ਡਾ. ਹਰਮੀਤ ਕੌਰ ਮੀਤ
(ਸਮਾਜ ਵੀਕਲੀ) ਜਦੋ ਪਰਮਾਤਮਾਂ ਕਿਸੇ ਜੀਵ ਤੇ ਆਪਣੀ ਬਖਸ਼ਿਸ਼ ਕਰਦਾ ਹੈ ਤਾਂ ਉਸ ਜੀਵ ਦੀ ਜ਼ਿੰਦਗੀ ਦਾ ਸ਼ਫ਼ਰ ਧਾਰਮਿਕ ਰੰਗ ਨਾਲ ਰੰਗਿਆ ਜਾਂਦਾ ਹੈ। ਜੀਵਨ ਵਿੱਚ ਪਰਮਾਤਮਾ ਹਰ ਸਮੇਂ ਅੰਗ ਸੰਗ ਰਹਿੰਦਾ ਹੈ। ਗੁਰਬਾਣੀ ਦਾ ਜਿੰਦਗੀ ਵਿੱਚ ਆਉਣਾ ਇੱਕ ਤੋਹਫਾ ਹੈ ਤੇ ਦਿਲ ਵਿੱਚ ਵੱਸ ਜਾਣਾ ਉਸਦੀ ਰਹਿਮਤ ਹੁੰਦੀਂ ਹੈ਼। ਗੁਰਬਾਣੀ ਹਰੇਕ ਗਿਆਨ ਇੰਦਰੇ ਦੀ ਚਾਬੀ ਹੁੰਦੀਂ ਹੈ ਗੁਰਬਾਣੀ ਉਸ ਇੰਦਰੇ ਨੂੰ ਖੋਲ ਦਿੰਦੀ ਹੈ ਜਿਸ ਨਾਲ ਮਨ ਬੁੱਧੀ ਸੋਚ ਸਹੀ ਦਿਸ਼ਾ ਵੱਲ ਨੂੰ ਕੰਮ ਕਰਨ ਲਗ ਜਾਂਦੀ ਹੈ। ਪਰਮਾਤਮਾ ਬੁੱਧ ਬਿਬੇਕ ਬੁੱਧੀ ਬਖਸ਼ ਦਿੰਦਾ ਹੈ ਅਜਿਹਾ ਹੀ ਕੁੱਝ ਸਾਹਿਤਕ ਜਗਤ ਦੀ ਧੀ ਰਾਣੀ ਉਪਰ ਬਖਸ਼ਿਸ਼ ਹੋਈ। ਇਸ ਧੀ ਰਾਣੀ ਦਾ ਨਾਮ ਹੈ ਡਾ.ਹਰਮੀਤ ਕੌਰ ਮੀਤ।ਇਹ ਸਤਿਕਾਰ ਯੋਗ ਸ਼ਖ਼ਸੀਅਤ ਬਾਣੀ ਤੇ ਬਾਣੇ ਦੀ ਧਾਰਨੀ ਹੈ। ਉਚੀ ਤੇ ਸੁੱਚੀ ਸੋਚ ਦੀ ਮਾਲਕ ਡਾ.ਹਰਮੀਤ ਕੌਰ ਮੀਤ ਵੀ ਹੱਥ ਵਿੱਚ ਕਲਮ ਫੜਕੇ ਕੋਰੇ ਕਾਗਜ਼ ਤੇ ਚੰਗੀ ਸੋਚ ਵਾਲੇ ਸ਼ਬਦ ਸ਼ੁੱਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੇਂ ਥਾਂ ਤੇ ਪਰੋਣ ਲੱਗੀ। ਹਰਮੀਤ ਹਮੇਸ਼ਾ ਕਵਿਤਾ ਜਾਂ ਲੇਖ਼ ਅਧਿਅਤਮਕ ਸੋਚ ਦੇ ਦਇਰੇ ਵਿੱਚ ਰਹਿਕੇ ਹੀ ਲਿਖਦੀ ਹੈ ਆੳ ਇਸ ਕਵਿਤਰੀ ਭੈਣ ਦੇ ਜ਼ਿੰਦਗੀ ਦੇ ਸ਼ਫ਼ਰ ਤੇ ਝਾਤ ਪਾਈਏ । ਧਾਰਮਿਕ ਖਿਆਲਾਂ ਦੀ ਕਲਮ ਹਰ ਇੱਕ ਨਾਲ ਬੜੇ ਮਿੱਠੇ ਸੁਭਾਅ ਨਾਲ ਬੋਲਣ ਵਾਲੀ ਮੀਤ ਜਦੋਂ ਸਿੱਖੀ ਸਰੂਪ ਵਿੱਚ ਸੱਜਦੀ ਹੈ ਤਾਂ ਚਿਹਰੇ ਤੇ ਵੱਖਰਾ ਨੂਰ ਚਮਕਦਾ ਹੈ ਧਾਰਮਿਕ ਖ਼ਿਆਲਾਂ ਦੀ ਮੀਤ ਵਧੀਆ ਲਿਖਣ ਦੀ ਸੋਝੀ ਰੱਖਦੀ ਹੈ,ਬਚਪਨ ਦੀਆਂ ਸਹੇਲੀਆਂ ਨਾਲ ਗੁੱਡੀਆਂ ਪਟੋਲੇ ਖੇਡਦੀ ਖੇਡਦੀ ਕਿਹੜੇ ਵੇਲੇ ਸਾਹਿਤਕ ਰੁਚੀਆਂ ਵੱਲ ਤੁਰ ਪਈ ਉਸ ਨੂੰ ਪਤਾ ਹੀ ਨਾ ਲੱਗਾ ਅਚੇਤ ਰੂਪ ਵਿੱਚ ਮਾਸਟਰ ਸੋਹਣ ਲਾਲ ਸ਼ਰਮਾ ਤੇ ਮਾਸਟਰ ਰਾਜਿੰਦਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਉਹ ਪ੍ਰਾਇਮਰੀ ਸਕੂਲ ਵਿੱਚ ਹੀ ਬਾਲ ਸਭਾ ਵਿੱਚ ਕਵਿਤਾਵਾਂ ਗੁਣ ਗੁਣਾਉਣ ਲੱਗ ਪਈ ਸਕੂਲ ਤੋਂ ਘਰ ਪਰਤ ਉਹ ਆਪਣੇ ਕਵੀਸ਼ਰ ਦਾਦਾ ਜੀ ਨੂੰ ਕਵਿਤਾਵਾਂ ਸੁਣਾਉਂਦੀ ਤੇ ਕੋਲ ਬੈਠੇ ਦਾਦੀ ਜੀ ਪੋਤਰੀ ਤੋਂ ਵਾਰੇ ਵਾਰੇ ਜਾਂਦੇ ਮੀਤ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥਣਾਂ ਵਿਚ ਇਕ ਕਵਿੱਤਰੀ ਵਜੋਂ ਜਾਣੀ ਜਾਣ ਲੱਗ ਪਈ ਇਥੋਂ ਸਫਰ ਤੁਰਦਾ ਤੁਰਦਾ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪ੍ਰੋ ਚਾਨਣ ਸਿੰਘ ਨਿਰਮਲ ਪ੍ਰੋ ਬਿਕਰਮਜੀਤ ਕੌਰ ਤੇ ਪ੍ਰੋ ਪ੍ਰਭਜੋਤ ਕੌਰ ਦੀ ਪ੍ਰੇਰਨਾ ਸਦਕਾ ਕਾਲਜ ਦੇ ਪੰਜਾਬੀ ਰਸਾਲੇ ਵਿੱਚ ਛਪਣ ਦਾ ਮਾਣ ਹਾਸਲ ਕੀਤਾ ਇਸ ਜਗ੍ਹਾ ਤੋਂ ਡਾ.ਹਰਮੀਤ ਕੌਰ ਮੀਤ ਇੱਕ ਸੁੱਘੜ ਸਿਆਣੀ ਸੂਝ ਬੂਝ ਵਾਲੀ ਸੋਚਣੀ ਵਿੱਚ ਪੈਰ ਧਰਦੀ ਹੋਈ ਆਪਣੇ ਬੌਧਿਕ ਤੇ ਜਜ਼ਬਾਤੀ ਪੱਧਰ ਦਾ ਵਿਕਾਸ ਕਰਦੀ ਹੈ ਉਸ ਦੀ ਕਵਿਤਾ ਵਿੱਚ ਹਰ ਰੰਗ ਭਾਵੇਂ ਸਮਾਜਿਕ ਕੁਰੀਤੀਆਂ ਹੋਣ ਭਾਵੇਂ ਰੋਮਾਂਟਿਕ ਭਾਵ ਹੋਣ ਚਾਹੇ ਦੇਸ਼ ਦੀ ਰਾਜਨੀਤਕ ਉਥਲ ਪੁਥਲ ਹੋਵੇ ਵੇਖਣ ਨੂੰ ਮਿਲਦਾ ਹੈ ਪਰ ਵਿਸ਼ੇਸ਼ ਤੌਰ ਤੇ ਉਹ ਇੱਕ ਗੁਰਮਤਿ ਕਵਿੱਤਰੀ ਵਜੋਂ ਜ਼ਿਆਦਾ ਜਾਣੀ ਜਾਂਦੀ ਹੈ ਮੀਤ ਬੜੀ ਮਿਹਨਤ ਨਾਲ ਆਪਣੇ ਆਪ ਨੂੰ ਇੱਕ ਸਟੇਜੀ ਕਵਿੱਤਰੀ ਵਜੋਂ ਸਥਾਪਿਤ ਕਰਦੀ ਹੈ ਉਹ ਇੱਕ ਪੰਥਕ ਕਵਿੱਤਰੀ ਹੈ ਉਹ ਬੜੇ ਬੌਧਿਕ ਤੇ ਵਿਵੇਕ ਪੱਧਰ ਨਾਲ ਇਕ ਪ੍ਰਭਾਵਪੂਰਨ ਸ਼ੈਲੀ ਵਿੱਚ ਨੌਜਵਾਨਾਂ ਵਿੱਚ ਆਈਆਂ ਕੁਰੀਤੀਆਂ ਨੂੰ ਜਿੱਥੇ ਉਹ ਬਿਆਨ ਕਰਦੀ ਹੈ ਉੱਥੇ ਉਸਦੀ ਕਵਿਤਾ ਨੌਜਵਾਨ ਪੀਡ਼੍ਹੀ ਨੂੰ ਸਾਰਥਕ ਸੇਧ ਦੇਣ ਦੀ ਕੋਸ਼ਿਸ਼ ਕਰਦੀ ਹੈ ਹੁਣ ਤੱਕ ਉਹ ਅਨੇਕਾਂ ਅਖ਼ਬਾਰਾਂ ਜਿਵੇਂ ਜੱਗ ਬਾਣੀ ,ਲਿਸ਼ਕਾਰਾ ਟਾਈਮਜ਼ ,ਵਿਰਾਸਤ, ਕਾਵਿ ਸਾਂਝਾਂ ,ਵਰਲਡ ਟਾਈਮਜ਼, ਹਮਦਰਦ, ਵਰਲਡ ਪੀਸ ਮਿਸ਼ਨ ਪੰਜਾਬ ਨਾਓ ਟੀਵੀ ,ਪੰਜਾਬੀ ਹਾਲੈਂਡ ,ਸਾਂਝ ਸਵੇਰਾ, ਪੰਜਾਬੀ ਜਾਗਰਣ ਆਦਿ ਵਿੱਚ ਛਪਣ ਦਾ ਮਾਣ ਹਾਸਲ ਕਰ ਚੁੱਕੀ ਹੈ ਮੀਤ ਵੱਡੇ ਵੀਰ ਰਾਮ ਸਿੰਘ ਸੁਰ ਸਾਗਰ ਸੰਗੀਤ ਅਕੈਡਮੀ ਵਾਲੇ ਅਤੇ ਸੂਹੀ ਸਵੇਰ ਦੇ ਸੰਪਾਦਕ ਡਾ ਗੁਰਚਰਨ ਗਾਂਧੀ ਅਤੇ ਵਿਸ਼ੇਸ਼ ਤੌਰ ਤੇ ਉਸਤਾਦ ਹਰੀ ਸਿੰਘ ਜਾਚਕ ਦੇ ਵਿਸ਼ੇਸ਼ ਸਹਿਯੋਗ ਨਾਲ ਹੁਣ ਤਕ ਦੋ ਦਰਜਨ ਦੇ ਕਰੀਬ ਸਾਂਝੇ ਕਾਵਿ ਸੰਗ੍ਰਹਿਆਂ ਨਵੀਂਆਂ ਪੈੜਾਂ, ਅਹਿਸਾਸਾਂ ਦੀ ਸਾਂਝ, ਸੁੱਚੇ ਮੋਤੀ ,ਮਿੱਟੀ ਦੇ ਬੋਲ, ਸੋ ਕਿਉ ਮੰਦਾ ਆਖੀਐ, ਲੱਪ ਕੁ ਚਾਨਣ, ਸੰਘਰਸ਼ੀ ਯੋਧੇ ,ਜਦੋਂ ਔਰਤ ਸ਼ਾਇਰ ਹੁੰਦੀ ਹੈ, ਜਜ਼ਬਾਤਾਂ ਸੰਗ ਬਾਤਾਂ, ਜਗਦੇ ਦੀਵੇ, ਮੁਹੱਬਤਾਂ ਸਾਂਝੇ ਪੰਜਾਬ ਦੀਆਂ,ਆਦਿ ਵਿੱਚ ਹਾਜ਼ਰੀ ਲੁਆ ਚੁੱਕੀ ਹੈ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ, ਆਪਣੇ ਸੁਹਿਰਦ ਦੋਸਤਾਂ ਹਰਮਨਮੀਤ ਸਿੰਘ ਜੀ,ਸੁਖਰਾਜ ਸਿਕੰਦਰ,ਕੰਵਲਜੀਤ ਕੌਰ ਕੰਵਲ ਗੁਰਦਾਸਪੁਰ ,ਕੁਲਵੰਤ ਕੌਰ ਕਨੇਡਾ ,ਰਾਜਿੰਦਰ ਸਿੰਘ ਕਲਾਨੌਰ ,ਦਲਜੀਤ ਸਿੰਘ ਗੈਦੂ ਕਨੇਡਾ,ਹਰਦਿਆਲ ਸਿੰਘ ਝੀਤਾ ਕਨੇਡਾ ,ਜਰਨੈਲ ਸਿੰਘ ਮਠਾਰੂ ਕਨੇਡਾ,ਸੁਰਜੀਤ ਸਿੰਘ ਧੀਰ ,ਡਾਕਟਰ ਗੁਰਦੀਪ ਕੌਰ ਗੁੱਲ,ਸੁਰਜੀਤ ਕੌਰ ਭੋਗਪੁਰ, ਰਾਜਵਿੰਦਰ ਕੌਰ ਦੀਆਂ ਦੁਆਵਾਂ ਸਦਕਾ ਆਪਣੇ ਦੋ ਕਾਵਿ ਸੰਗ੍ਰਹਿਾਂ “ਜਨਮ ਸੁਹੇਲਾ”ਤੇ ਸ਼ਾਹੀ ਅਲਫਾਜ਼”ਨਾਲ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੀ ਹੈ ।ਪ੍ਰਗਿਆਨ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਹਾਸਲ ਕਰ ਚੁੱਕੀ ਮੀਤ ਅਰਾਧਿਆ ਏਕ ਅਹਿਸਾਸ ਸੰਸਥਾ ਵੱਲੋਂ ਨੈਸ਼ਨਲ ਐਜੂਕੇਸ਼ਨ ਐਵਾਰਡ ਵੀ ਪ੍ਰਾਪਤ ਕਰ ਚੁੱਕੀ ਹੈ,ਹੁਣ ਤੱਕ ਮੀਤ ਕਾਫ਼ੀ ਸਭਾਵਾਂ ਤੋਂ ਮਾਣ ਸਨਮਾਨ ਹਾਸਲ ਕਰ ਚੁੱਕੀ ਹੈ ਅਕਸਰ ਹੀ ਡਾ.ਹਰਮੀਤ ਕੌਰ ਮੀਤ ਕਵੀ ਦਰਬਾਰਾਂ ਵਿੱਚ ਹਾਜ਼ਰੀ ਲਵਾਉਂਦੀ ਰਹਿੰਦੀ ਹੈ ਤੇ ਬਹੁਤ ਸਾਰੇ ਆਨਲਾਈਨ ਕਵੀ ਦਰਬਾਰਾਂ ਵਿੱਚ ਵੀ ਹਾਜ਼ਰੀ ਲੁਆ ਚੁੱਕੀ ਹੈ ਜਿਸ ਵਿਚ ਪੰਜਾਬੀ ਲਿਖਾਰੀ ਸਭਾ ਸਿਆਟਲ ਅਮਰੀਕਾ , ਪੰਜਾਬੀ ਸੱਥ ਮੈਲਬੌਰਨ ਆਸਟ੍ਰੇਲੀਆ, ਸਰਬ ਸਾਂਝਾ ਕਵੀ ਦਰਬਾਰ ਕਨੇਡਾ ,ਪੰਜਾਬੀਕਾ ਚੈਨਲ ਪਾਕਿਸਤਾਨ ਆਦਿ ਵਿਚ ਹਾਜ਼ਰੀ ਲਵਾ ਚੁੱਕੀ ਹੈ ਇਸ ਤੋਂ ਇਲਾਵਾ ਵੱਖ ਵੱਖ ਰੇਡੀਓ ਚੈਨਲਾਂ ਜਿਵੇਂ ਅਵਤਾਰ ਰੇਡੀਓ ਸੀਚੇਵਾਲ ਆਰ ਰੇਡੀਓ( ਸਵਰਗੰਗਾ) ਆਦਿ ਤੇ ਬਹੁਤ ਵਾਰੀ ਹਾਜ਼ਰੀ ਲਵਾ ਚੁੱਕੀ ਹੈ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਵੀ ਹਾਜ਼ਰੀ ਲਵਾ ਚੁੱਕੀ ਹੈ ।ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਪ੍ਰੋਗਰਾਮ “ਗੱਲਾਂ ਤੇ ਗੀਤ “ਵਿੱਚ ਹਾਜ਼ਰੀ ਲਗਾਉਣ ਦਾ ਵੀ ਮਾਣ ਹਾਸਲ ਹੈ ਮੀਤ ਨੂੰ ਤੇ ਅਕਸਰ ਹੀ ਵੱਖ ਵੱਖ ਯੂ ਟਿਊਬ ਚੈਨਲਾਂ ਤੇ ਮੀਤ ਦੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਉਹ ਲਿਖਣ ਦੀ ਮੁਹਾਰਤ ਰੱਖਦੀ ਹੈ ਉਥੇ ਉਹ ਆਪਣੀ ਲਿਖੀ ਹੋਈ ਰਚਨਾ ਨੂੰ ਗਾ ਕੇ ਹੀ ਪੇਸ਼ ਕਰਦੀ ਹੈ ਪੰਜਾਬੀ ਸੱਥ ਮੈਲਬੌਰਨ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਚਿੱਠੀਆਂ ਸੁਨੇਹੇ ਵਿਚ ਅਕਸਰ ਹੀ ਸ਼ਮਾ ਭੈਣ ਜੀ ਤੇ ਚਰਨਜੀਤ ਕੌਰ ਭੈਣ ਜੀ ਵੱਲੋਂ ਹਰਮੀਤ ਕੌਰ ਮੀਤ ਦੀ ਲਿਖੀ ਹੋਈ ਚਿੱਠੀ ਨੂੰ ਹਰ ਹਫ਼ਤੇ ਮੁੱਖ ਤੌਰ ਤੇ ਸ਼ਾਮਲ ਕੀਤਾ ਜਾਂਦਾ ਹੈ । ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਗੁਰੁਦੁਆਰਾ ਮੰਜੀ ਹਾਲ ਅੰਮਿ੍ਤਸਰ ,ਗੁਰੂਦੁਆਰਾ ਸ੍ਰੀ ਪਾਉੰਟਾ ਸਾਹਿਬ ਹਿਮਾਚਲ ਪ੍ਰਦੇਸ,ਗੁਰੂਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਗੁਰਦੁਆਰਾ ਨਿਰਮਲ ਕੁਟੀਆ ਸੀਚੇਵਾਲ ਵੀ ਕਵੀ ਦਰਬਾਰਾਂ ਵਿੱਚ ਹਾਜ਼ਰੀ ਲੁਆ ਚੁੱਕੀ ਹੈ। ਉਸਦੀਆਂ ਦੋ ਹੋਰ ਪੁਸਤਕਾਂ “ਇਹ ਰਾਹਾਂ ਆਮ ਜਿਹੀਆਂ ਨਹੀਂ “ਤੇ “ਸਭ ਤੇਰਾ ਭਾਣਾ ” ਛਪਾਈ ਅਧੀਨ ਹਨ, ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਡਾ. ਹਰਮੀਤ ਕੌਰ ਮੀਤ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ।
ਲ਼ੇਖਕ – ਵਤਨਵੀਰ ਜ਼ਖਮੀ
ਫਰੀਦਕੋਟ