ਸਿਓਲ, (ਸਮਾਜ ਵੀਕਲੀ): ਉਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਅਮਰੀਕਾ ਤੱਕ ਮਾਰ ਕਰਨ ਵਾਲੀਆਂ ਸ਼ਕਤੀਸ਼ਾਲੀ ਮਿਜ਼ਾਈਲਾਂ ਦੀ ਪ੍ਰਦਰਸ਼ਨੀ ਦਾ ਜਾਇਜ਼ਾ ਲੈਂਦਿਆਂ ਇੱਕ ‘ਅਜੇਤੂ’ ਫ਼ੌਜ ਤਿਆਰ ਕਰਨ ਦਾ ਸੰਕਲਪ ਲਿਆ। ਉਤਰ ਕੋਰੀਆ ਦੇ ਸਰਕਾਰੀ ਮੀਡੀਆ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ, ਕਿਮ ਨੇ ਅਮਰੀਕਾ ’ਤੇ ਖੇਤਰ ਵਿੱਚ ਤਣਾਅ ਪੈਦਾ ਕਰਨ ਅਤੇ ਇਹ ਸਾਬਤ ਕਰਨ ਲਈ ਕੋਈ ਕਦਮ ਨਾ ਚੁੱਕਣ ਦਾ ਦੋਸ਼ ਲਾਇਆ ਕਿ ਉਹ ਉਤਰ ਕੋਰੀਆ ਪ੍ਰਤੀ ਕੋਈ ਵੈਰ ਨਹੀਂ ਰੱਖਦਾ। ਕਿਮ ਨੇ ਕਿਹਾ ਕਿ ਫ਼ੌਜ ਦਾ ਵਿਸਥਾਰ ਕਰਨ ਦਾ ਉਸ ਦਾ ਮਕਸਦ ਦੱਖਣੀ ਕੋਰੀਆ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ ਅਤੇ ਕੋਰਿਆਈ ਲੋਕਾਂ ਨੂੰ ਇੱਕ-ਦੂਜੇ ਖ਼ਿਲਾਫ਼ ਖੜ੍ਹਾ ਕਰਨ ਵਾਲੀ ਇੱਕ ਹੋਰ ਜੰਗ ਨਹੀਂ ਹੋਣੀ ਚਾਹੀਦੀ।
ਕਿਮ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੋਮਵਾਰ ਨੂੰ 76ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹ ਭਾਸ਼ਨ ਦਿੱਤਾ ਸੀ। ਦੱਖਣੀ ਕੋਰਿਆਈ ਮੀਡੀਆ ਨੇ ਦੱਸਿਆ ਕਿ ਉਤਰ ਕੋਰੀਆਂ ਵੱਲੋਂ ਕਰਵਾਇਆ ਗਿਆ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰੋਗਰਾਮ ਸੀ। ਅਧਿਕਾਰਿਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਦੀ ਖ਼ਬਰ ਮੁਤਾਬਕ, ਕਿਮ ਨੇ ਕਿਹਾ ਕਿ ਅਮਰੀਕਾ ਲਗਾਤਾਰ ਇਹ ਸੰਦੇਸ਼ ਦਿੰਦਾ ਰਿਹਾ ਹੈ ਕਿ ਉਹ ਉਤਰ ਕੋਰੀਆ ਪ੍ਰਤੀ ਵੈਰ-ਵਿਰੋਧ ਵਾਲਾ ਰਵੱਈਆ ਨਹੀਂ ਰੱਖਦਾ, ਪਰ ਇਸ ਨੂੰ ਸਾਬਤ ਕਰਨ ਲਈ ਉਸ ਨੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਖੇਤਰ ਵਿੱਚ ਲਗਾਤਾਰ ਆਪਣੇ ਗ਼ਲਤ ਫ਼ੈਸਲਿਆਂ ਅਤੇ ਕਦਮਾਂ ਨਾਲ ਤਣਾਅ ਪੈਦਾ ਕਰਦਾ ਆ ਰਿਹਾ ਹੈ। ਉਨ ਨੇ ਅਮਰੀਕਾ ਨੂੰ ਕੋਰਿਆਈ ਖੇਤਰ ਵਿੱਚ ਅਸਥਿਰਤਾ ਦਾ ‘ਸਰੋਤ’ ਦੱਸਿਆ ਅਤੇ ਕਿਹਾ ਕਿ ਉਤਰ ਕੋਰੀਆ ਦਾ ਸਭ ਤੋਂ ਵੱਡਾ ਮਕਸਦ ‘ਅਜੇਤੂ ਫ਼ੌਜੀ ਤਾਕਤ’ ਬਣਨਾ ਹੈ, ਜਿਸ ਨੂੰ ਕੋਈ ਵੀ ਚੁਣੌਤੀ ਦੇਣ ਦੀ ਹਿੰਮਤ ਨਾ ਕਰ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly