ਕਿਸਾਨ ਅੰਦੋਲਨ ਤੇ ਅਸੀਂ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)-ਬਾਜ਼ਾਰ ਦਾ ਇੱਕ ਅਸੂਲ ਹੈ ਕਿ ਕਿਸੇ ਵੀ ਵਸਤੂ ਦੀ ਕੀਮਤ ਵੇਚਣ ਵਾਲਾ ਨਿਯਤ ਕਰਦਾ ਹੈ। ਪਰ ਇਹ ਕਾਨੂੰਨ ਸਿਰਫ ਇੱਕ ਥਾਂ ਤੇ ਲਾਗੂ ਨਹੀਂ ਹੁੰਦਾ ਉਹ ਹੈ ਖੇਤੀ। ਖੇਤੀ ਵਿੱਚ ਕਿਸਾਨ ਦੀ ਮਿਹਨਤ ਤੇ ਉਸਦੀ ਉਪਜ ਦਾ ਮੁੱਲ ਖਰੀਦਣ ਵਾਲਾ ਨਿਯਤ ਕਰਦਾ ਹੈ। ਇਸ ਲਈ ਕਿਸਾਨੀ ਲਗਾਤਾਰ ਘਾਟੇ ਵਿੱਚ ਜਾ ਰਹੀ ਹੈ।

ਜੇਕਰ ਆਪਾਂ ਵੱਡੀਆਂ ਫਸਲਾਂ ਦੀ ਗੱਲ ਨਾ ਵੀ ਕਰੀਏ ਤੇ ਆਮ ਸਬਜ਼ੀਆਂ ਦੀ ਗੱਲ ਕਰੀਏ ਤਾਂ ਵੀ ਕਿਸਾਨ ਘਾਟੇ ਵਿੱਚ ਹੈ। ਪਿੱਛੇ ਜਿਹੇ ਇੱਕ ਕਿਸਾਨ ਨੇ ਆਪਣੀ ਹੱਡ ਬੀਤੀ ਦੱਸੀ ਕਿ ਉਸਨੇ ਮਿਰਚਾਂ ਬੀਜੀਆਂ। ਮਿਰਚਾਂ ਦੀ ਤੁੜਾਈ ਉਸਨੇ ਛੇ ਰੁਪਈਏ ਦੇ ਹਿਸਾਬ ਨਾਲ ਦਿੱਤੀ। ਮੰਡੀ ਵਿੱਚ ਮਿਰਚਾਂ ਦਾ ਮੁੱਲ ਦੋ ਰੁਪਏ ਪਿਆ। ਖਰਚਾ ਨਿਕਲਣਾ ਤਾਂ ਦੂਰ ਦੀ ਗੱਲ ਉਸ ਦੀ ਤਾਂ ਤੁੜਾਈ ਵੀ ਨਹੀਂ ਨਿਕਲੀ।
ਆਮ ਤੌਰ ਤੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਕਿਸਾਨ ਝੋਨੇ ਤੇ ਕਣਕ ਦੇ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਦੀ ਖੇਤੀ ਕਰੇ। ਬਿਲਕੁਲ ਦੇਣ ਨੂੰ ਤਰਕ ਵਧੀਆ ਲੱਗਦਾ ਹੈ ਤੇ ਸੁਣਨ ਨੂੰ ਵੀ। ਪਰ ਅਸਲੀਅਤ ਇਹ ਹੈ ਕਿ ਉਹਨਾਂ ਚੀਜ਼ਾਂ ਦਾ ਮੁੱਲ ਕੁਝ ਵੀ ਨਹੀਂ ਪੈਂਦਾ। ਕਿਸਾਨ ਦਾ ਤਾਂ ਖਰਚਾ ਵੀ ਨਹੀਂ ਨਿਕਲਦਾ। ਅਸੀਂ ਖੁਦ ਖੇਤੀ ਵਿੱਚ ਇਹ ਤਜਰਬਾ ਕਰਕੇ ਦੇਖਿਆ ਹੈ। ਪੈਪਸੀ ਵਾਲੇ ਕਹਿ ਦਿੰਦੇ ਹਨ ਕਿ ਉਹ ਤੁਹਾਡੀਆਂ ਮਿਰਚਾਂ ਜਾਂ ਆਲੂ ਚੱਕਣਗੇ। ਪਰ ਜਦੋਂ ਫਸਲ ਹੁੰਦੀ ਹੈ ਤਾਂ 100 ਤਰਾਂ ਦੇ ਨੁਕਸ ਕੱਢ ਕੇ ਉਹ ਫਸਲ ਨਹੀਂ ਚੱਕਦੇ। ਮੰਡੀ ਵਿੱਚ ਕਿਸਾਨ ਨੂੰ ਇਹਨਾਂ ਦਾ ਜੋ ਭਾਅ ਮਿਲਦਾ ਹੈ ਉਸ ਨਾਲ ਤਾਂ ਉਸਦਾ ਢੋਆ ਢੁਆਈ ਦਾ ਖਰਚਾ ਹੀ ਪੂਰਾ ਨਹੀਂ ਹੁੰਦਾ। ਫਿਰ ਦੱਸੋ ਉਹ ਕਿੱਧਰ ਜਾਏ।
ਖਪਤਕਾਰ ਇਸ ਗੱਲ ਨੂੰ ਨਹੀਂ ਸਮਝਦੇ ਕਿ ਕਿਸਾਨ ਦੀ ਫਸਲ ਦੀ ਮਿਨੀਮਮ ਸਪੋਰਟ ਪ੍ਰਾਈਸ ਜਾਂ ਐਮਐਸਪੀ ਨਾ ਹੋਣ ਤੇ ਉਹਨਾਂ ਨੂੰ ਵੀ ਨੁਕਸਾਨ ਹੋਵੇਗਾ। ਜਦੋਂ ਮੰਡੀਕਰਨ ਨਹੀਂ ਰਹੇਗਾ ਤੇ ਪ੍ਰਾਈਵੇਟ ਵਪਾਰੀ ਫਸਲ ਨੂੰ ਖਰੀਦਣਗੇ ਤਾਂ ਉਹ ਆਪਣੀ ਮਰਜ਼ੀ ਦੇ ਭਾਅ ਤੇ ਵੇਚਣਗੇ। ਇਹੀ ਆਟਾ ਤੁਹਾਨੂੰ 50 ਰੁਪਏ ਦਾ ਕਿਲੋ ਮਿਲੇਗਾ। ਅੱਜ ਵੀ ਤੁਸੀਂ ਆਈਟੀਸੀ ਦੇ ਗਰੁੱਪ ਦਾ ਆਟਾ ਖਰੀਦ ਕੇ ਦੇਖੋ ਮੁੱਲ ਬਹੁਤ ਮਹਿੰਗਾ ਹੈ। ਕਿਸਾਨ ਨਾਲ ਆਮ ਆਦਮੀ ਧਿਰ ਨਹੀਂ ਬਣਦਾ ਇੱਥੇ ਹੀ ਉਹ ਮਾਰ ਖਾਂਦਾ ਹੈ। ਕਿਸਾਨ ਦਾ ਸਾਥ ਨਾ ਦੇ ਕੇ ਉਹ ਆਪਣਾ ਵੀ ਨੁਕਸਾਨ ਕਰਦਾ ਹੈ।
ਚਲੋ ਇਕ ਸੌਖੇ ਜਿਹੇ ਤਰੀਕੇ ਨਾਲ ਇਸ ਗੱਲ ਨੂੰ ਸਮਝਦੇ ਹਾਂ। ਮੰਨ ਲਓ ਅਸੀਂ ਫੁੱਟ ਸਕਰਬਰ ਖਰੀਦਣਾ ਹੈ। ਅਸੀਂ ਸਕਾਲ ਦੀ ਸ਼ਾਪ ਤੇ ਜਾਂਦੇ ਹਾਂ। ਉੱਥੇ ਇਸ ਸਕਰਬਰ 350 ਰੁਪਏ ਦਾ ਮਿਲਦਾ ਹੈ। ਅਸੀਂ ਹੱਸ ਕੇ ਖਰੀਦ ਲੈਂਦੇ ਹਾਂ। ਬਾਟਾ ਦੀ ਦੁਕਾਨ ਤੇ ਇਹ 150 ਰੁਪਏ ਦਾ ਮਿਲਦਾ ਹੈ। ਉੱਥੇ ਵੀ ਅਸੀਂ ਹੱਸ ਕੇ ਖਰੀਦ ਲੈਂਦੇ ਹਾਂ। ਸੜਕ ਦੇ ਕਿਨਾਰੇ ਬੈਠਾ ਇੱਕ ਬਾਬਾ ਜੋ ਝਾਵਾਂ ਵੇਚ ਰਿਹਾ ਹੈ ਉਹ ਜੇਕਰ ਝਾਵਾਂ 20 ਰੁਪਏ ਦਾ ਦੱਸਦਾ ਹੈ ਤਾਂ ਅਸੀਂ ਕਹਿੰਦੇ ਹਾਂ ਥੋੜਾ ਘੱਟ ਕਰ। ਅਸੀਂ ਕੁਝ ਦੇਰ ਉਸ ਨਾਲ ਬਹਿਸ ਕਰਕੇ ਉਹ ਝਾਵਾਂ 15 ਰੁਪਏ ਦਾ ਖਰੀਦ ਕੇ ਲਿਆਉਂਦੇ ਹਾਂ। ਜਦੋਂ ਹਾਲਾਤ ਇਹ ਹਨ ਤਾਂ ਕਿਸਾਨ ਐਮਐਸਪੀ ਦੀ ਮੰਗ ਕਿਉਂ ਨਾ ਕਰੇ।
ਤੁਸੀਂ ਕਿਸੇ ਫਰਨੀਚਰ ਦੀ ਦੁਕਾਨ ਤੇ ਚਲੇ ਜਾਓ। ਉੱਥੇ ਤੁਸੀਂ ਕਹੋ ਕਿ ਮੈਂ ਇਹ ਟੇਬਲ ਹਜਾਰ ਰੁਪਏ ਦਾ ਖਰੀਦਣਾ ਹੈ। ਕੀ ਉਹ ਦੁਕਾਨਦਾਰ ਤੁਹਾਡੇ ਦੱਸੇ ਮੁੱਲ ਤੇ ਤੁਹਾਨੂੰ ਟੇਬਲ ਦੇ ਦੇਵੇਗਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਆਪਣਾ ਮੁੱਲ ਦੱਸੇਗਾ ਤੇ ਤੁਸੀਂ ਉਸੇ ਮੁੱਲ ਤੇ ਉਸ ਟੇਬਲ ਨੂੰ ਖਰੀਦੋਗੇ। ਫਿਰ ਭਾਈ ਕਿਸਾਨ ਨੂੰ ਇਹ ਹੱਕ ਕਿਉਂ ਨਹੀਂ ਦਿੱਤਾ ਜਾਂਦਾ। ਚਲੋ ਛੱਡੋ ਉਹ ਤਾਂ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਦੱਸੇ ਮੁੱਲ ਤੇ ਮੇਰੀ ਚੀਜ਼ ਖਰੀਦੋ। ਉਹ ਤਾਂ ਇੱਕ ਘੱਟੋ ਘੱਟ ਮੁੱਲ ਨੀਅਤ ਕਰਨ ਨੂੰ ਕਹਿੰਦਾ ਹੈ। ਉਹ ਮੁੱਲ ਜਿਸ ਤੋਂ ਘੱਟ ਮੁੱਲ ਤੇ ਉਹ ਚੀਜ਼ ਖਰੀਦੀ ਨਾ ਜਾ ਸਕੇ। ਇਸ ਵਿੱਚ ਤਾਂ ਖਪਤਕਾਰ ਦਾ ਵੀ ਫਾਇਦਾ ਹੈ।
ਹੈਰਾਨੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪੜ੍ਹੇ ਲਿਖੇ ਵਰਗ ਨੂੰ ਵੀ ਇਹ ਗੱਲ ਸਮਝ ਨਹੀਂ ਆ ਰਹੀ ਕਿ ਇੱਥੇ ਫਾਇਦਾ ਕਿਸਾਨ ਤੇ ਆਮ ਖਪਤਕਾਰ ਦਾ ਹੈ। ਪਰ ਅਸੀਂ ਤਾਂ ਕਿਸਾਨਾਂ ਦਾ ਸਾਥ ਨਾ ਦੇ ਕੇ ਵੱਡੇ ਵੱਡੇ ਉਦਯੋਗਪਤੀਆਂ ਦੇ ਹੱਕ ਵਿੱਚ ਨਿਤਰ ਰਹੇ ਹਾਂ। ਸਾਨੂੰ ਕੋਈ ਵੱਡਾ ਕਾਰੋਬਾਰੀ ਲੁੱਟ ਲਵੇ ਉਹ ਸਾਨੂੰ ਮਨਜ਼ੂਰ ਹੈ। ਪਰ ਸਾਡੇ ਕਿਸਾਨ ਨੂੰ ਪੂਰਾ ਮਿਲ ਮਿਲੇ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ।
ਸਿਰਫ ਅੰਨਦਾਤਾ ਕਹਿ ਦੇਣ ਨਾਲ ਕਿਸਾਨ ਦੇ ਪ੍ਰਤੀ ਸਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ। ਸਾਨੂੰ ਉਸ ਦੀ ਇਸ ਲੜਾਈ ਵਿੱਚ ਉਹਦੇ ਨਾਲ ਖੜਨਾ ਪਵੇਗਾ। ਉਸ ਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈ। ਜਰਾ ਸੋਚੋ ਕਿਸੇ ਦਾ ਦਿਲ ਕਰਦਾ ਹੈ ਕਿ ਅਜਿਹੇ ਠੰਡ ਦੇ ਮੌਸਮ ਵਿੱਚ ਸੜਕ ਕਿਨਾਰੇ ਰਾਤ ਬਤਾਵੇ? ਕਿਹੜੀ ਔਰਤ ਹੈ ਜੋ ਆਪਣੇ 60 ਸਾਲ ਦੀ ਉਮਰ ਦੇ ਪਤੀ ਨੂੰ ਸੜਕ ਤੇ ਰਾਤ ਗੁਜ਼ਾਰਨ ਦੀ ਭੇਜ ਦੇਵੇਗੀ? ਕਿਹੜੀ ਮਾਂ ਆਪਣੇ ਜਵਾਨ ਪੁੱਤ ਨੂੰ ਹੰਜੂ ਗੈਸ ਦੇ ਗੋਲਿਆਂ ਵਿੱਚ ਭੇਜੇਗੀ ਜਿੱਥੇ ਉਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ? ਕਿਹੜਾ ਪਰਿਵਾਰ ਹੈ ਜੋ ਆਪਣੇ ਬਾਬੇ ਨੂੰ ਸੜਕ ਕਿਨਾਰੇ ਭੇਜ ਆਪ ਆਰਾਮ ਨਾਲ ਸੌ ਜਾਂਦਾ ਹੋਵੇਗਾ? ਉਨਾਂ ਦੇ ਜ਼ਖਮ ਕੀ ਤੁਹਾਡੇ ਦਿਲ ਨੂੰ ਧੂਹ ਨਹੀਂ ਪਾਉਂਦੇ? ਸੋਚਣ ਵਾਲੀਆਂ ਗੱਲਾਂ ਹਨ।
ਕਿਸੇ ਵੇਲੇ ਜਰਾ ਸਮਾਂ ਕੱਢ ਕੇ ਇਹਨਾਂ ਗੱਲਾਂ ਬਾਰੇ ਸਹਿਜ ਤਰੀਕੇ ਨਾਲ ਸੋਚੋ। ਅੰਦੋਲਨ ਕਰਨਾ ਕਿਸੇ ਦਾ ਸ਼ੌਕ ਨਹੀਂ ਹੁੰਦਾ। ਇਹ ਮਜਬੂਰੀ ਹੈ। ਜਦੋਂ ਕੋਈ ਤੁਹਾਡੀ ਗੱਲ ਸੁਣਦਾ ਹੀ ਨਹੀਂ ਤਾਂ ਤੁਸੀਂ ਕੀ ਕਰੋਗੇ? ਕੀ ਤੁਹਾਡੇ ਕੋਲ ਰਸਤੇ ਰੋਕਣ ਤੋਂ ਸਿਵਾਏ ਕੋਈ ਹੱਲ ਰਹਿ ਜਾਂਦਾ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਸਾਨ ਤੁਹਾਨੂੰ ਪਰੇਸ਼ਾਨ ਕਰਨ ਲਈ ਸੜਕ ਤੇ ਹਨ?
ਬਿਲਕੁਲ ਨਹੀਂ। ਇਹ ਤਾਂ ਆਪ ਪਰੇਸ਼ਾਨ ਹਨ। ਇਹਨਾਂ ਦਾ ਖਰਚਾ ਵੱਧ ਹੈ ਤੇ ਆਮਦਨੀ ਘੱਟ। ਇਹਨਾਂ ਨੂੰ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ। ਤੁਸੀਂ ਅਕਸਰ ਇਹਨਾਂ ਦੇ ਮੁੰਡਿਆਂ ਦੇ ਮੋਟਰਸਾਈਕਲਾਂ ਦੇ ਤੰਜ ਕਰਦੇ ਹੋ। ਕੀ ਮੋਟਰਸਾਈਕਲ ਚਲਾਉਣ ਦਾ ਹੱਕ ਸਿਰਫ ਤੁਹਾਡੇ ਬੱਚਿਆਂ ਨੂੰ ਹੈ? ਕੀ ਇਹ ਬੱਚੇ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਹੱਕ ਨਹੀਂ ਰੱਖਦੇ?
ਕਿਸਾਨ ਵੀ ਇਨਸਾਨ ਹੈ। ਦਿਨ ਰਾਤ ਮਿਹਨਤ ਕਰਦਾ ਹੈ। ਇਹਨਾਂ ਦੀ ਕਮਾਈ ਇੰਨੀ ਸੌਖੀ ਨਹੀਂ। ਸੁਣਿਆ ਹੋਵੇਗਾ ਨਾ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਖੇਤੀ ਹੁੰਦੀ ਹੈ। ਸੋ ਜਰੂਰ ਥੋੜਾ ਜਿਹਾ ਸੁਹਿਰਦ ਹੋ ਕੇ ਇਹਨਾਂ ਬਾਰੇ ਸੋਚੋ। ਇਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੋ। ਇੱਕ ਵਾਰ ਸਵਾਮੀਨਾਥਨ ਰਿਪੋਰਟ ਜਰੂਰ ਪੜੋ।
ਹੋ ਸਕਦਾ ਹੈ ਅਸੀਂ ਅਸਲੀਅਤ ਤੋਂ ਵਾਕਫ ਹੀ ਨਾ ਹੋਈਏ। ਇਹ ਜਰੂਰ ਹੈ ਕਿ ਸਾਨੂੰ ਕੁਝ ਪਰੇਸ਼ਾਨੀ ਹੋ ਰਹੀ ਹੈ। ਪਰ ਇਹਨਾਂ ਕੋਲ ਵੀ ਕੋਈ ਹੋਰ ਹੱਲ ਨਹੀਂ। ਅੱਜ ਜਦੋਂ ਮੈਂ ਰਜਾਈ ਵਿੱਚ ਬੈਠ ਕੇ ਇਹ ਗੱਲਾਂ ਤੁਹਾਡੇ ਨਾਲ ਕਰ ਰਿਹਾ ਹਾਂ ਤਾਂ ਮੇਰੇ ਪਿਤਾ ਦੀ ਉਮਰ ਦੇ ਮੇਰੇ ਭਰਾ ਦੀ ਉਮਰ ਦੇ ਤੇ ਮੇਰੇ ਬੱਚੇ ਦੀ ਉਮਰ ਦੇ ਕਿਸਾਨ ਸੜਕਾਂ ਤੇ ਬੈਠੇ ਹਨ। ਹੰਝੂ ਗੈਸ ਦੇ ਗੋਲਿਆਂ ਵਿੱਚ ਪਰੇਸ਼ਾਨ ਹਨ। ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਉਹਨਾਂ ਨੂੰ।
ਇਹ ਕਿਸਾਨ ਸਾਡੇ ਆਪਣੇ ਹਨ। ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਦਾ ਸਾਥ ਦਈਏ।
ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article  ‘ਗੁਰੂ’ ਦੀ ਸੋਚ ਨਾਲ ਧੱਕਾ’
Next article70 ਸਾਲਾ ਨੌਜਵਾਨ ਸੁਖਦੇਵ ਸਿੰਘ ਨੇ 05 ਕਿਲੋਮੀਟਰ ਵਾਅਕ ਰੇਸ ਵਿੱਚ ਮੱਲਿਆ ਪਹਿਲਾ ਸਥਾਨ