ਫ਼ਰੀਦਕੋਟ (ਸਮਾਜ ਵੀਕਲੀ): ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਆਪਣੀ ਆਵਾਜ਼ ਦਾ ਨਮੂਨਾ ਦੇਣ ਲਈ ਦਿੱਲੀ ਤਲਬ ਕੀਤਾ ਹੈ। ਹਾਲਾਂਕਿ ਡੀਜੀਪੀ ਸੁਮੇਧ ਸੈਣੀ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਜਦੋਂ ਉਹ ਆਪਣੀ ਆਵਾਜ਼ ਦਾ ਨਮੂਨਾ ਦੇਣ ਜਾਣਗੇ ਤਾਂ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਚਰਨਜੀਤ ਸ਼ਰਮਾ ਨੂੰ ਵੀ ਇਸ ਮਾਮਲੇ ਵਿੱਚ ਆਪਣੀ ਆਵਾਜ਼ ਦੇ ਨਮੂਨੇ ਦੇਣ ਲਈ ਦਿੱਲੀ ਦੀ ਸੀਐੱਫਐੱਲ ਲੈਬ ਵਿੱਚ ਬੁਲਾਇਆ ਹੈ। ਸੁਮੇਧ ਸੈਣੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦੇ ਕੇ ਆਪਣੀ ਗ੍ਰਿਫ਼ਤਾਰੀ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਸੈਣੀ ਨੂੰ ਕਿਹਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਫੋਨ ਦੀਆਂ ਹੋਈਆਂ ਰਿਕਾਰਡਿੰਗ ਦੀ ਪੜਤਾਲ ਕੀਤੀ ਜਾਣੀ ਹੈ, ਇਸ ਲਈ ਉਹ 6 ਸਤੰਬਰ ਨੂੰ ਦਿੱਲੀ ਹਾਜ਼ਰ ਹੋਣ। ਇਸ ਤੋਂ ਪਹਿਲਾਂ ਸੁਮੇਧ ਸੈਣੀ ਆਪਣਾ ਲਾਈ ਡਿਟੈਕਟਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਕੋਟਕਪੂਰਾ ਗੋਲੀ ਕਾਂਡ ਵਾਲੇ ਦਿਨ ਫ਼ਰੀਦਕੋਟ ਪ੍ਰਸ਼ਾਸਨ, ਡੀਜੀਪੀ, ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਦਰਮਿਆਨ ਫੋਨ ਉਪਰ 52 ਵਾਰ ਗੱਲਬਾਤ ਹੋਈ ਸੀ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਜਾਂਚ ਟੀਮ ਨੂੰ ਉਸ ਦੀਆਂ ਰਿਕਾਰਡਿੰਗਾਂ ਮਿਲ ਗਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly