ਖੱਟਰ ਵੱਲੋਂ ਸੋਨ ਤਗ਼ਮਾ ਜੇਤੂ ਓਲੰਪੀਅਨ ਨੀਰਜ ਚੋਪੜਾ ਦਾ ਸਨਮਾਨ

ਚੰਡੀਗੜ੍ਹ (ਸਮਾਜ ਵੀਕਲੀ):  ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਨੇ ਅੱਜ ਇਥੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਚੂਰਮਾ ਅਤੇ ਦੇਸੀ ਘਿਓ ਖੁਆ ਕੇ ਨੀਰਜ ਦਾ ਮੂੰਹ ਮਿੱਠਾ ਕਰਵਾਇਆ। ਮੁੱਖ ਮੰਤਰੀ ਨੇ ਨੀਰਜ ਚੋਪੜਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਖੇਡ ਮੰਤਰੀ ਸੰਦੀਪ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਨੀਰਜ ਚੋਪੜਾ ਨੇ ਦੇਸ਼ ਦੇ ਨਾਲ-ਨਾਲ ਹਰਿਆਣਾ ਦਾ ਨਾਮ ਵੀ ਰੌਸ਼ਨ ਕੀਤਾ ਹੈ।

ਸ੍ਰੀ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਮੁੱਖ ਟੀਚਾ ਹਰਿਆਣਾ ਨੂੰ ਖੇਡਾਂ ਦਾ ਮੁੱਖ ਕੇਂਦਰ ਬਣਾਉਣਾ ਹੈ। ‘ਨੀਰਜ ਚੋਪੜਾ ਵਰਗੇ ਹੋਣਹਾਰ ਖਿਡਾਰੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਨਗੇ ਜਿਸ ਲਈ ਪੰਚਕੂਲਾ ਵਿੱਚ ਖੇਡ ਅਕਾਦਮੀ ਬਣਾਈ ਜਾ ਰਹੀ ਹੈ। ਇਸ ਦੀ ਅਗਵਾਈ ਨੀਰਜ ਚੋਪੜਾ ਕਰਨਗੇ।’ ਉਨ੍ਹਾਂ ਨੀਰਜ ਨੂੰ ਸੂਬੇ ਵਿੱਚ ਹੋਰ ਖਿਡਾਰੀਆਂ ਨੂੰ ਤਿਆਰ ਕਰਨ ਲਈ ਪ੍ਰੇਰਿਆ।

ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਤਹਿਤ ਪੰਚਕੂਲਾ ਵਿੱਚ ਬਣਨ ਵਾਲੇ ਅਥਲੈਟਿਕਸ ਕੇਂਦਰ ਦਾ ਮੁਖੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਤਹਿਤ ਰਿਆਇਤੀ ਦਰਾਂ ’ਤੇ ਨੀਰਜ ਨੂੰ ਮਕਾਨ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਵੱਲੋਂ 13 ਅਗਸਤ ਨੂੰ ਪੰਚਕੂਲਾ ਵਿੱਚ ਖਿਡਾਰੀਆਂ ਦੇ ਸਨਮਾਨ ’ਚ ਰੱਖੇ ਗਏ ਸਮਾਗਮ ਦੌਰਾਨ ਨੀਰਜ ਚੋਪੜਾ ਨਹੀਂ ਪਹੁੰਚ ਸਕੇ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸਤਰੀ ਸਤਿਸੰਗ ਸਭਾ ਵੱਲੋਂ ਮਲਕੀਤ ਸਿੰਘ ਪਾਹਵਾ ਦਾ ਸਨਮਾਨ
Next articleਰਾਜਾ ਬਲਦੀਪ ਸਿੰਘ ਵੱਲੋਂ ਸ਼ਾਹ ਜੀ ਨਾਲ ਮੁਲਾਕਾਤ