ਕੋਟਕਪੂਰਾ ਗੋਲੀ ਕਾਂਡ: ਸਿਟ ਵੱਲੋਂ ਸਾਬਕਾ ਮੁੱਖ ਮੰਤਰੀ ਬਾਦਲ ਤਲਬ

ਫ਼ਰੀਦਕੋਟ, ਸਮਾਜ ਵੀਕਲੀ: ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ-ਗਿੱਛ ਲਈ ਤਲਬ ਕੀਤਾ ਹੈ। ਏਡੀਜੀਪੀ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ  16 ਜੂਨ ਨੂੰ ਸਾਬਕਾ ਮੁੱਖ ਮੰਤਰੀ ਤੋਂ ਮੁਹਾਲੀ ਦੇ ਫੇਜ਼-8 ਵਿੱਚ ਪੁੱਛ-ਗਿੱਛ ਕਰੇਗੀ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਜਾਂਚ ਟੀਮ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ, ਇਸ ਬਾਰੇ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।

ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਣਗੇ ਕਿਉਂਕਿ ਕੋਈ ਵੀ ਜਾਂਚ ਏਜੰਸੀ 65 ਸਾਲ ਤੋਂ ਉਪਰ ਦੇ ਨਾਗਰਿਕ ਨੂੰ ਪੁੱਛ-ਪੜਤਾਲ ਲਈ ਸੱਦ ਨਹੀਂ ਸਕਦੀ ਹੈ ਸਗੋਂ ਜਾਂਚ ਟੀਮ ਨੂੰ ਉਸ ਵਿਅਕਤੀ ਕੋਲ ਜਾਣਾ ਪੈਂਦਾ ਹੈ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੇ ਸਬੰਧ ਵਿੱਚ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠਲੀ ਟੀਮ ਅੱਗੇ ਪੁੱਛ-ਪੜਤਾਲ ਲਈ ਪੇਸ਼ ਹੋ ਚੁੱਕੇ ਹਨ। ਜਾਂਚ ਟੀਮ ਨੇ ਸਾਬਕਾ ਡੀਜੀਪੀ ਅਤੇ ਪੰਜ ਹੋਰ ਆਈਪੀਐੱਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਮੁਕੰਮਲ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਲਈ ਸੱਦਿਆ ਹੈ।

ਜਾਣਕਾਰੀ ਮੁਤਾਬਕ ਗੋਲੀ ਕਾਂਡ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ਰੀਦਕੋਟ ਪ੍ਰਸ਼ਾਸਨ ਨਾਲ ਲੰਬੀ ਗੱਲਬਾਤ ਹੋਈ ਸੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਗੱਲਬਾਤ ਰਾਹੀਂ ਮਾਮਲਾ ਨਜਿੱਠਣ ਲਈ ਕਿਹਾ ਸੀ। ਗੱਲਬਾਤ ਹੋਣ ਦੇ ਕਰੀਬ ਇੱਕ ਘੰਟੇ ਬਾਅਦ ਹੀ ਕੋਟਕਪੂਰਾ ’ਚ ਗੋਲੀ ਚੱਲ ਗਈ ਸੀ। ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਮਾਮਲਾ ਗੱਲਬਾਤ ਰਾਹੀਂ ਨਿਬੇੜਨ ਦੇ ਆਦੇਸ਼ ਦਿੱਤੇ ਸਨ ਤਾਂ ਫਿਰ ਗੋਲੀ ਕਿਸ ਦੇ ਹੁਕਮਾਂ ’ਤੇ ਚਲਾਈ ਗਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀ ਸਬਸਿਡੀ ਦੇ ਖਾਤਮੇ ਲਈ ਕੇਂਦਰ ਨੇ ਬੁਣਿਆ ਨਵਾਂ ਤਾਣਾ
Next articleਵਜ਼ੀਫ਼ਾ ਘੁਟਾਲਾ: ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲੀਸ ਨੇ ਹਿਰਾਸਤ ‘ਚ ਲਿਆ