ਪ੍ਰਿੰਸੀਪਲ ਪਰਮਜੀਤ ਜੱਸਲ
(ਸਮਾਜ ਵੀਕਲੀ) ਪਤੰਗ ਅਤੇ ਚਾਈਨਾ ਡੋਰ ਪਤੰਗ ਨੂੰ ਉਡਾਉਣਾ ਸਾਡਾ ਸੱਭਿਆਚਾਰ ਹੈ ਜਾਂ ਪਤੰਗਬਾਜ਼ੀ ਕਰਨਾ ਸੱਭਿਆਚਾਰ ਦਾ ਹਿੱਸਾ ਹੈ। ਲੋਹੜੀ ਅਤੇ ਬਸੰਤ ਪੰਚਮੀ ਦੇ ਤਿਉਹਾਰਾਂ ਦੇ ਨੇੜੇ -ਤੇੜੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪਤੰਗਬਾਜ਼ੀ ਹੁੰਦੀ ਹੈ। ਪਹਿਲਾਂ ਪਤੰਗ ਨੂੰ ਉਡਾਉਣ ਵੇਲੇ ਸਿਰਫ ਧਾਗੇ ਦਾ ਹੀ ਇਸਤੇਮਾਲ ਹੁੰਦਾ ਸੀ ,ਜੋ ਕਿਸੇ ਪੰਛੀ ਜਾਂ ਮਨੁੱਖ ਦਾ ਨੁਕਸਾਨ ਨਹੀਂ ਕਰਦਾ ਸੀ। ਪਰ ਅੱਜ ਦੇ ਨੌਜਵਾਨ ਦੇਸੀ ਡੋਰ ਨਾਲ ਪਤੰਗ ਉਡਾਉਣ ਦੀ ਬਜਾਏ ਪਲਾਸਟਿਕ ਦੀ ਡੋਰ ਨੂੰ ਤਰਜੀਹ ਦਿੰਦੇ ਹਨ । ਕੁਝ ਕੁ ਸਾਲਾਂ ਤੋਂ ਲੋਕ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ ,ਜੋ ਮਨੁੱਖ ਲਈ ਬਹੁਤ ਹੀ ਘਾਤਕ ਤੇ ਖਤਰਨਾਕ ਸਾਬਤ ਹੁੰਦੀ ਹੈ। ਉਪਰੋਕਤ ਤਿਉਹਾਰਾਂ ‘ਤੇ ਚਾਈਨਾ ਡੋਰ ਨਾਲ ਸੰਬੰਧਿਤ ਕਈ ਹਾਦਸੇ ਸਾਹਮਣੇ ਆਉਂਦੇ ਹਨ। ਜਿਸ ਕਾਰਣ ਕਈ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਵੀ ਗੁਵਾਉਣੀਆਂ ਪੈਂਦੀਆਂ ਹਨ। ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਇੱਕ ਨੌਜਵਾਨ ਆਸ਼ੀਸ਼ ਕੁਮਾਰ ਹੈ । ਉਹ ਆਪਣੇ ਬਾਈਕ ‘ਤੇ ਬਸਤੀ ਜੋਧੇਵਾਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਚਾਈਨਾ ਡੋਰ ਉਸ ਦੇ ਗਲ ਵਿੱਚ ਫਸ ਗਈ ਅਤੇ ਉਹ ਨੌਜਵਾਨ ਆਪਣੇ ਮੋਟਰਸਾਈਕਲ ਤੋਂ ਹੇਠਾਂ ਜ਼ਖ਼ਮੀ ਹਾਲਤ ਵਿੱਚ ਡਿੱਗ ਪਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਉਹ 21 ਸਾਲਾ ਨੌਜਵਾਨ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਚਾਈਨਾ ਡੋਰ ਨੂੰ ਨੌਜਵਾਨਾਂ ਨੇ ਇੱਕ ਫੈਸ਼ਨ ਬਣਾ ਲਿਆ। ਪਰ ਇਸ ਦੀ ਵਰਤੋਂ ਨੇ ਮਨੁੱਖੀ ਅਤੇ ਪੰਛੀਆਂ ਦੀ ਜ਼ਿੰਦਗੀ ਨੂੰ ਤਬਾਹੀ ਦੇ ਮੋੜ ‘ਤੇ ਖੜਾ ਕੀਤਾ ਹੈ। ਚਾਈਨਾ ਡੋਰ ਦੀ ਵਰਤੋਂ ਕਰਨ ਨਾਲ ਅਸੀਂ ਕੁਦਰਤ ਨਾਲ ਵੀ ਛੇੜ ਛਾੜ ਕਰ ਰਹੇ ਹੋ। ਜਿਵੇਂ ਉੱਡਦੇ ਹੋਏ ਪੰਛੀ ਜਾਂ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਪਾਲਣ ਲਈ ਭੋਜਨ ਇਕੱਠਾ ਕਰਦੇ ਸਮੇਂ ਉਹ ਕਈ ਵਾਰੀ ਚਾਈਨਾ ਡੋਰ ਦੇ ਸ਼ਿਕੰਜੇ ਵਿੱਚ ਫਸ ਜਾਂਦੇ ਹਨ ਅਤੇ ਉਹ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ । ਜਿਸ ਨਾਲ ਪੰਛੀਆਂ ਦੀ ਤਦਾਦ ਦਿਨੋਂ- ਦਿਨ ਘੱਟਦੀ ਜਾ ਰਹੀ ਹੈ ,ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਚਾਈਨਾ ਡੋਰ ,ਜੋ ਬਹੁਤ ਪੱਕੀ ਹੁੰਦੀ ਹੈ ।ਇਹ ਟੁੱਟਦੀ ਨਹੀਂ । ਇਸ ਲਈ ਚਾਈਨਾ ਡੋਰ ਦੇ ਕਈ ਨੁਕਸਾਨ ਹਨ। ਅਸੀਂ ਆਪਣੇ ਮਨੋਰੰਜਨ ਖਾਤਰ ਹੋਰਾਂ ਦਾ ਨੁਕਸਾਨ ਕਰ ਦਿੰਦੇ ਹਾਂ। ਇਸ ਖੂਨੀ ਚਾਇਨਾ ਡੋਰ ‘ਤੇ ਬਿਜਲੀ ਦੇ ਸੰਪਰਕ ਵਿੱਚ ਆਉਣ ਕਾਰਨ ਕਰੰਟ ਆ ਜਾਂਦਾ ਹੈ ।ਬੀਤੇ ਦਿਨਾਂ ਵਿੱਚ ਕਈ ਬੱਚੇ ਕਰੰਟ ਲੱਗਣ ਕਾਰਨ ਝੁਲਸ ਗਏ ਤੇ ਕਈਆਂ ਦੀ ਮੌਤ ਹੋ ਗਈ। ਲੋਕਾਂ ਨੂੰ ਚਾਹੀਦਾ ਹੈ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਪਰ ਕੁਝ ਦੁਕਾਨਦਾਰ ਆਪਣੇ ਮੁਨਾਫੇ ਲਈ ਇਸ ਡੋਰ ਦੀ ਵਿਕਰੀ ਕਰਦੇ ਹਨ ।ਉਹ ਚੰਦ ਪੈਸਿਆਂ ਦੇ ਲਾਲਚ ਲਈ ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੰਦੇ ਹਨ ਭਾਵੇਂ ਸਰਕਾਰ ਵਲੋਂ ਇਸ ਡੋਰ ਦੀ ਵਿਕਰੀ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਚਾਈਨਾ ਡੋਰ ਬਾਜ਼ਾਰਾਂ ਵਿੱਚ ਚੋਰੀ ਛੁਪੇ ਵਿੱਕ ਰਹੀ ਹੈ ।ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮਾਂ ਤਹਿਤ ਚਾਈਨਾ ਡੋਰ ,ਕੱਚ ਜਾਂ ਹੋਰ ਧਾਤੂ ਦੇ ਪਾਊਡਰ ਨਾਲ ਬਣੀ
ਡੋਰ ਉੱਪਰ ਪੂਰਨ ਪਾਬੰਦੀ ਲਾਉਂਦੇ ਹੋਏ ਸਿਰਫ ਸੂਤੀ ਧਾਗੇ ਨਾਲ ਪਤੰਗ ਉਡਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ।ਚਾਈਨਾ ਡੋਰ ‘ਤੇ ਪੂਰਨ ਪਾਬੰਦੀ ਸਬੰਧੀ ਇਨਵਾਇਰਮੈਂਟ (ਪ੍ਰੋਟੈਕਸ਼ਨ) ਐਕਟ 1986 ਦੀ ਧਾਰਾ 5 ਅਧੀਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਉਲੰਘਣਾ ਕਰਨ ‘ਤੇ ਪੰਜ ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ ।ਸਾਨੂੰ ਆਪਣੇ ਬੱਚਿਆਂ ਨੂੰ ਅਤੇ ਆਸ -ਪਾਸ ਦੇ ਲੋਕਾਂ ਨੂੰ ਇਸ ਚਾਈਨਾ ਡੋਰ ਨੂੰ ਵਰਤਣ ਤੋਂ ਵਰਜਣਾ ਚਾਹੀਦਾ ਹੈ । ਇਸ ਦੀਆਂ ਹਾਨੀਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ।ਇਹ ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲ ਹੀ ਆਖੀ ਜਾ ਸਕਦੀ ਹੈ ਕਿ ਕਈ ਸਾਲਾਂ ਤੋਂ ਚਾਈਨਾ ਡੋਰ ਬਾਜ਼ਾਰਾਂ ਵਿੱਚ ਧੜੱਲੇ ਨਾਲ ਵਿਕ ਰਹੀ ਹੈ। ਜੇ ਸਰਕਾਰ ਨੇ ਵਰਤਣ ਵਾਲਿਆਂ ਅਤੇ ਵੇਚਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਹਾਲਾਤ ਕੁਝ ਹੋਰ ਹੋਣੇ ਸਨ ।ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਹਨਾਂ ‘ਤੇ ਸਖਤ ਕਾਰਵਾਈ ਕਰੇ ਤਾਂ ਜੋ ਲੋਕਾਂ ਨੂੰ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਭੋਲੇ ਭਾਲੇ ਪੰਛੀਆਂ ਦੀਆਂ ਜਾਨਾਂ ਨਾਲ ਖਿਲਵਾੜ ਨਾ ਹੋ ਸਕੇ। ਨੌਜਵਾਨ ਪੀੜ੍ਹੀ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੁਦਰਤੀ ਗਹਿਣੇ ਭਾਵ ਪੰਛੀਆਂ ਅਤੇ ਮਨੁੱਖਾਂ ਦੀਆਂ ਕੀਮਤੀ ਜਾਨਾ ਨੂੰ ਇਸ ਚੰਦਰੀ ਚਾਈਨਾ ਡੋਰ ਤੋਂ ਬਚਾਈਏ। ਇਸ ਸਬੰਧ ਵਿੱਚ ਵੱਖ -ਵੱਖ ਬੁੱਧੀਜੀਵੀਆਂ ਨਾਲ ਗੱਲ ਕੀਤੀ ਤੇ ਡਾ. ਸੁਰਜੀਤ ਲਾਲ ਸੇਵਾ ਮੁਕਤ ਜ਼ਿਲ੍ਹਾ ਗਾਈਡੈਂਸ ਕੌਂਸਲਰ ਨੇ ਇਸ ਸਬੰਧ ਵਿੱਚ ਕਿਹਾ ਕਿ ਚਾਈਨਾ ਡੋਰ ‘ਤੇ ਕਾਬੂ ਪਾਉਣਾ ਇੱਕ ਵਿਅਕਤੀ ਦਾ ਕੰਮ ਨਹੀਂ ਸਗੋਂ ਪੂਰੇ ਸਮਾਜ ਨੂੰ ਮਿਲ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ।ਸਕੂਲਾਂ ,ਕਾਲਜਾਂ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਘਰ -ਘਰ ਤੱਕ ‘ਸੇ ਨੋ ਟੂ ਚਾਈਨਾ ਡੋਰ’ ਮੁਹਿੰਮ ਨੂੰ ਹੁੰਗਾਰਾ ਮਿਲ ਸਕੇ। ਆਓ! ਆਪਾਂ ਸਾਰੇ ਰਲ ਮਿਲ ਕੇ ਅੱਜ ਤੋਂ ਇਹ ਸੰਕਲਪ ਲਈਏ ਕਿ ਅਸੀਂ ਚਾਈਨਾ ਡੋਰ ਨੂੰ ਕਦੇ ਵੀ ਪਤੰਗ ਉਡਾਉਣ ਲਈ ਇਸਤੇਮਾਲ ਨਹੀਂ ਕਰਾਂਗੇ । ਪੰਛੀ ਸਾਡੇ ਮਿੱਤਰ ਹਨ ,ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਆਓ ! “Say no to china dor.” ਦਾ ਸੰਕਲਪ ਲਈਏ। ਮਨੁੱਖੀ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਈਏ। ਇਕ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਈਏ। –
ਪ੍ਰਿੰਸੀਪਲ ਪਰਮਜੀਤ ਜੱਸਲ
98721-80653
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj