ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਤਾਇਨਾਤ ਸਮੂਹ ਡਾਕਟਰਾਂ ਵੱਲੋਂ ਕੋਲਕਾਤਾ ਦੇ ਘਿਨੌਣੇ ਘਟਨਾਕ੍ਮ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾਕਟਰ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਨੇ ਸੰਬੋਧਨ ਕਰਦੇ ਕੋਲਕਾਤਾ ਦੇ ਆਰ.ਜੀ.ਕਰ. ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਪੋਸਟ ਗਰੈਜੂਏਟ ਡਾਕਟਰ ਨਾਲ ਡਿਊਟੀ ਸਮੇਂ ਕੀਤੇ ਜਬਰ ਜਿਨਾਹ ਅਤੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ (ਆਈ. ਐਮ. ਏ.) ਦੇ ਸੱਦੇ ‘ਤੇ ਦੇਸ਼ ਦੇ ਸਮੂਹ ਡਾਕਟਰਾਂ ਵੱਲੋਂ ਰੋਸ ਵਜੋਂ ਅੱਜ ਤੋਂ 18 ਅਗਸਤ ਸਵੇਰੇ 6 ਵਜੇ ਤੱਕ 24 ਘੰਟੇ ਲਈ ਉ.ਪੀ.ਡੀ. ਮੈਡੀਕਲ ਸੇਵਾਵਾਂ ਬੰਦ ਰਹਿਣਗੀਆਂ। ਪਰ ਇਸ ਸਮੇਂ ਦੌਰਾਨ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਨਿਰਵਿਘਨ ਚਲਦੀਆਂ ਰਹਿਣਗੀਆਂ। ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿਚ ਇਸ ਦੁਖਦਾਈ ਘਟਨਾ ਦੇ ਵਿਰੋਧ ਵਿੱਚ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਸਮੂਹ ਡਾਕਟਰਾਂ ਵੱਲੋਂ ਇਸ ਘਟਨਾ ‘ਤੇ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ ਗਈ । ਗੌਰਤਲਬ ਹੈ ਕਿ ਬੀਤੀ 14-15 ਅਗਸਤ ਦੀ ਰਾਤ ਨੂੰ ਕੋਲਕਾਤਾ ਉਕਤ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਗੁੰਡਾ ਅਨਸਰਾਂ ਵੱਲੋਂ ਹਸਪਤਾਲ ਵਿੱਚ ਦਾਖ਼ਲ ਹੋਕੇ ਡਾਕਟਰਾਂ ਦੀ ਕੁੱਟ ਮਾਰ ਅਤੇ ਹਸਪਤਾਲ ਦੀ ਕੀਤੀ ਭੰਨਤੋੜ ਕਰਕੇ ਡਾਕਟਰਾਂ ਨੂੰ ਦਹਿਸ਼ਤਜਦਾ ਕਰਨ ਦੀ ਕਾਰਵਾਈ ਉੱਤੇ ਹਾਜ਼ਰ ਡਾਕਟਰਾਂ ਵੱਲੋਂ ਗਹਿਰੀ ਚਿੰਤਾ ਪ੍ਰਗਟਾਈ ਗਈ। ਇਸ ਰੋਸ ਪ੍ਰਦਰਸ਼ਨ ਮੌਕੇ ਡਾਕਟਰ ਜਸਦੀਪ ਸਿੰਘ ਸੈਣੀ, ਡਾਕਟਰ ਵਿਵੇਕ ਗੁੰਬਰ, ਡਾਕਟਰ ਸ਼ਵੇਤਾ ਬਾਗੜਿਆ, ਡਾਕਟਰ ਨਵਜੋਤ ਸਿੰਘ ਸਹੋਤਾ, ਡਾਕਟਰ ਰਾਹੁਲ ਗੋਇਲ, ਡਾਕਟਰ ਹਰਤੇਸ਼ ਪਾਹਵਾ, ਡਾਕਟਰ ਰਵੀਨਾ, ਡਾਕਟਰ ਕੁਲਦੀਪ ਸਿੰਘ, ਡਾਕਟਰ ਜਗਜੀਤ ਸਿੰਘ, ਡਾਕਟਰ ਮਨਦੀਪ ਕੌਰ, ਡਾਕਟਰ ਆਕ੍ਰਿਤੀ ਸਿੰਘ, ਡਾਕਟਰ ਨਵਦੀਪ ਕੌਰ, ਡਾਕਟਰ ਵਿਭੂ ਚੌਧਰੀ ਅਤੇ ਮੈਡੀਕਲ ਸਟਾਫ ਵੀ ਹਾਜ਼ਰ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly