ਗਿੱਦੜਬਾਹਾ (ਸਮਾਜ ਵੀਕਲੀ): ਪਿੰਡ ਦੌਲਾ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਗਿੱਦੜਬਾਹਾ-ਦੌਲਾ ਸੜਕ ’ਤੇ ਅਕਾਲ ਅਕੈਡਮੀ ਕੋਲ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਦੌਲਾ ਦੇ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਰੇਲ ਗੱਡੀ ਦੀ ਸਪੈਸ਼ਲ ਲੱਗੀ ਹੋਣ ਕਾਰਨ ਗੁਦਾਮਾਂ ਤੋਂ ਟਰੱਕ ਅਨਾਜ ਲੈ ਕੇ ਦੌਲਾ ਪਿੰਡ ਵਿੱਚ ਦੀ ਆਉਂਦੇ ਹਨ ਅਤੇ ਅੱਜ ਇੱਕ ਟਰੱਕ ਚਾਲਕ ਵੱਲੋਂ ਬੀੜੀ ਜਾਂ ਸਿਗਰੇਟ ਪੀ ਕੇ ਚੱਲਦੇ ਟਰੱਕ ਵਿੱਚੋਂ ਬਾਹਰ ਸੁੱਟ ਦਿੱਤੀ, ਜੋ ਸੜਕ ਦੇ ਨਾਲ ਲੱਗਦੇ ਕਣਕ ਦੇ ਖੇਤ ਵਿੱਚ ਜਾ ਡਿੱਗੀ।
ਇਸ ਬੀਬੀ ਕਾਰਨ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ, ਪਰ ਨਜ਼ਦੀਕ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਮੰਗ ਕੀਤੀ ਕਿ ਦੌਲਾ ਪਿੰਡ ਵਿੱਚੋਂ ਟਰੱਕਾਂ ਦੀ ਆਵਾਜਾਈ ਬੰਦ ਕੀਤੀ ਜਾਵੇ ਅਤੇ ਟਰੱਕ ਚਾਲਕ ਗਿੱਦੜਬਾਹਾ ਦੇ ਪਿਓਰੀ ਵਾਲੀ ਸੜਕ ਤੋਂ ਆਪਣੇ ਟਰੱਕ ਲੈ ਕੇ ਆਉਣ। ਮੌਕੇ ’ਤੇ ਮੌਜੂਦ ਕਿਸਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਟਰੱਕ ਚਾਲਕ ਨੂੰ ਬੀੜੀ ਸੁੱਟ ਦੇ ਦੇਖਿਆ ਹੈ ਪਰ ਉਹ ਉਸ ਨੂੰ ਰੋਕ ਨਹੀਂ ਸਕੇ। ਜੇ ਉਹ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਤਾਂ ਕਣਕ ਨੂੰ ਲੱਗੀ ਅੱਗ ਦੂਰ ਤੱਕ ਫੈਲ ਸਕਦੀ ਸੀ। ਐੱਸਡੀਐੱਮ ਗਿੱਦੜਬਾਹਾ ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮਸਲੇ ਦੇ ਹੱਲ ਲਈ ਬੀਡੀਪੀਓ ਗਿੱਦੜਬਾਹਾ ਤੇ ਮੈਨੇਜਰ ਐੱਫਸੀਆਈ ਨੂੰ ਮੌਕੇ ’ਤੇ ਭੇਜਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly