ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨਾਂ ਨੇ ਸੰਘਰਸ਼ੀ-ਮੋਰਚਿਆਂ ਤੋਂ ਕਿਸਾਨਾਂ ਨੇ ਹਕੂਮਤੀ ਜਬਰ ਖ਼ਿਲਾਫ਼ ਸੰਘਰਸ਼ ਤਿੱਖਾ ਕਰਨਾ ਦਾ ਸੱਦਾ ਦਿੱਤਾ ਗਿਆ ਹੈ। ਸੂਬੇ ਅੰਦਰ ਟੌਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹਕੂਮਤੀ ਜਬਰ ਕਿਸਾਨੀ ਅੰਦੋਲਨ ਨੂੰ ਫੇਲ੍ਹ ਨਹੀਂ ਕਰ ਸਕਦਾ।
ਅੱਜ ਮਹਾਨ ਇਨਕਲਾਬੀ ਭਗਵਤੀ ਚਰਨ ਵੋਹਰਾ ਦੀ ਪਤਨੀ ਤੇ ਇਨਕਲਾਬੀ ਸਰਗਰਮੀਆਂ ’ਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੀ ਦੁਰਗਾ ਭਾਬੀ ਦਾ ਜਨਮ ਦਿਨ ਸੰਘਰਸ਼ੀ ਅਖਾੜਿਆਂ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਕੇ ਮਨਾਇਆ ਗਿਆ। ਸਾਂਡਰਸ ਕਾਂਡ ਤੋਂ ਬਾਅਦ ਭਗਤ ਸਿੰਘ ਨੂੰ ਸੁਰੱਖਿਅਤ ਲਾਹੌਰ ਸ਼ਹਿਰ ’ਚੋਂ ਬਾਹਰ ਕੱਢਣ ਵਿੱਚ ਦੁਰਗਾ ਭਾਬੀ ਨੇ ਅਹਿਮ ਰੋਲ ਅਦਾ ਕੀਤਾ ਸੀ।
ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦੀਆਂ ਕੀਤੀਆਂ ਹੱਤਿਆਵਾਂ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰ ਸਰਕਾਰ ਦੀ ਚੁੱਪ ਬਿਆਨ ਕਰਦੀ ਹੈ ਕਿ ਭਾਜਪਾ ਸਿਰਫ਼ ਸਮਾਜ ਵਿੱਚ ਵੰਡੀਆਂ ਪਾ ਕੇ ਤੇ ਨਫ਼ਰਤ ਦਾ ਜ਼ਹਿਰ ਘੋਲ ਕੇ ਕੁਰਸੀ ’ਤੇ ਕਾਬਜ਼ ਰਹਿਣ ਦੀ ਲੀਹ ’ਤੇ ਚੱਲ ਰਹੀ ਹੈ। ਬੁਲਾਰਿਆਂ ਨੇ ਲਖੀਮਪੁਰ ਰੀਰੀ ਕਾਂਡ ਦੀ ਗੋਦੀ ਮੀਡੀਆ ਵੱਲੋਂ ਕੀਤੀ ਗਈ ਇੱਕਪਾਸੜ ਕਵਰੇਜ ਦੀ ਨਿਖੇਧੀ ਵੀ ਕੀਤੀ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਆ ਰਹੀਆਂ ਸਪੱਸ਼ਟ ਵੀਡੀਓਜ਼ ਦੇ ਬਾਵਜੂਦ ਮੀਡੀਆ ਇਸ ਘਟਨਾ ਨੂੰ ਕਿਸਾਨਾਂ ਦੇ ਵਿਰੋਧ ਵਿੱਚ ਵਰਤਣਾ ਚਾਹੁੰਦਾ ਹੈ। ਬੁਲਾਰਿਆਂ ਨੇ ਇਸ ਗੱਲ ’ਤੇ ਤਸੱਲੀ ਵੀ ਪ੍ਰਗਟਾਈ ਕਿ ਇਨ੍ਹਾਂ ਦਿਨਾਂ ਦੌਰਾਨ ਜਦੋਂ ਚਾਰੇ ਪਾਸੇ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਤਾਂ ਅੰਦੋਲਨ ਦੌਰਾਨ ਕਿਸਾਨਾਂ ਨੇ ਜ਼ਾਬਤਾ ਅਤੇ ਸ਼ਾਂਤੀ ਕਾਇਮ ਰੱਖੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਗ੍ਰਹਿ ਰਾਜ ਮੰਤਰੀ ‘ਦੋ ਦਿਨ ’ਚ ਸਿੱਧੇ ਕਰਨ’ ਵਾਲਾ ਤੇ ਖੱਟਰ ਦਾ ‘ਜੈਸੇ ਕੋ ਤੈਸਾ ਜਵਾਬ’ ਵਾਲਾ ਬਿਆਨ ਅਤੇ ਹੁਣ ਲਖੀਮਪੁਰ ਖੀਰੀ ਦਾ ਦਰਦਨਾਕ ਕਾਂਡ, ਸਭ ਇੱਕੋ ਸਾਜ਼ਿਸ਼ ਦੀਆਂ ਕੜੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸ਼ੁਰੂ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਕਿਸਾਨ ਸੰਘਰਸ਼ ਨੂੰ ਹਿੰਸਕ ਗਰਦਾਨਿਆ ਜਾ ਸਕੇ, ਜਿਸ ਵਿੱਚ ਉਹ ਹੁਣ ਤੱਕ ਕਾਮਯਾਬ ਨਹੀਂ ਹੋ ਸਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly