HOME ਅੰਬੇਡਕਰ ਭਵਨ ਵਿਖੇ ਐਲ.ਆਰ. ਬਾਲੀ ਨੂੰ ਭਾਵੁਕ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ

ਅੰਬੇਡਕਰ ਭਵਨ ਵਿਖੇ ਐਲ.ਆਰ. ਬਾਲੀ ਨੂੰ ਭਾਵੁਕ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ

3
Photo Caption: Activists of Ambedkar organizations paying tribute to Shri L. R. Balley

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਉੱਘੇ ਅੰਬੇਡਕਰਵਾਦੀ,

                                 Sohan Lal

ਮਹਾਨ ਚਿੰਤਕ, ਨਿਡਰ ਬੁਲਾਰੇ, ਭੀਮ ਪੱਤ੍ਰਕਾ ਦੇ ਸੰਪਾਦਕ ਸ੍ਰੀ ਐਲ. ਆਰ. ਬਾਲੀ ਦੀ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਅੰਬੇਡਕਰ ਭਵਨ ਟਰੱਸਟ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਮੈਂਬਰਾਂ ਵੱਲੋਂ ਸ਼੍ਰੀ ਐਲ ਆਰ ਬਾਲੀ ਨੂੰ ਭਾਵੁਕ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੁਸਾਇਟੀ ਦੇ ਸਰਪ੍ਰਸਤ ਅਤੇ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਡੀਪੀਆਈ (ਕਾਲਜਾਂ) ਨੇ ਬਾਲੀ ਸਾਹਿਬ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬਾਲੀ ਸਾਹਿਬ ਨੇ ਪੰਜਾਬ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਦਾ ਮੁੱਢ ਬੰਨਿਆ। ਉਹਨਾਂ ਨੇ ਆਪਣੀਆਂ ਪ੍ਰੇਰਨਾਦਾਇਕ ਲਿਖਤਾਂ ਰਾਹੀਂ ਜਨ-ਚੇਤਨਾ ਪੈਦਾ ਕਰਨ ਦਾ ਬੇਮਿਸਾਲ ਯਤਨ ਕੀਤਾ। ਉਹਨਾਂ ਕਿਹਾ ਕਿ ਬਾਲੀ ਸਾਹਿਬ ਦਾ ਪੂਰਾ ਜੀਵਨ ਪੀੜਤ ਤੇ ਸਤਾਏ ਹੋਏ ਲੋਕਾਂ ਪ੍ਰਤੀ ਸਮਰਪਿਤ ਸੀ।

                      Prof Balbir

ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੋਫੈਸਰ ਬਲਬੀਰ ਨੇ ਆਪਣੇ ਸੰਬੋਧਨ ਵਿੱਚ ਬਾਲੀ ਜੀ ਨੂੰ ਅੰਬੇਡਕਰੀ ਵਿਚਾਰਧਾਰਾ ਦਾ ਮਹਾਨ ਚਿੰਤਕ ਦੱਸਦਿਆਂ ਲੋਕ ਸੰਘਰਸ਼ ਵਿੱਚ ਪਾਏ ਗਏ ਉਹਨਾਂ ਦੇ ਭਰਪੂਰ ਯੋਗਦਾਨ ਅਤੇ ਉਹਨਾਂ ਵੱਲੋਂ ਆਪਣੀਆਂ ਅਨੇਕ ਪੁਸਤਕਾਂ ਰਾਹੀਂ ਤਤਕਾਲੀਨ ਨੌਜਵਾਨ ਵਰਗ ਵਿੱਚ ਜੋਸ਼ ਅਤੇ ਉਤਸ਼ਾਹ ਦੀ ਨਵੀਂ ਚੇਤਨਾ ਪੈਦਾ ਕਰਨ ਦੀ ਭਰਪੂਰ ਪ੍ਰਸ਼ੰਸਾ ਕੀਤੀ।

                                               G C Kaul

ਸੁਸਾਇਟੀ ਦੇ ਸਰਪ੍ਰਸਤ ਅਤੇ ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ. ਕੌਲ ਨੇ ਬਾਲੀ ਸਾਹਿਬ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬਾਲੀ ਸਾਹਿਬ ਉਹਨਾਂ ਕੁਝ ਇੱਕ ਮੁਢਲੇ ਅੰਬੇਡਕਰਵਾਦੀਆਂ ਵਿੱਚੋਂ ਸਨ, ਜਿਨ੍ਹਾਂ ਨੇ ਪੰਜਾਬ ਵਿੱਚ ਅੰਬੇਡਕਰੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਨੀਂਹ ਰੱਖੀ। ਜਬਰਦਸਤ ਵਿਰੋਧੀ ਸ਼ਕਤੀਆਂ ਦੇ ਬਾਵਜੂਦ ਨਾ ਸਿਰਫ ਪੰਜਾਬ ਵਿੱਚ, ਬਲਕਿ ਅਨੇਕ ਅੰਦੋਲਨਾਂ ਦੀ ਅਗਵਾਈ ਕਰਨ ਤੋਂ ਇਲਾਵਾ ਅਥਾਹ ਲਿਟਰੇਚਰ ਦੀ ਸਿਰਜਣਾ ਕਰਕੇ ਪੂਰੇ ਭਾਰਤ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਨੂੰ ਜਨ-ਜਨ ਤੱਕ ਪਹੁੰਚਾਇਆ।

                            C D Sandhu

ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਬਾਲੀ ਸਾਹਿਬ ਵੱਲੋਂ 6 ਦਸੰਬਰ, 1956 ਨੂੰ ਬਾਬਾ ਸਾਹਿਬ ਦੇ ਪਰਿਨਿਰਵਾਣ ਸਮੇਂ ਸਰਕਾਰੀ ਨੌਕਰੀ ਤੋਂ ਤਿਆਗ ਪੱਤਰ ਦੇਣ ਉਪਰੰਤ ਲਗਾਤਾਰ ਕੀਤੇ ਗਏ ਲੋਕ ਸੰਘਰਸ਼ ਨੂੰ ਯਾਦ ਕੀਤਾ। ਉਹਨਾਂ ਕਿਹਾ 1958 ਵਿੱਚ ਹਿੰਦੀ ਵਿੱਚ ‘ਭੀਮ ਪਤ੍ਰਿਕਾ’ ਸ਼ੁਰੂ ਕਰਕੇ ਬਾਲੀ ਜੀ ਨੇ ਪੂਰੇ ਭਾਰਤ ਵਿੱਚ ਅੰਬੇਡਕਰੀ ਵਿਚਾਰਧਾਰਾ ਪ੍ਰਤੀ ਚੇਤਨਾ ਪੈਦਾ ਕਰਨ ਦਾ ਅਹਿਮ ਯਤਨ ਸ਼ੁਰੂ ਕੀਤਾ। 1964 ਵਿੱਚ ਆਰਪੀਆਈ ਵੱਲੋਂ ਸ਼ੁਰੂ ਕੀਤੇ ਗਏ ਮੋਰਚੇ ਸਮੇਂ ਉਹਨਾਂ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਗ੍ਰਿਫਤਾਰੀ ਦੇ ਕੇ ਪੂਰੇ ਪਰਿਵਾਰ ਸਮੇਤ 70 ਦਿਨ ਜੇਲ ਕੱਟੀ। ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਵਜੋਂ ਨਿਭਾਏ ਗਏ ਰੋਲ, ਪੰਜਾਬ ਵਿੱਚ ਦਲਿਤਾਂ ਉੱਪਰ ਹੁੰਦੇ ਅੱਤਿਆਚਾਰਾਂ ਵਿਰੁੱਧ ਕੀਤੀ ਜਾਂਦੀ ਨਿਰੰਤਰ ਜਦੋ-ਜਹਿਦ, 1982 ਨੂੰ ਬਾਬਾ ਸਾਹਿਬ ਦੇ ਜਨਮਦਿਨ ਦੀ ਗ਼ਜ਼ੇਟਿਡ ਛੁੱਟੀ ਲਈ ਕੀਤੇ ਸੰਘਰਸ਼ ਅਤੇ ਤੱਲ੍ਹਣ ਕਾਂਡ ਵਰਗੇ ਅਨੇਕ ਮੋਰਚੇ ਲਾ ਕੇ ਦਲਿਤ ਅਧਿਕਾਰਾਂ ਦੀ ਪ੍ਰਾਪਤੀ ਹਿੱਤ ਕੀਤੇ ਯਤਨਾਂ ਨੂੰ ਯਾਦ ਕੀਤਾ।

ਸ੍ਰੀ ਜਸਵਿੰਦਰ ਵਰਿਆਣਾ, ਪਰਮਿੰਦਰ ਸਿੰਘ ਖੁੱਤਣ, ਡਾ. ਚਰਨਜੀਤ ਸਿੰਘ. ਗੌਤਮ ਸਾਂਪਲਾ ਅਤੇ ਡਾ. ਮਹਿੰਦਰ ਸੰਧੂ ਨੇ ਵੀ ਸ੍ਰੀ ਐਲ ਆਰ ਬਾਲੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ਼ ਨੇ ਵੀ ਬਾਲੀ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਭ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਬਾਲੀ ਸਾਹਿਬ ਨੇ ਸਮਾਜ ਵਾਸਤੇ ਜੋ ਕਾਰਜ ਕੀਤੇ ਹਨ ਉਹਨਾਂ ਕਰਕੇ ਬਾਲੀ ਸਾਹਿਬ ਦਾ ਨਾਮ ਸਦੀਵੀ ਬਣ ਗਿਆ ਹੈ ਅਤੇ ਜਦ ਤੱਕ ਸੂਰਜ ਚੰਦ ਰਹੇਗਾ ਉਦੋਂ ਤੱਕ ਬਾਲੀ ਸਾਹਿਬ ਦਾ ਨਾਮ ਰਹੇਗਾ। ਇਸ ਮੌਕੇ ਨਿਰਮਲ ਸਿੰਘ ਬਿੰਜੀ, ਅਸ਼ਵਨੀ ਕੁਮਾਰ, ਰਮੇਸ਼ ਬੰਗੜ ਅਤੇ ਵਿੱਕੀ ਆਦਿ ਹਾਜਰ ਸਨ।

                               Dr Charanjit
                                    P S Khutan
                             BR Bhardwaj
                                           J Wariana
                                  Gautam

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

Previous articleਵਰਦੀ ਦਾ ਕੋਈ ਸਤਿਕਾਰ ਨਹੀਂ! ਮਹਿਲਾ ਪੁਲਿਸ ਸਟੇਸ਼ਨ ਇੰਚਾਰਜ ਨੇ ਸਟੇਸ਼ਨ ਦੇ ਅੰਦਰ ਰੋਮਾਂਟਿਕ ਰੀਲ ਬਣਾਈ, ਵੀਡੀਓ ਵਾਇਰਲ ਹੁੰਦੇ ਹੀ ਹੰਗਾਮਾ ਮਚਾ ਦਿੱਤਾ
Next articleअंबेडकर भवन में एल. आर. बाली को भावभीनी श्रद्धांजलि अर्पित की गई