ਖੀਸਾ

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ) 

ਤੇਰੇ ਕੁੜਤੇ ਦਾ ਮੈਂ ਖੀਸਾ ਹਾਂ
ਤੂੰ ਵਿਸ਼ਾਲ ਸਮੁੰਦਰ ਜਿਹਾ ,
ਮੈਂ ਇੱਕ ਨਰੋਏ ਚਸ਼ਮੇ ਜਿਹੀ ,
ਤੂੰ ਵਿਦਵਤਾ ਦੀ ਮੁਕੰਮਲ ਕਿਤਾਬ ,
ਮੈਂ ਉਸ ਵਿੱਚ ਉੱਕਰੀ ਸੱਤਰ ਜਿਹੀ,
ਅੱਖਰਾਂ ਦੀ ਭੀੜ ਵਿੱਚ
ਜਿਵੇਂ ਮੈਂ ਤੇਰੀ ਉਂਗਲ ਫੜੀ ਹੋਵੇ ,
ਕਿਸੇ ਮੁਕਾਮ ਤੱਕ ਮੈਨੂੰ ਪਹੁੰਚਾਣ ਲਈ
ਜਿਵੇਂ ਤੂੰ ਕੋਈ ਜੁਗਤ ਘੜੀ ਹੋਵੇ
ਬੋਚ ਬੋਚ ਕੇ ਪੈਰ ਰੱਖਦਾ ਐਂ ,
ਤਿਲਕਣਾਂ ਤੋਂ ਮੈਨੂੰ ਬਚਾਉਂਦਾ ਐਂ
ਸੰਭਾਲਦਾ ਐਂ ਟਟੋਲਦਾ ਐਂ
ਕੀ ਮੈਂ ਤੇਰੇ ਨਾਲ ਆਂ ?
ਖੀਸਾ ਬਣ ਤੇਰੀ ਅਪਣੱਤ ਦੇ ਬਟੂਏ ਨੂੰ ਸਾਂਭਦੀ
ਜੁੜੀ ਆਂ ਤੇਰੇ ਵਜੂਦ ਦੇ ਕੁੜਤੇ ਨਾਲ
ਜਿਵੇਂ ਕੁੱੜਤੇ ਦੇ ਨਾਲ ਹੁੰਦਾ ਖੀਸਾ!
ਤੂੰ ਮੈਨੂੰ ਕਦੇ ਖੀਸੇ ਦੇ ਵਿੱਚ ਹੱਥ ਪਾ
ਟੋਲਦਾ ਐ ਤੇ ਕਦੇ ਕੱਢ ਕੇ ਖਰਚਦਾ ਹੈ।
ਤੂੰ ਕਦੇ ਖੀਸੇ ਉੱਤੇ ਹੱਥ ਰੱਖ ਲੈਂਦਾ
ਬਚਾ ਲੈਂਦਾ ਐ ਮੈਨੂੰ ਚੋਰੀ ਹੋਣ ਤੋਂ
ਇਹ ਭੀੜ ਮੈਨੂੰ ਨਹੀਂ ਤੇਰੇ ਭਾਰੇ ਬਟੂਏ ਨੂੰ ਵੇਖਦੀ
ਹਥਿਆਉਣਾ ਚਾਹੁੰਦੀ ਹੈ
ਪਰ ਮੈਂ ਤੇਰੇ ਨਾਲੋਂ ਵਧੇਰੇ ਧਿਆਨ ਰੱਖਦੀ
ਤੇਰੇ ਨਾਲ ਨਾਲ ਤੁਰੀ ਜਾਂਦੀ
ਭੀੜ ਤੋਂ ਬੇਖ਼ਬਰ ਹੋ
ਮੈਂ ਤੇਰੇ ਕੁੜਤੇ ਦੀ ਜੇਬ ਵਾਂਗ।

ਬੌਬੀ ਗੁਰ ਪਰਵੀਨ

Previous articleਬਹੁਜਨ ਸਮਾਜ ਪਾਰਟੀ ਵੱਲੋਂ ਜਿਲਾ ਰੋਪੜ ਵਿੱਚ ਸੰਗਠਨ ਦਾ ਪੁਨਰ ਗਠਨ ਕੀਤਾ ਗਿਆ :ਅਬਿਆਣਾ ਗੋਲਡੀ
Next articleਬੁੱਧ ਚਿੰਤਨ