ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਬਾਰੇ ਮੀਟਿੰਗ ਅੱਜ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰ ਸਰਕਾਰ ਵੱਲੋਂ ਅਜੇ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਨਾਲ ਕੋਈ ਰਾਬਤਾ ਨਾ ਬਣਾਉਣ ਕਰ ਕੇ ਕਿਸਾਨ ਅੰਦੋਲਨ ਤੇਜ਼ ਕਰਨ ਤੇ ਮੋਰਚੇ ਦੇ ਅਗਲੇ ਪੜਾਅ ਬਾਰੇ ਬੈਠਕ ਅੱਜ ਸਿੰਘੂ ਬਾਰਡਰ ’ਤੇ ਕੀਤੀ ਗਈ। ਇਸ ਮੌਕੇ ਮੋਰਚੇ ਨੂੰ ਚਲਾ ਰਹੀ 9 ਮੈਂਬਰੀ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਸੱਦ ਲਿਆ ਗਿਆ ਤੇ ਵਿਚਾਰ-ਚਰਚਾ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਬੀਤੇ ਦੋ-ਤਿੰਨਾਂ ਦਿਨਾਂ ਤੋਂ ਕੋਈ ਹੁੰਗਾਰਾ ਨਾ ਮਿਲਣ ਤੋਂ ਕਿਸਾਨ ਆਗੂ ਨਿਰਾਸ਼ ਹਨ ਤੇ ਉਹ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਭਲਕੇ ਮੁੜ ਸਿਰ ਜੋੜ ਕੇ ਬੈਠਣਗੇ। ਮੋਰਚੇ ਵੱਲੋਂ ਭਲਕ ਦੀ ਬੈਠਕ ਦੌਰਾਨ ਬਕਾਇਆ ਮੰਗਾਂ ਤੇ ਸਰਕਾਰ ਦੇ ਢਿੱਲੇ ਰੁਖ਼ ’ਤੇ ਚਰਚਾ ਕੀਤੀ ਜਾਵੇਗੀ ਅਤੇ ਸਪੱਸ਼ਟ ਕੀਤਾ ਜਾਵੇਗਾ ਕਿ ਕੇਂਦਰ ਸਰਕਾਰ ਇਸ ਭਰਮ ਵਿੱਚ ਨਾ ਰਹੇ ਕਿ ਮੋਰਚਾ ਖ਼ਤਮ ਹੋਣ ਵੱਲ ਹੈ।

ਕਿਸਾਨ ਆਗੂ ਯੁੱਧਵੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿਸਾਨ ਦਿੱਲੀ ਦੇ ਮੋਰਚਿਆਂ ਉਪਰ ਸ਼ੌਕ ਨਾਲ ਨਹੀਂ ਬੈਠੇ ਹਨ, ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਰਚੇ ਦੇ ਕੁੱਝ ਪ੍ਰੋਗਰਾਮਾਂ ਨੂੰ ਕੁੱਝ ਸਮੇਂ ਲਈ ਮੁਅੱਤਲ ਕੀਤਾ ਗਿਆ ਸੀ ਪਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਜਾਰੀ ਰਹਿਣਗੇ। ਇਨ੍ਹਾਂ ’ਚ ‘ਮਿਸ਼ਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ’ ਵੀ ਸ਼ਾਮਲ ਹੈ। ਯੁੱਧਵੀਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਵੱਲੋਂ 4 ਦਸੰਬਰ ਨੂੰ ਹੋਈ ਗੱਲਬਾਤ ਦੌਰਾਨ ਐੱਮਐੱਸਪੀ ਸਮੇਤ ਹੋਰ ਮੁੱਦਿਆਂ ਬਾਰੇ ਚਰਚਾ ਹੋਈ ਜਿਨ੍ਹਾਂ ’ਚ ਕਿਸਾਨਾਂ ਵਿਰੁੱਧ ਦਰਜ ਮਾਮਲਿਆਂ ਦਾ ਮੁੱਦਾ ਵੀ ਸ਼ਾਮਲ ਸੀ। ਇਸ ਮਗਰੋਂ ਛੋਟੀ ਕਮੇਟੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਕਮੇਟੀ ਗੱਲਬਾਤ ਕਰਨ ਦਾ ਰਾਹ ਖੋਲ੍ਹਣ ਲਈ ਬਣਾਈ ਗਈ ਸੀ ਪਰ ਸਰਕਾਰ ਵੱਲੋਂ ਲਿਖਤੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ, ਸਿਰਫ਼ ਟੀਵੀ ’ਤੇ ਆਖ ਦੇਣ ਨਾਲ ਅੰਦੋਲਨ ਨਹੀਂ ਰੁਕਦੇ।

ਅਸ਼ੋਕ ਧਾਵਲੇ ਤੇ ਸ਼ਿਵ ਕੁਮਾਰ ਕੱਕਾਜੀ ਨੇ ਕਿਹਾ ਕਿ ਬਾਕੀ ਮਾਮਲਿਆਂ ’ਤੇ ਗੱਲਬਾਤ ਬਾਕੀ ਹੈ ਤੇ ਕੇਂਦਰ ਸਰਕਾਰ ਇਸ ਭਰਮ ਵਿੱਚ ਨਾ ਰਹੇ ਕਿ ਮੋਰਚਾ ਖਤਮ ਹੋਣ ਵੱਲ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਨਸਾਨੀਅਤ ਦੇ ਨਾਤੇ ਸੰਸਦ ਵੱਲ ਟਰੈਕਟਰ ਮਾਰਚ ਤਾਂ ਹੀ ਰੱਦ ਕੀਤਾ ਗਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨਾਲ ਵੀ ਕਿਸਾਨੀ ਮੁੱਦਿਆਂ ਬਾਰੇ ਗੱਲਬਾਤ ਸਿਰੇ ਨਹੀਂ ਚੜ੍ਹੀ। ਉਨ੍ਹਾਂ ਐਨਆਰਆਈਜ਼ ਖ਼ਿਲਾਫ਼ ਮਾਮਲੇ ਤੇ ਕਾਲੀ ਸੂਚੀ ਦਾ ਜ਼ਿਕਰ ਵੀ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੇ ਉੱਤਰੀ ਸਰਹੱਦ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ
Next articleਕਾਂਗਰਸ ਦੇ ਮੈਨੀਫੈਸਟੋ ’ਚ ਯੂਪੀ ਦੇ ਵਿਕਾਸ ਦਾ ਖਾਕਾ ਹੋਵੇਗਾ: ਪ੍ਰਿਯੰਕਾ