ਰਾਜਿਆ ਰਾਜ ਕਰੇਂਦਿਆ ……….

ਲੋਕ ਸ਼ਕਤੀ ਮੂਹਰੇ ਨਈ ਚੱਲਣੇ ਦਬਕੇ ਜੇਲ੍ਹਾਂ ਦੇ ਤੜਕ ਸਾਰ ਪੁਲਿਸ ਨੇ ਕਿਸਾਨਾਂ ਨੂੰ ਕੀਤਾ ਘਰੋਂ ਤੋਂ ਗ੍ਰਿਫਤਾਰ   
(ਸਮਾਜ ਵੀਕਲੀ)  ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਦਬਾਉਣਾ ਸ਼ੁਰੂ ਕੀਤਾ ਹੈ, ਤੋਂ ਲੱਗਦਾ ਹੈ ਕਿ ਸਰਕਾਰ ਵੱਡੀ ਘਬਰਾਹਟ ਵਿਚ ਚੱਲ ਰਹੀ ਹੈ। ਸਰਕਾਰ ਕੋਲ ਸਰਕਾਰ ਚਲਾਉਣ ਵਾਲੀ ਨੀਤੀ ਤੇ ਨੀਅਤ ਬਿਮਾਰ ਜਾਪਦੀ ਹੈ। ਹਰ ਮਸਲੇ ‘ਤੇ ਸਰਕਾਰ ਨੂੰ ਲਾਹਨਤਾਂ ਪੈ ਰਹੀਆਂ ਹਨ। ਮੁੱਖ ਮੰਤਰੀ  ਨੂੰ ਕੁਰਸੀ ਦਾ ਮੋਹ ਚਿੰਬੜ ਗਿਆ ਹੈ। ਉਹ ਕਿਸਾਨਾਂ ਨਾਲ ਬੇਰੁਖ਼ੀ ਨਾਲ ਪੇਸ਼ ਆ ਰਹੇ ਹਨ ‌। ਸਰਕਾਰ ਦੀ ਪੁਲਿਸ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। 5 ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਨੂੰ ਤਾਰ ਪੀਡੋ ਕਰਨ ਲਈ ਅੱਜ 4 ਮਾਰਚ ਦੇ ਤੜਕ ਸਾਰ ਪੁਲਿਸ ਵੱਲੋਂ ਕਿਸਾਨਾਂ ਨੂੰ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ। ਕਿਸਾਨਾਂ ਦੀ ਗ੍ਰਿਫਤਾਰੀ ਨੇ  ਲੋਕਾਂ ਵਿਚ ਸਰਕਾਰ ਵਿਰੁੱਧ ਵੱਡਾ ਰੋਸ ਪੈਦਾ ਕਰ ਦਿੱਤਾ ਹੈ। ਲੋਕਾਂ ਨੇ ਗੁੱਸੇ ਅਤੇ ਰੋਸ ਵਿੱਚ ਆਖਿਆ ਹੈ ਕਿ ਥਾਣਿਆਂ ਅਤੇ ਜੇਲ੍ਹਾਂ ਦਾ ਡਰ ਦੇਣ ਵਾਲੀ ਸਰਕਾਰ ਦਾ ਅੰਤ ਆ ਗਿਆ ਹੈ। ਸਰਕਾਰ ਦੀ ਤਾਨਾਸ਼ਾਹੀ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।  ਹੁਣ ਧਰਨਿਆਂ ਲਈ ਪਿੰਡਾਂ ‘ਚੋਂ ਵੱਡੇ ਪੱਧਰ ‘ਤੇ ਟਰਾਲੀਆਂ ਭਰਾਂਗੇ ਅਤੇ ਸੜਕਾਂ ਨੂੰ ਕੂਚ ਕਰਾਂਗੇ। ਸਾਰੇ ਪੰਜਾਬ ਵਿੱਚ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਇੱਥੇ ਹਲਕਾ ਬਾਘਾਪੁਰਾਣਾ ਦੇ ਪਿੰਡ ਭਲੂਰ ਤੋਂ ਜਦੋਂ ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਸਰਦਾਰ ਨਿਰਮਲ ਸਿੰਘ ਵਿਰਕ ਭਲੂਰ ਅਤੇ ਸਰਦਾਰ ਅਮਰਜੀਤ ਸਿੰਘ ਜਟਾਣਾ ਭਲੂਰ ਨੂੰ ਪੁਲਿਸ ਨੇ ਚੁੱਕਿਆ ਤਾਂ ਸਮੁੱਚੇ ਪਿੰਡ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਹੱਕ ਮੰਗਦਿਆਂ ਨੂੰ ਵੀ ਥਾਣੇ ਜੇਲ੍ਹਾਂ ਦਿੰਦੀ ਹੈ ਤਾਂ ਅਸੀਂ ਇਹਨਾਂ ਹੱਕਾਂ ਲਈ ਆਪਣੇ ਬੱਚੇ ਬਜ਼ੁਰਗ ਵੀ ਨਾਲ ਲੈ ਕੇ ਸੜਕਾਂ ‘ਤੇ ਆ ਰਹੇ ਹਾਂ। ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀ ਸ਼ਕਤੀ ਮੂਹਰੇ ਜੇਲ੍ਹਾਂ ਦੇ ਦੱਬਕੇ ਨਹੀਂ ਚੱਲਿਆ ਕਰਦੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤਾਂ ਖੁਦ ਆਪਣੀਆਂ ਕੈਸਿਟਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਅਤੇ ਤਾਨਾਸ਼ਾਹੀ ਦੇ ਖਿਲਾਫ ਡਟਣ ਦੀ ਸਿੱਖਿਆ ਦਿੰਦਾ ਰਿਹਾ। ਅੱਜ ਆਪਣੇ ਕੋਲ ਕੁਰਸੀ ਆਈ ਤਾਂ ਲੋਕਾਂ ਦਾ ਲਹੂ ਪੀਣ ਦੇ ਰਾਹ ਤੁਰ ਪਿਆ ਹੈ।  ਖ਼ਬਰ ਮਿਲੀ ਹੈ ਕਿ ਅੱਜ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਦੀਆਂ ਇਹਨਾਂ ਨੀਤੀਆਂ ਨੇ ਮਿਹਨਤਕਸ਼ ਲੋਕਾਂ ਨੂੰ ਜਬਰ ਦੇ ਖਿਲਾਫ ਡਟਣ ਲਈ ਮਜਬੂਰ ਕਰ ਦਿੱਤਾ ਹੈ। ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਸਰਕਾਰ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਪੰਜਾਬ ਦੇ ਆਮ ਲੋਕ ਵੀ ਸਮਝ ਚੁੱਕੇ ਹਨ ਕਿ ਕਿਸਾਨ ਦੀ ਮੰਦਹਾਲੀ , ਸਰਕਾਰ ਦੀ ਬੇਇਨਸਾਫੀ, ਫਸਲਾਂ ਦੀ ਬੇਕਦਰੀ ਉਸਨੂੰ ਸਰਕਾਰ ਖ਼ਿਲਾਫ਼ ਧਰਨੇ ਲਗਾਉਣ ਲਈ ਉਠਾਉਂਦੀ ਹੈ। ਧਰਨੇ ਲਗਾ ਕੇ ਕਿਸਾਨ ਆਮ ਲੋਕਾਂ ਨੂੰ ਕਦੇ ਵੀ ਮੁਸ਼ਕਿਲਾਂ ਨਹੀਂ ਦੇਣੀਆਂ ਚਾਹੁੰਦਾ। ਮੌਤ ਦੇ ਮੂੰਹ ਪਿਆ ਕਿਸਾਨ ਧਰਨੇ ਲਗਾਉਣ ਲਈ ਮਜਬੂਰ ਹੁੰਦਾ ਹੈ। ਸਰਕਾਰ ਕਿਸਾਨੀ ਮੰਗਾਂ ਮੰਨਣ ਦੀ ਥਾਂ ਉਸ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ। ਇਹ ਗ੍ਰਿਫਤਾਰੀ ਸਰਕਾਰ ਦੀ ਨਾਲਾਇਕੀ ਨੂੰ ਜੱਗ ਜ਼ਾਹਰ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਸਿਰਫ਼ ਲਿਫ਼ਾਫ਼ੇਬਾਜੀ ਸਾਬਿਤ ਹੋਈਆਂ ਹਨ। ਅੱਜ ਪੰਜਾਬ ਵਿੱਚ ਸਰਕਾਰ ਦੇ ਖਿਲਾਫ ਰੋਸ ਲਹਿਰ ਪੈਦਾ ਹੋ ਰਹੀ ਹੈ। ਇੱਥੇ ਵੱਡੇ ਇਕੱਠ ਵਿੱਚ ਇਕੱਤਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਜੇਕਰ ਸਰਕਾਰ ਇਸ ਤਰ੍ਹਾਂ ਦਾ ਸਲੂਕ ਜਾਰੀ ਰੱਖੇਗੀ ਤਾਂ ਉਹ ਵੱਡਾ ਤੇ ਤਿੱਖਾ ਸੰਘਰਸ਼ ਵਿੱਢਣਗੇ।
                                      ਬੇਅੰਤ ਗਿੱਲ (ਭਲੂਰ)
                                      99143-81958
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article68ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ (ਲੀਗ ਸਟੇਜ) ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਸ਼ੁਰੂ
Next articleਬੀਕੇਯੂ ਦੁਆਬਾ ਬਲਾਕ ਮਹਿਤਪੁਰ ਦੀ ਮੀਟਿੰਗ ਪੰਨੂ ਤੰਦਾਉਰਾ ਦੀ ਅਗਵਾਈ ਹੇਠ ਹੋਈ