ਫ਼ਰੀਦਕੋਟ (ਸਮਾਜ ਵੀਕਲੀ): ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਫਰਵਰੀ 2022 ਤੱਕ ਪੜਤਾਲ ਤੇ ਗ੍ਰਿਫ਼ਤਾਰ ਕਰਨ ਉੱਪਰ ਰੋਕ ਲਾਉਣ ਦੇ ਹੁਕਮ ਆਉਣ ਮਗਰੋਂ ਸਪੱਸ਼ਟ ਹੋ ਗਿਆ ਹੈ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਮਾਮਲੇ ਦੀ ਪੜਤਾਲ ਮਿੱਥੇ ਸਮੇਂ ਵਿੱਚ ਮੁਕੰਮਲ ਨਹੀਂ ਹੋ ਸਕੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਬੀਰ ਸ਼ੇਰਾਵਤ ਨੇ ਆਪਣੇ 9 ਅਪਰੈਲ 2021 ਦੇ ਇੱਕ ਫੈ਼ਸਲੇ ਵਿੱਚ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ 6 ਮਹੀਨਿਆਂ ਵਿੱਚ ਮੁਕੰਮਲ ਕਰਕੇ ਇਸ ਦੀ ਰਿਪੋਰਟ ਇਲਾਕਾ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇ।
ਹਾਈ ਕੋਰਟ ਦੇ ਹੁਕਮ ਮੁਤਾਬਕ ਪੰਜਾਬ ਸਰਕਾਰ ਨੇ 7 ਮਈ 2021 ਨੂੰ ਐੱਲਕੇ ਯਾਦਵ ਦੀ ਅਗਵਾਈ ਹੇਠ ਨਵੀਂ ਜਾਂਚ ਟੀਮ ਬਣਾਈ ਸੀ ਤੇ ਇਸ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ 6 ਨਵੰਬਰ 2021 ਤੱਕ ਮੁਕੰਮਲ ਕਰਨੀ ਸੀ, ਪਰ ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਮਿਲੀ ਸੁਰੱਖਿਆ ਕਾਰਨ ਉਹ ਫਰਵਰੀ 2022 ਤੱਕ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਸੁਮੇਧ ਸੈਣੀ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹਨ। ਜਾਂਚ ਟੀਮ ਸੁਮੇਧ ਸੈਣੀ ਦੀ ਆਵਾਜ਼ ਦੇ ਨਮੂਨੇ ਲੈਣ ਲਈ ਨੋਟਿਸ ਵੀ ਭੇਜ ਚੁੱਕੀ ਹੈ ਪਰ ਉਹ ਜਾਂਚ ਟੀਮ ਦੀ ਹਦਾਇਤ ਦੇ ਬਾਵਜੂਦ ਫੋਰੈਂਸਿਕ ਲੈਬ ਨਵੀਂ ਦਿੱਲੀ ਵਿੱਚ ਹਾਜ਼ਰ ਨਹੀਂ ਹੋਏ।
ਜ਼ਿਕਰਯੋਗ ਹੈ ਕਿ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਬਦਲਣ ਤੋਂ ਬਾਅਦ ਨਵੀਂ ਗਠਿਤ ਕੀਤੀ ਗਈ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਤੇ ਇਹ ਪੜਤਾਲ ਹੁਣ ਆਪਣੇ ਆਖਰੀ ਪੜਾਅ ’ਤੇ ਹੈ। ਜਾਂਚ ਮੁਕੰਮਲ ਕਰਨ ਤੋਂ ਪਹਿਲਾਂ ਟੀਮ ਪੁਲੀਸ ਅਧਿਕਾਰੀਆਂ ਦੀ ਆਵਾਜ਼ ਦੇ ਨਮੂਨੇ ਹਾਸਲ ਕਰਨਾ ਚਾਹੁੰਦੀ ਸੀ, ਪਰ 6 ਸਤੰਬਰ ਨੂੰ ਕੋਈ ਵੀ ਪੁਲੀਸ ਅਧਿਕਾਰੀ ਫੋਰੈਂਸਿਕ ਲੈਬ ਵਿੱਚ ਹਾਜ਼ਰ ਨਹੀਂ ਹੋਇਆ ਤੇ ਹੁਣ ਜਾਂਚ ਟੀਮ ਸੁਮੇਧ ਸੈਣੀ ਨੂੰ ਫੋਰੈਂਸਿਕ ਲੈਬ ਵਿੱਚ ਹਾਜ਼ਰ ਹੋਣ ਲਈ ਮਜਬੂਰ ਨਹੀਂ ਕਰ ਸਕਦੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly