(ਸਮਾਜ ਵੀਕਲੀ)
ਅੱਜ ਆਪਾਂ ਥੋਡੇ ਨਾਲ ਗੁਰਦੇ ਦੀ ਪਥਰੀ ਬਾਰੇ ਜਾਣਕਾਰੀ ਸਾਂਝੀ ਕਰਾਂਗੇ।ਜਿਸ ਵਿੱਚ ਇਸ ਦੇ ਸ਼ੁਰੂਆਤੀ ਲੱਛਣ,ਕਾਰਨ,ਕਿਸਮਾਂ,ਬਚਾਓ ਅਤੇ ਸਾਵਧਾਨੀਆਂ ਆਦਿ ਵਿਸ਼ੇ ਸ਼ਾਮਲ ਹੋਣਗੇ।
ਦੋਸਤੋ ਅੱਜ ਦੇ ਸਮੇਂ ਗਲਤ ਖ਼ਾਣ ਪੀਣ ਅਤੇ ਤਰਾਂ ਤਰਾਂ ਦੀਆਂ ਦਵਾਈਆਂ ਦੀ ਵਰਤੋ ਕਾਰਨ ਦਸ ਵਿੱਚੋਂ ਇਕ ਮਰੀਜ ਗੁਰਦੇ ਦੀ ਪਥਰੀ ਦੀ ਸਮੱਸਿਆ ਵਿੱਚੋਂ ਗੁਜ਼ਰ ਰਿਹਾ ਹੈ।ਜਦੋਂ ਸਾਡੇ ਸਰੀਰ ਨੂੰ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਤਰਾਂ ਤਰਾਂ ਦੇ ਨੁਸਖ਼ੇ ਪੁੱਛਦੇ,ਵਰਤਦੇ ਹਾਂ ਜਾਂ ਨੀਮ ਹਕੀਮਾਂ ਕੋਲੋਂ ਦਵਾਈਆਂ ਲੈਂਦੇ ਹਾਂ,ਜੋ ਸਾਡੇ ਸਰੀਰ ਨੂੰ ਹੋਰ ਜਿਆਦਾ ਨੁਕਸਾਨ ਕਰਦੇ ਹਨ।ਪਰ ਇਸ ਸਮੱਸਿਆ ਦਾ ਇਲਾਜ ਸੂਝ ਸਿਆਣਪ,ਪਥਰੀ ਦੀ ਕਿਸਮ ਅਤੇ ਮਰੀਜ ਦੀ ਹਾਲਤ ਦੇ ਹਿਸਾਬ ਨਾਲ ਹੀ ਕੀਤਾ ਜਾ ਸਕਦਾ ਹੈ।ਆਓ ਪਹਿਲਾਂ ਗੁਰਦੇ ਵਿੱਚ ਪਥਰੀ ਹੋਣ ਦੇ ਲੱਛਣਾਂ ਬਾਰੇ ਜਾਣਦੇ ਹਾਂ
ਗੁਰਦੇ ਵਿੱਚ ਪਥਰੀ ਹੋਣ ਤੇ ਸਾਡਾ ਸਰੀਰ ਹੇਠ ਲਿਖ਼ੇ ਸੰਕੇਤ ਦਿੰਦਾ ਹੈ……
1) ਪੇਸ਼ਾਬ ਕਰਦੇ ਸਮੇਂ ਜਲਣ ਜਾਂ ਦਰਦ ਹੋਣਾ
2) ਕਮਰ ਚ ਹਲਕਾ ਜਾਂ ਤੇਜ ਦਰਦ
3) ਪੇਟ ਦੇ ਹੇਠਲੇ ਹਿੱਸੇ ਵਿੱਚ ਤੇਜ ਦਰਦ
4) ਪਿਛਲੇ ਪਾਸੇ ਪਸਲੀਆਂ ਦੇ ਹੇਠਾਂ ਭਾਵ ਗੁਰਦਿਆਂ ਵਾਲੀ ਜਗ੍ਹਾ ਦਰਦ ਹੋਣਾ
ਇਹਦੇ ਬਿਨਾਂ ਹੋਰ ਵੀ ਲੱਛਣ ਦੇਖ਼ਣ ਨੂੰ ਮਿਲ ਸਕਦੇ ਹਨ ਜਿਵੇਂ ਕਿ_ ਪੇਸ਼ਾਬ ਦਾ ਬੰਨ੍ਹ,ਪੇਸ਼ਾਬ ਵਿੱਚੋਂ ਬਦਬੂ ਆਉਣਾ,ਥੋੜਾ ਥੋੜਾ ਪੇਸ਼ਾਬ ਆਉਣਾ ਅਤੇ ਵਾਰ ਵਾਰ ਪੇਸ਼ਾਬ ਦੀ ਹਾਜਤ ਹੋਣਾ,ਬੁਖ਼ਾਰ ਜੋ ਦਵਾਈਆਂ ਨਾਲ ਵੀ ਸਹੀ ਨਾ ਹੋਵੇ ,ਉਲਟੀ ਆਉਣਾ ਤੇ ਜੀਅ ਮਚਲਣਾ,ਪੇਸ਼ਾਬ ਚ ਖ਼ੂਨ ਆਉਣਾ ਜਾਂ ਪੇਸ਼ਾਬ ਦਾ ਰੰਗ (ਲਾਲ,ਗੁਲਾਬੀ, ਭੂਰਾ) ਬਦਲਣਾ ਆਦਿ
ਗੁਰਦੇ ਵਿੱਚ ਪਥਰੀ ਬਣਨ ਦੇ ਹੇਠ ਲਿਖ਼ੇ ਕਾਰਨ ਹੋ ਸਕਦੇ ਹਨ
1) ਪਾਣੀ ਘੱਟ ਪੀਣਾ
2) ਜਿਆਦਾ ਪ੍ਰੋਟੀਨ,ਨਮਕ ਜਾਂ ਮਿੱਠੇ ਵਾਲਾ ਭੋਜਨ ਖ਼ਾਣਾ
3) ਪੇਟ ਜਾਂ ਆਂਤੜੀਆਂ ਦਾ ਕਿਸੇ ਕਿਸਮ ਦਾ ਓਪ੍ਰੇਸ਼ਨ
4) ਜਾਂ ਗੁਰਦੇ ਦਾ ਕੋਈ ਹੋਰ ਰੋਗ
ਇਸ ਤੋਂ ਇਲਾਵਾ ਤੁਹਾਡੇ ਪੇਸ਼ਾਬ ਵਿੱਚ ਸਿਸਟੀਨ,ਔਕਸਾਲੇਟ,ਯੂਰਿਕ ਐਸਿਡ ਜਾਂ ਕੈਲਸ਼ੀਅਮ ਦੀ ਮਾਤਰਾ ਵਧਣਾ,ਪੇਸ਼ਾਬ ਵਰਧਕ ਜਾਂ ਕੈਲਸ਼ੀਅਮ ਅਧਾਰਿਤ ਦਵਾਈਆਂ ਅਤੇ ਗਲਤ ਖ਼ਾਣ ਪੀਣ ਆਦਿ ਵੀ ਇਸ ਦਾ ਕਾਰਨ ਹਨ।
ਦੋਸਤੋ ਹੁਣ ਆਪਾਂ ਗੁਰਦੇ ਦੀ ਪਥਰੀ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ ਜੋ ਹੇਠ ਲਿਖ਼ੀਆਂ ਹਨ….
1) ਕੈਲਸ਼ੀਅਮ ਦੀ ਪਥਰੀ:- ਪਥਰੀ ਦੇ ਕੇਸਾਂ ਵਿੱਚ 60 ਤੋਂ 70% ਇਹ ਕਿਸਮ ਪਾਈ ਜਾਂਦੀ ਹੈ।ਇਹ ਕੈਲਸ਼ੀਅਮ ਔਕਸਾਲੇਟ ਦੀ ਬਣੀ ਹੁੰਦੀ ਹੈ।ਜਿਹੜੇ ਮਰੀਜਾਂ ਵਿੱਚ ਇਸ ਕਿਸਮ ਦੀ ਪਥਰੀ ਹੁੰਦੀ ਹੈ ਓਹਨਾਂ ਨੂੰ ਜਿਆਦਾ ਔਕਸਾਲੇਟ ਵਾਲੇ ਭੋਜਨ ਜਿਵੇਂ ਕਿ ਆਲੂ,ਪਾਲਕ,ਚੁਕੰਦਰ,ਮੂੰਗਫ਼ਲੀ ਅਤੇ ਚਾਕਲੇਟ ਆਦਿ ਨਹੀਂ ਖ਼ਾਣਾ ਚਾਹੀਦਾ।
2) ਯੂਰਿਕ ਐਸਿਡ ਦੀ ਪਥਰੀ :- ਦੋਸਤੋ ਇਹ ਕਿਸਮ ਜਿਆਦਾਤਰ ਮਰਦਾਂ ਵਿੱਚ ਪਾਈ ਜਾਂਦੀ ਹੈ।ਗਠੀਆ ਜਾਂ ਕੀਮੋਥੈਰਪੀ ਵਿੱਚੋਂ ਗੁਜਰਣ ਵਾਲੇ ਮਰੀਜਾਂ ਵਿੱਚ ਇਸ ਕਿਸਮ ਦੀ ਪਥਰੀ ਬਣਨ ਦੀ ਸੰਭਾਵਨਾ ਜਿਆਦਾ ਹੁੰਦੀ ਹੈ।ਇਸ ਕਿਸਮ ਦੀ ਪਥਰੀ ਵਾਲੇ ਮਰੀਜਾਂ ਨੂੰ ਪਸ਼ੂ ਪ੍ਰੋਟੀਨ ਜਿਵੇਂ ਕਿ ਮਾਸ,ਮੱਛੀ ਆਦਿ ਨਹੀਂ ਖ਼ਾਣਾ ਚਾਹੀਦਾ।
3) ਸਟਰੂਵਾਈਟ ਪਥਰੀ :- ਇਹ ਕਿਸਮ ਦੀ ਪਥਰੀ ਔਰਤਾਂ ਵਿੱਚ ਜਿਆਦਾ ਹੁੰਦੀ ਹੈ।ਇਸ ਦਾ ਮੁੱਖ਼ ਕਾਰਨ ਮੂਤਰ ਮਾਰਗ ਦੀ ਇਨਫੈਕਸ਼ਨ ਨੂੰ ਮੰਨਿਆ ਜਾਂਦਾ ਹੈ।ਇਹ ਪੱਥਰ ਅਮੋਨੀਆ,ਮੈਗਨੀਸ਼ੀਅਮ,ਅਮੋਨੀਅਮ ਅਤੇ ਫ਼ਾਸਫ਼ੇਟ ਦੇ ਬਣੇ ਹੋਏ ਹੁੰਦੇ ਹਨ ਅਤੇ ਕਾਫ਼ੀ ਵੱਡੇ ਪੱਥਰ ਬਣ ਸਕਦੇ ਹਨ ਜੋ ਪੇਸ਼ਾਬ ਬੰਨ੍ਹ ਦਾ ਕਾਰਨ ਬਣਦੇ ਹਨ।
4) ਸਿਸਟੀਨ ਪਥਰੀ:- ਇਹ ਪਥਰੀ ਬਹੁਤ ਘੱਟ ਪਾਈ ਜਾਂਦੀ ਹੈ।ਇਹ ਮਰਦ ਅਤੇ ਔਰਤਾਂ ਦੋਨਾਂ ਚ ਬਣ ਸਕਦੇ ਹਨ।ਇਹ ਪੱਥਰ ਸਰੀਰ ਵਿੱਚ ਪਾਏ ਜਾਣ ਵਾਲੇ ਸਿਸਟੀਨ ਨਾਮਕ ਤੇਜਾਬ ਦੇ ਬਣਦੇ ਹਨ।
ਪਥਰੀ ਤੋਂ ਬਚਾਅ ਲਈ ਨਿਯਮਿਤ ਮਾਤਰਾ ਵਿੱਚ ਪਾਣੀ ਪੀਓ,ਸਹੀ ਸਮੇਂ ਪੇਸ਼ਾਬ ਕਰੋ,ਖ਼ਾਣੇ ਵਿੱਚ ਅਜਿਹੇ ਭੋਜਨ ਸ਼ਾਮਲ ਕਰੋ ਜਿੰਨਾ ਵਿੱਚ ਤਰਲ ਜਿਆਦਾ ਮਾਤਰਾ ਚ ਹੁੰਦਾ ਹੈ ਜਿਵੇਂ ਕਿ ਖ਼ੀਰਾ,ਤਰਬੂਜ,ਖ਼ਰਬੂਜਾ ਆਦਿ
ਇਲਾਜ:- ਮੈਨੂੰ ਪਤਾ ਹੈ ਕਿ ਬਹੁਤੇ ਸੱਜਣ ਮੇਰਾ ਇਹ ਲੇਖ਼ ਪਥਰੀ ਦੇ ਇਲਾਜ ਬਾਰੇ ਜਾਨਣ ਲਈ ਪੜ੍ਹ ਰਹੇ ਹੋਣਗੇ। ਮੈਂ ਖ਼ੁਦ ਵੀ ਬਹੁਤ ਲੋਕਾਂ ਨੂੰ ਨੀਮ ਹਕੀਮ ਬਲੌਗਰਾਂ ਦੀਆਂ ਵੀਡੀਓ ਹੇਠਾਂ ਕਮੈਂਟ ਕਰਕੇ ਪਥਰੀ ਦੇ ਇਲਾਜ ਪੁੱਛਦੇ ਹੋਏ ਦੇਖ਼ਿਆ ਹੈ,ਸੱਚ ਕਹਾਂ ਤਾਂ ਅੱਜ ਦਾ ਇਹ ਲੇਖ਼ ਲਿਖ਼ਣ ਦੀ ਮੇਰੀ ਵਜ੍ਹਾ ਵੀ ਏਹੀ ਚੀਜ਼ ਬਣੀ।ਪਰ ਮੈਂ ਕੋਈ ਇਲਾਜ ਦੱਸ ਕੇ ਥੋਡੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦਾ ਕਿਓਂਕਿ ਜਿਵੇਂਕਿ ਉੱਪਰ ਦੱਸਿਆ ਹੈ ਕਿ ਪਥਰੀ ਦਾ ਇਲਾਜ ਬਹੁਤ ਸੂਝ ਅਤੇ ਸਿਆਣਪ ਦੇ ਨਾਲ ਪਥਰੀ ਦੀ ਕਿਸਮ ਅਤੇ ਮਰੀਜ ਦੀ ਹਾਲਤ ਦੇ ਅਨੁਸਾਰ ਕੀਤਾ ਜਾਂਦਾ ਹੈ।ਅਖ਼ੀਰ ਵਿੱਚ ਬਸ ਐਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਨੀਮ ਹਕੀਮ ਵੈਦਾਂ ਜਾਂ ਬਲੌਗਰਾਂ ਤੋਂ ਨੁਸਖ਼ੇ ਪੁੱਛ ਕੇ ਜਾਂ ਖ਼ੁਦ ਇਲਾਜ ਕਰਨ ਬਾਰੇ ਕਦੇ ਨਾ ਸੋਚੋ।ਕਿਓਂਕਿ ਅਣਜਾਣਪੁਣੇ ਵਿੱਚ ਕੀਤਾ ਗਿਆ ਪਥਰੀ ਦਾ ਇਲਾਜ ਥੋਡੇ ਲੀਵਰ ਅਤੇ ਗੁਰਦਿਆਂ ਦਾ ਨੁਕਸਾਨ ਕਰਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ।
ਵੈਦ ਸਤਨਾਮ ਦੂਹੇਵਾਲਾ
98553 96774
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly