ਲਖੀਮਪੁਰ ਹਿੰਸਾ: ਆਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ ਭੇਜਿਆ

Ashish Mishra.

ਲਖੀਮਪੁਰ ਖੀਰੀ(ਯੂਪੀ) (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਪੁਲੀਸ ਨੇ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਅੱਜ ਅਦਾਲਤ ’ਚੋਂ ਤਿੰਨ ਦਿਨਾ ਰਿਮਾਂਡ ਹਾਸਲ ਕਰ ਲਿਆ। ਤਿੰਨ ਅਕਤੂਬਰ ਨੂੰ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿੱਚ ਇਕ ਪੱਤਰਕਾਰ ਵੀ ਸ਼ਾਮਲ ਸੀ। ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਯੂਪੀ ਪੁਲੀਸ ਨੂੰ ਆਸ਼ੀਸ਼ ਮਿਸ਼ਰਾ ਦਾ ਰਿਮਾਂਡ ਦੇਣ ਲਈ ਉਸ ਨੂੰ ਇਸ ਅਰਸੇ ਦੌਰਾਨ ਤੰਗ ਪ੍ਰੇਸ਼ਾਨ ਨਾ ਕਰਨ ਤੇ ਵਕੀਲ ਦੀ ਮੌਜੂਦਗੀ ’ਚ ਹੀ ਪੁੱਛਗਿੱਛ ਕਰਨ ਦੀ ਸ਼ਰਤ ਰੱਖੀ ਹੈ।

ਸੀਨੀਅਰ ਪ੍ਰਾਸੀਕਿਊਸ਼ਨ ਅਧਿਕਾਰੀ ਐੱਸ.ਪੀ.ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਪੁਲੀਸ ਨੇ ਆਸ਼ੀਸ਼ ਦੇ 14 ਦਿਨਾ ਰਿਮਾਂਡ ਦੀ ਮੰਗ ਕੀਤੀ ਸੀ, ਪਰ 12 ਤੋਂ 15 ਅਕਤੂਬਰ ਤੱਕ ਤਿੰਨ ਦਿਨਾ ਰਿਮਾਂਡ ਦੀ ਹੀ ਆਗਿਆ ਮਿਲੀ।’ ਰਿਮਾਂਡ ਦੀ ਮਿਆਦ 15 ਅਕਤੂਬਰ ਦੀ ਸਵੇਰ ਨੂੰ ਖ਼ਤਮ ਹੋ ਜਾਵੇਗੀ। ਉਂਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਚਿੰਤਾਰਾਮ ਨੇ ਯੂਪੀ ਪੁਲੀਸ ਨੂੰ ਮੁਲਜ਼ਮ ਦਾ ਤਿੰਨ ਦਿਨਾ ਰਿਮਾਂਡ ਦਿੰਦਿਆਂ ਸਾਫ਼ ਕਰ ਦਿੱਤਾ ਕਿ ਇਸ ਅਰਸੇ ਦੌਰਾਨ ਆਸ਼ੀਸ਼ ਮਿਸ਼ਰਾ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਪੁੱਛਗਿੱਛ ਦੌਰਾਨ ਮੁਲਜ਼ਮ ਦਾ ਵਕੀਲ ਮੌਜੂਦ ਰਹੇਗਾ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਨੂੰ ਕੀਤੇ ਹੁਕਮਾਂ ਵਿੱਚ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।

ਇਸ ਤੋਂ ਪਹਿਲਾਂ ਲਖੀਮਪੁਰ ਹਿੰਸਾ ਕੇਸ ਵਿੱਚ 12 ਘੰਟੇ ਦੇ ਕਰੀਬ ਕੀਤੀ ਪੁੱਛ-ਪੜਤਾਲ ਮਗਰੋਂ ਸ਼ਨਿੱਚਰਵਾਰ ਦੇਰ ਰਾਤ ਨੂੰ ਵਿਸ਼ੇਸ਼ ਜਾਂਚ ਟੀਮ ਨੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਿਟ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਮਿਸ਼ਰਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਤੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰੀ ਹੈ। ਮਿਸ਼ਰਾ 3 ਅਕਤੂਬਰ ਨੂੰ ਲਖੀਮਪੁਰ ਹਿੰਸਾ ਮੌਕੇ ਬਾਅਦ ਦੁਪਹਿਰ ਢਾਈ ਤੋਂ ਸਾਢੇ ਤਿੰਨ ਵਜੇ ਤੱਕ ਆਪਣੀ ਲੋਕੇਸ਼ਨ ਬਾਰੇ ਤਸੱਲੀਬਖ਼ਸ਼ ਜਵਾਬ ਦੇਣ ’ਚ ਵੀ ਨਾਕਾਮ ਰਿਹਾ ਸੀ।

ਮਿਸ਼ਰਾ ਦਾ ਨਾਂ ਉਸ ਐੱਫਆਈਆਰ ਵਿੱਚ ਸ਼ਾਮਲ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੀ ਫੇਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਰੜਨ ਵਾਲੇ ਵਾਹਨਾਂ ’ਚੋਂ ਇਕ ਵਿੱਚ ਮਿਸ਼ਰਾ ਸਵਾਰ ਸੀ। ਕਿਸਾਨ ਆਗੂਆਂ ਤੇ ਵਿਰੋਧੀ ਪਾਰਟੀਆਂ ਵੱਲੋਂ ਜਿੱਥੇ ਮਿਸ਼ਰਾ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਉੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਨੇ ਉਪਰੋਕਤ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਆਸ਼ੀਸ਼ ਮਿਸ਼ਰਾ ਉਰਫ਼ ਮੋਨੂ ਖੀਰੀ ਸੰਸਦੀ ਹਲਕੇ ਵਿੱਚ ਆਪਣੇ ਪਿਤਾ ਦੀਆਂ ਸਿਆਸੀ ਸਰਗਰਮੀਆਂ ਨੂੰ ਵੇਖਦਾ ਹੈ ਤੇ ਉਹ ਅਗਾਮੀ ਯੂਪੀ ਅਸੈਂਬਲੀ ਚੋਣਾਂ ਵਿੱਚ ਨਿਗਹਾਸਨ ਸੀਟ ਤੋਂ ਪਾਰਟੀ ਟਿਕਟ ਲਈ ਜ਼ੋਰ ਅਜ਼ਮਾਈ ਕਰ ਰਿਹਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਤਰੀ ਨੂੰ ਬਰਖਾਸਤ ਨਾ ਕਰਕੇ ਨਿਆਂ ਵਿੱਚ ਅੜਿੱਕੇ ਡਾਹ ਰਹੀ ਹੈ ਭਾਜਪਾ: ਰਾਹੁਲ
Next article2nd terrorist killed in J&K’s Shopian gunfight