ਮਜ਼ਦੂਰ ਦਿਵਸ ਤੇ ਵਿਸ਼ੇਸ਼ ( ਮਜ਼ਦੂਰ ਔਰਤ)

         (ਸਮਾਜ ਵੀਕਲੀ)
ਕੜਕਦੀ ਧੁੱਪ ਵੇਲਾ ਸਿਖਰ ਦੁਪਹਿਰ ਦਾ
ਧਾਰਾਂ ਬੰਨ੍ਹ ਮੱਥੇ ਤੋਂ ਪਸੀਨਾ ਚੋਵੇ ਕਹਿਰ ਦਾ
ਭੁੱਖ ਨਾਲ ਆਂਦਰਾਂ ਵੀ ਹੋਈ ਜਾਣ ਕੱਠੀਆਂ
ਨੰਗੇ ਪੈਰ ਸੜਕ ਵੀ ਤਪੇ ਵਾਂਗ ਭੱਠੀਆਂ
ਕੱਪੜੇ ਵੀ ਪੂਰੇ ਨਹੀਂ ਜੋ ਤਨ ਨੂੰ ਢਕਣ ਮੇਰੇ,
ਨਿੱਕੀ ਜਿੰਨੀ ਜਿੰਦ ਰੱਬਾ, ਦੁੱਖੜੇ ਹਜ਼ਾਰ ਨੇ
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…..?
ਔਰਤ ਹਾਂ, ਮਾਂ ਵੀ  ਹਾਂ, ਨਾਲੇ ਇੱਕ ਮਜ਼ਦੂਰ ਹਾਂ
ਜ਼ਿੰਦਗੀ ਜਿਊਣ ਲਈ ਮੈਂ ਬੜੀ ਮਜ਼ਬੂਰ ਹਾਂ
ਹੋ ਗਿਆ ਏ ਔਖਾ ਬੜਾ ਕਰਨਾ ਗੁਜ਼ਾਰਾ ਏ
ਮੇਰੇ ਜਿਹੀ ਗਰੀਬਣੀ ਦਾ ਕੋਈ ਨਹੀਂ ਸਹਾਰਾ ਏ
ਚੁੱਲ੍ਹੇ ਲਈ ਕੱਠੀਆਂ ਜੋ ਕੀਤੀਆਂ ਨੇ ਲੱਕੜਾਂ
ਗੋਦੀ ਵਿੱਚ ਲਾਲ, ਸਿਰ ਲੱਕੜਾਂ ਦਾ ਭਾਰ ਏ
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…..?
ਬੇਰੰਗੀ ਜ਼ਿੰਦਗੀ ਇਹ, ਸਾਡੀ ਜਿਉਂ ਵੀਰਾਨ ਏ
ਬੁੱਲ੍ਹਾਂ ਉੱਤੇ ਸਾਡੇ ਨਹੀਂਓਂ ਆਉਂਦੀ ਮੁਸਕਾਨ ਏ
ਪੈਂਦਾ ਨਹੀਂ ਕਿਉਂ ਪੂਰਾ, ਸਾਡੀ ਮਿਹਨਤਾਂ ਦਾ ਮੁੱਲ ਏ
ਕਿਹੜੀ ਰੱਬਾ ਸਾਡੇ ਕੋਲੋਂ ਹੋਈ ਐਸੀ ਭੁੱਲ ਏ
ਸਾਰਾ ਦਿਨ ਕੰਮ ਕਰ, ਥੱਕ ਟੁੱਟ ਚੂਰ ਹੋਕੇ
ਮੰਗਾਂ ਮਜ਼ਦੂਰੀ ਜਦੋਂ, ਘੂਰੇ ਸ਼ਾਹੂਕਾਰ ਏ
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…..?
ਕਾਹਦੀ ਇਹੇ ਜਿੰਦ “ਖੁਸ਼ੀ” ਜੂਨ ਹੀ ਹੰਢਾਉਂਨੇ ਆਂ
ਅਸੀਂ ਵੀ ਕੋਈ ਸੋਹਣੀ, ਜ਼ਿੰਦਗੀ ਜਿਉਣਾ ਚਾਹੁੰਨੇ ਆਂ
ਕੱਖਾਂ ਦੀ ਜੋ ਕੁੱਲੀ ਨੂੰ ਹੀ ਘਰ ਅਸੀਂ ਕਹਿਨੇ ਆਂ
ਜਿਸ ਦਿਨ ਮਿਲੇ ਨਾ ਦਿਹਾੜੀ ਭੁੱਖੇ ਰਹਿਨੇ ਆਂ
ਮਿਲੇ ਨਾ ਦਿਹਾੜੀ ਨਾ ਹੀ ਪੱਕਾ ਰੁਜ਼ਗਾਰ ਕੋਈ
ਸਾਡੇ ਲਈ ਤਾਂ ਕੁੱਝ ਵੀ ਨਾ ਸੋਚੇ ਸਰਕਾਰ ਏ
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…..?
ਖੁਸ਼ੀ ਮੁਹੰਮਦ (ਚੱਠਾ)
ਖੁਸ਼ੀ ਮੁਹੰਮਦ “ਚੱਠਾ”
ਮੋਬਾ/ਵਟਸਐਪ: 97790-25356

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਮਜ਼ਦੂਰ 
Next articleਮਜ਼ਦੂਰ ਦਿਵਸ ਤੇ ਦੋ ਟੁੱਕ…..