- ਪਿੰਡ ਫੁੱਲੜਾ ’ਚ ਵਾਪਰੀ ਘਟਨਾ
- ਮ੍ਰਿਤਕਾਂ ’ਚ ਪਿੰਡ ਦੀ ਸਰਪੰਚ ਦਾ ਪਤੀ ਵੀ ਸ਼ਾਮਲ
ਦਸੂਹਾ (ਸਮਾਜ ਵੀਕਲੀ): ਪਿੰਡ ਫੁੱਲੜਾ ਵਿੱਚ ਜ਼ਮੀਨੀ ਕਬਜ਼ੇ ਲਈ ਦੋ ਧਿਰਾਂ ਦਰਮਿਆਨ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਿੰਡ ਫੁੱਲੜਾ ਦੀ ਮੌਜੂਦਾ ਸਰਪੰਚ ਲਵਲੀ ਦੇਵੀ ਦਾ ਪਤੀ ਸੁਖਰਾਜ ਸਿੰਘ, ਉਨ੍ਹਾਂ ਦਾ ਗੁਆਂਢੀ ਨਿਸ਼ਾਨ ਸਿੰਘ ਅਤੇ ਜੈਮਲ ਸਿੰਘ ਤੋਂ ਇਲਾਵਾ ਦੂਜੀ ਧਿਰ ਦਾ ਅਮਰਿੰਦਰ ਸਿੰਘ ਵਾਸੀ ਗੋਲੇਵਾਲ (ਦਸੂਹਾ) ਸ਼ਾਮਲ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਸੁਖਰਾਜ ਸਿੰਘ ਅਤੇ ਉਸ ਦੇ ਸਾਥੀ ਆਪਣੇ ਖੇਤਾਂ ਵਿੱਚ ਫ਼ਸਲਾਂ ਨੂੰ ਪਾਣੀ ਦੇ ਰਹੇ ਸਨ ਕਿ ਇਸ ਦੌਰਾਨ ਨਿਰਮਲ ਸਿੰਘ (ਹੁਸ਼ਿਆਰਪੁਰ ਧਿਰ) ਦੇ ਕੁਝ ਲੋਕ ਕੁਝ ਰਕਬੇ ’ਚ ਗੰਨਾ ਬੀਜਣ ਆ ਗਏ। ਜਦੋਂ ਸੁਖਰਾਜ ਸਿੰਘ ਵੱਲੋਂ ਉਨ੍ਹਾਂ ਨੂੰ ਜ਼ਮੀਨ ਵਾਹੁਣ ਤੋਂ ਰੋਕਿਆ ਗਿਆ ਤਾਂ ਕੁਝ ਲੋਕ ਗੱਡੀਆਂ ’ਚ ਸੁਖਰਾਜ ਸਿੰਘ ਦੀ ਮਾਲਕੀ ਵਾਲੀ ਜ਼ਮੀਨ ਕੋਲ ਪਹੁੰਚੇ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਖਰਾਜ ਸਿੰਘ ਵੱਲੋਂ ਵੀ ਬਚਾਅ ਵਿੱਚ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਹਮਲਾਵਰਾਂ ਵਿੱਚੋਂ ਵੀ ਕੁਝ ਲੋਕ ਫੱਟੜ ਹੋਏ। ਬਾਅਦ ਵਿੱਚ ਸੁਖਰਾਜ ਸਿੰਘ, ਨਿਸ਼ਾਨ ਸਿੰਘ, ਜੈਮਲ ਸਿੰਘ ਅਤੇ ਅਮਰਿੰਦਰ ਸਿੰਘ ਦੀ ਮੌਤ ਹੋ ਗਈ।
ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਦੇ ਨਾਲ ਹਲਕਾ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ, ਦਸੂਹਾ ਪੁਲੀਸ ਵੱਲੋਂ ਐੱਸਪੀ ਮੁਖਤਿਆਰ ਰਾਏ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚੇ।
ਇੱਕ ਚਸ਼ਮਦੀਦ ਨੇ ਦੱਸਿਆ ਕਿ 10 ਤੋਂ ਵੱਧ ਗੱਡੀਆਂ ਵਿੱਚ ਆਏ ਲੋਕਾਂ ਨੇ ਆਉਂਦਿਆਂ ਹੀ ਸੁਖਰਾਜ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਖ਼ੁਦ ਖੇਤਾਂ ਵਿੱਚ ਪਾਣੀ ਲਾ ਰਿਹਾ ਸੀ ਤੇ ਹਮਲਾਵਰਾਂ ਨੇ ਉਸ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਵੱਲੋਂ ਇਹ ਕਹਿਣ ’ਤੇ ਕਿ ਉਸ ਦਾ ਇਸ ਜ਼ਮੀਨ ਜਾਂ ਸੁਖਰਾਜ ਸਿੰਘ ਨਾਲ ਕੋਈ ਸਬੰਧ ਨਹੀਂ, ਉਨ੍ਹਾਂ ਉਸ ਦੀ ਜਾਨ ਬਖ਼ਸ਼ ਦਿੱਤੀ।
ਮਾਮਲੇ ਦੀ ਪੜਤਾਲ ਜਾਰੀ: ਡੀਐੱਸਪੀ
ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿਹਾ ਕਿ ਹੁਣ ਤੱਕ ਚਾਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਨਿਰਮਲ ਸਿੰਘ ਗੰਭੀਰ ਜ਼ਖ਼ਮੀ ਹੈ। ਪੁਲੀਸ ਵੱਲੋਂ ਚਸ਼ਮਦੀਦਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕਰ ਕੇ ਘਟਨਾ ਦੇ ਮੂਲ ਕਾਰਨਾਂ ਬਾਰੇ ਖੁਲਾਸਾ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly