ਲਖਨਊ/ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) (ਸਮਾਜ ਵੀਕਲੀ) : ਲਖੀਮਪੁਰ ਖੀਰੀ ’ਚ ਬੀਤੇ ਦਿਨ ਹੋਈ ਹਿੰਸਾ ਮਗਰੋਂ ਅੱਜ ਕਿਸਾਨਾਂ ਨੂੰ ਮਿਲਣ ਜਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਸੀਤਾਪੁਰ ਨੇੜੇ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਆਗੂਆਂ ਨੂੰ ਲਖੀਮਪੁਰ ਖੀਰੀ ਹਿੰਸਾ ਦੇ ਪੀੜਤਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਕਾਂਗਰਸ ਦੀ ਯੂਪੀ ਇਕਾਈ ਦੇ ਸੂਬਾ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਇਸ ਤਰ੍ਹਾਂ ਰੋਕਿਆ ਜਾਣਾ ਗ਼ੈਰ-ਜਮਹੂਰੀ ਕਦਮ ਹੈ।
ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ, ਦੀਪੇਂਦਰ ਹੁੱਡਾ ਤੇ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਸਵੇਰੇ ਪੰਜ ਵਜੇ ਸੀਤਾਪੁਰ ਨੇੜੇ ਹਿਰਾਸਤ ’ਚ ਲੈ ਲਿਆ ਗਿਆ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਧੀਰਜ ਗੁੱਜਰ ਨੇ ਤੜਕੇ 4.30 ਵਜੇ ਪੀਟੀਆਈ ਨੂੰ ਫੋਨ ’ਤੇ ਦੱਸਿਆ ਕਿ ਉਹ ਲਖੀਮਪੁਰ ਖੀਰੀ ਦੇ ਬਾਹਰ ਖੜ੍ਹੇ ਉਡੀਕ ਕਰ ਰਹੇ ਹਨ ਪਰ ਪੁਲੀਸ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦੇ ਰਹੀ। ਉਹ ਹਿੰਸਾ ਦੇ ਪੀੜਤਾਂ ਨੂੰ ਮਿਲਣ ਲਈ ਇੱਥੇ ਆਏ ਹਨ। ਪ੍ਰਿਯੰਕਾ ਗਾਂਧੀ ਦੇ ਕਾਫਲੇ ਨੂੰ ਇਸ ਤੋਂ ਪਹਿਲਾਂ ਥੋੜੀ ਦੇਰ ਲਈ ਯੂਪੀ ਪੁਲੀਸ ਨੇ ਲਖਨਊ ਨੇੜੇ ਵੀ ਰੋਕਿਆ ਜਿੱਥੇ ਉਹ ਲੰਘੀ ਰਾਤ ਨੂੰ ਹੀ ਪਹੁੰਚ ਗਏ ਸਨ।
ਉੱਧਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਸ ਘਟਨਾ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੂੰ ਵੀ ਲਖਨਊ ’ਚ ਰੋਕ ਲਿਆ ਗਿਆ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੱਲੋਂ ਲਖੀਮਪੁਰ ਜਾਣ ਸਬੰਧੀ ਕੀਤੇ ਐਲਾਨ ਮਗਰੋਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly