰਸ਼ਨ ਹੋਏ ਸਨ। ਰਵਿਦਾਸੀਆ ਸਮਾਜ ਦੇ ਆਗੂਆਂ ਨੇ ਮੰਗ ਪੱਤਰ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਜ਼ਮੀਨ ਤੁਰੰਤ ਰਵਿਦਾਸੀਆ ਸਮਾਜ ਦੇ ਹਵਾਲੇ ਕੀਤੀ ਜਾਵੇ। ਮੰਗ ਪੱਤਰ ਦੇਣ ਮੌਕੇ ਸੰਤ ਸੁਰਿੰਦਰ ਦਾਸ ਬਾਵਾ, ਸੰਤ ਅਵਤਾਰ ਦਾਸ, ਸੰਤ ਹਰਦੇਸ਼ਵਰੀ ਦੇਵੀ , ਸੰਤ ਹਰਮੇਸ਼ਵਰ ਵਰੀ, ਸੰਤ ਹਰਵਿੰਦਰ ਦਾਸ, ਅੈਡਵੋਕੇਟ ਮੋਹਣ ਲਾਲ ਫਿਲੌਰੀਆ, ਹਰਭਜਨ ਦਾਸ ਸਾਂਪਲਾ, ਰਾਜ ਕੁਮਾਰੀ ਮਾਹੀ, ਰਜਿੰਦਰ ਅਜਾਦ, ਤੇ ਹੋਰ ਆਗੂ ਹਾਜ਼ਰ ਸਨ।