(ਸਮਾਜ ਵੀਕਲੀ)
ਹਰ ਮੋੜ ‘ਤੇ ਹੱਦਾਂ ਸੀਲ ,
ਹਰ ਬਾਡਰ ਨਾਕੇ ਤੇ ਹਨੇਰਾ ।
ਅਸੀਂ ਫਿਰ ਵੀ ਰੁਕੇ ਨਾ ਦਿੱਲੀਏ ,
ਸਾਡਾ ਵੀ ਦੇਖ ਜੇਰਾ ।
ਕਿੰਨੀ ਕੁ ਦੇਰ ਆਖ਼ਿਰ,
ਜ਼ੁਲਮ ਤੇਰੇ ਪੰਜਾਬ ਜਰਦਾ ,
ਕਿੰਨੀ ਕੁ ਦੇਰ ਰਹਿੰਦਾ,
ਖ਼ਾਮੋਸ਼ ਖ਼ੂਨ ਮੇਰਾ ।
ਇਤਿਹਾਸ ਦੇ ਸਫ਼ੇ ਤੇ,
ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਲਹੂ ਵਿੱਚ,
ਲਿਖਿਆ ਇਤਿਹਾਸ ਏ ਮੇਰਾ ।
ਮੇਰੇ ਤੇ ਹੋਏ ਜ਼ੁਲਮ ਵਿੱਚ ,
ਤੇਰਾ ਹੈ ਜ਼ਿਕਰ ਏਦਾਂ,
ਤੇਰੇ ਲਈ ਚਾਂਦਨੀ ਚੌਂਕ ਚ,
ਕੁਰਬਾਨ ਹੋਇਆ ਸੀ ਸਤਿਗੁਰੂ ਮੇਰਾ।
ਸਿਰ ਤੇ ਨੇ ਫੌਜਾਂ ਖੜੀਆਂ,
ਨੱਚਦੇ ਨੇ ਪੁੱਤਰ ਮੇਰੇ ,
ਕਿਉਂ ਵੇਖ ਵੇਖ ਉੱਡਦੈ ਦਿੱਲੀਏ ,
ਚਿਹਰੇ ਦਾ ਰੰਗ ਤੇਰਾ ।
ਇਹ ਗੋਬਿੰਦ ਦੇ ਨੇ ਜਾਏ ,
ਗੁਜਰੀ ਦਾਦੀਆਂ ਲਾਡ ਲਡਾਏ ,
ਹਿੱਕਾ ਤਾਣ ਕੇ ਖੜ੍ਹੇ ਨੇ “ਪ੍ਰੀਤ” ,
ਆ ਨਾਪ ਸੀਨਾ ਮੇਰਾ।
ਮੈਂ ਭੀਖ ਲੈਣ ਨਹੀਂ ਆਇਆ ,
ਅੰਨਦਾਤਾ ਹਾਂ ਦੁਨੀਆ ਦਾ,
ਕਿਵੇਂ ਗੈਰ ਨੂੰ ਪੈਰ ਰੱਖਣ ਦਵਾ,
ਮੇਰੀ ਜਮੀਨ ਹੱਕ ਏ ਮੇਰਾ।
ਮੇਰੀ ਜ਼ਮੀਨ ਤੇ ਫਸਲ ਭੀ ਏ ਮੇਰੀ,
ਸਾਰੇ ਆਬ ਭੀ ਮੇਰੇ ਨੇ,
ਦਸਾਂ ਨੌਹਾਂ ਦੀ ਕਿਰਤ ਮੇਰੀ,
ਕਿਓਂ ਫ਼ੈਸਲਾ ਸੁਣਾ ਮੈ ਤੇਰਾ।
ਲੰਬੀ ਵਾਟ ਤੈਅ ਕਰਕੇ,
ਮੈ ਪੁੱਛਣ ਅੱਜ ਤੈਨੂੰ ਆਇਆ,
ਮੈਂ ਆਪਣੀ ਸਰਜ਼ਮੀ ਲੇਈ,
ਕਿਓਂ ਕਾਲ਼ਾ ਕਾਨੂੰਨ ਮੰਨਾ ਮੈ ਤੇਰਾ।
ਡਾ. ਲਵਪ੍ਰੀਤ ਕੌਰ “ਜਵੰਦਾ”
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly