ਚੰਡੀਗੜ੍ਹ (ਸਮਾਜ ਵੀਕਲੀ) : ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਤ ਜਾਣਕਾਰੀ ਦੇਣ ਲਈ ਵਿਸ਼ੇਸ਼ ਜਾਂਚ ਟੀਮ ਨੇ 6 ਅਪਰੈਲ ਦੇ ਦਿਨ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਦਾ ਸੱਦਾ ਦਿੱਤਾ ਹੈ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਮੁਖੀ ਏਡੀਜੀਪੀ ਐੱਲਕੇ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਇਸ ਕੇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਕੋਈ ਵੀ ਉਨ੍ਹਾਂ ਨੂੰ ਪੰਜਾਬ ਪੁਲੀਸ ਹੈੱਡਕੁਆਰਟਰ, ਸੈਕਟਰ 9-ਸੀ ਵਿੱਚ ਨਿੱਜੀ ਤੌਰ ’ਤੇ ਮਿਲ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਿਟ ਨੇ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਅੰਤਿਮ ਪੜਾਅ ’ਤੇ ਪਹੁੰਚ ਗਈ ਹੈ। ਵਧੀਕ ਡੀਜੀਪੀ ਨੇ ਕਿਹਾ ਕਿ ਲੋਕ ਇਸ ਸਬੰਧੀ ਵਟਸਐਪ ਨੰਬਰ 9875983237 ’ਤੇ ਮੈਸੇਜ ਭੇਜ ਕੇ ਜਾਂ ਈਮੇਲ ਆਈਡੀ newsit2021kotkapuracase@gmail.com ’ਤੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪੜਾਅ ’ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਗਈ ਕੋਈ ਵੀ ਜਾਣਕਾਰੀ ਇਸ ਕੇਸ ਦੀ ਕਾਨੂੰਨੀ ਪ੍ਰਕਿਰਿਆ ਨੂੰ ਛੇਤੀ ਮੁਕੰਮਲ ਕਰਨ ਵਿੱਚ ਲਾਹੇਵੰਦ ਸਾਬਤ ਹੋ ਸਕਦੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਵਿਅਕਤੀ ਜਨਤਕ ਤੌਰ ’ਤੇ ਜਾਣਕਾਰੀ ਦੇਣ ਤੋਂ ਹਿਚਕਚਾਉਂਦੇ ਹਨ। ਇਸ ਲਈ ਦਫ਼ਤਰ ’ਚ ਬੁਲਾ ਕੇ ਬੰਦ ਕਮਰਾ ਜਾਣਕਾਰੀ ਦੇਣ ਦਾ ਮੌਕਾ ਦਿੱਤਾ ਗਿਆ ਹੈ ਤਾਂ ਜੋ ਤਫ਼ਤੀਸ਼ ਦੌਰਾਨ ਸਾਰੇ ਪਹਿਲੂਆਂ ਨੂੰ ਘੋਖਿਆ ਜਾ ਸਕੇ। ਸ੍ਰੀ ਯਾਦਵ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਨਾਲ ਜੁੜੀ ਜਾਂਚ ਦੀ ਕਾਨੂੰਨੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਹਰੇਕ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly