ਇਸ ਚੌਂਕ ਵਿੱਚ ਇੱਕ ਪੁਲਿਸ ਪੋਸਟ ਵੀ ਬਣੀ ਹੋਈ ਹੈ
ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਸ਼ਹਿਰ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਵਿੱਚ ਸਥਿਤ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਚੌਂਕ ਵਿੱਚ ਇੱਕ ਪੁਲਿਸ ਪੋਸਟ ਵੀ ਬਣੀ ਹੋਈ ਹੈ, ਅਤੇ ਇਹ ਦੁਕਾਨ ਬਿਲਕੁਲ ਪੋਸਟ ਦੇ ਸਾਹਮਣੇ ਸਥਿੱਤ ਹੈ। ਪ੍ਰੰਤੂ ਇਸ ਦੇ ਬਾਵਜੂਦ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹਨਾਂ ਚੋਰੀ ਕਰਨ ਲਈ ਇਸ ਚੌਂਕ ਵਿੱਚ ਹੀ ਦੁਕਾਨ ਨੂੰ ਚੁਣਿਆ। ਚੋਰੀ ਦੀ ਇਸ ਘਟਨਾਂ ਦੇ ਸਬੰਧ ਵਿੱਚ ਦੁਕਾਨ ਮਾਲਕ ਵਿਕਾਸ ਵਰਮਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਸੀ। ਅੱਜ ਸਵੇਰੇ 3 ਵਜੇ ਚੌਕੀਂਦਾਰ ਨੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਸੂਚਨਾਂ ਮਿਲਣ ਤੇ ਜਦ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਵਿੱਚ ਪਏ 30-40 ਕੀਮਤੀ ਮੋਬਾਇਲ ਗਾਇਬ ਸਨ। ਵਿਕਾਸ ਵਰਮਾਂ ਨੇ ਦੱਸਿਆ ਕਿ ਚੋਰੀ ਹੋਏ ਮੋਬਾਇਲਾਂ ਦੀ ਕੀਮਤ 5 ਤੋਂ 6 ਲੱਖ ਰੁਪਏ ਦੇ ਦਰਮਿਆਨ ਹੈ । ਸੂਚਨਾ ਮਿਲਣ ਤੇ ਸਥਾਨਕ ਥਾਣਾ ਸਿਟੀ ਤੋਂ ਪੁਲਿਸ ਮੌਕੇ ਤੇ ਪੁੱਜੀ ਅਤੇ ਘਟਨਾ ਦਾ ਜਾਇਜ਼ਾ ਲਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੀ ਪੰਜ ਛੇ ਮਾਰਚ ਦੀ ਰਾਤ ਨੂੰ ਵੀ ਸ਼ਹਿਰ ਦੇ ਇੱਕ ਘਰ ਵਿੱਚ ਵੱਡੀ ਮਾਤਰਾ ਵਿੱਚ ਸੋਨਾ ਅਤੇ ਨਗਦੀ ਚੋਰੀ ਹੋਈ ਸੀ। ਇਸ ਸੰਬੰਧ ਵਿੱਚ ਥਾਣਾ ਮੁਖੀ ਸਿਟੀ ਵਰਿੰਦਰਪਾਲ ਸਿੰਘ ਉੱਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਚੋਰੀ ਦੀ ਘਟਨਾ ਦੇ ਸੰਬੰਧ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj