(ਸਮਾਜ ਵੀਕਲੀ)
ਮੁਗਲ ਰਾਜ ਵੇਲੇ ਜ਼ੁਲਮ ਇਨ੍ਹਾਂ ਵੱਧ ਚੁੱਕਾ ਸੀ ਕਿ 13 ਅਪ੍ਰੈਲ 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਪੰਥ ਦੀ ਸਾਜਨਾ ਕਰਨੀ ਪਈ ਅਤੇ ਪੰਜ ਪਿਆਰੇ ਸਾਜ਼ ਕੇ ਕਿਹਾ ਸੀ।
ਚਿੜੀਓਂ ਸੇ ਮੈਂ ਬਾਜ਼ ਤੁੜਾਊਂ
ਸਵਾ ਲਾਖ ਸੇ ਏਕ ਲੜਾਊਂ
ਤਬੈ ਗੋਬਿੰਦ ਸਿੰਘ ਨਾਮ ਕਹਾਊਂ।।
1657 ਵਿਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚਲ ਕੇ ਹਕੂਮਤ ਦੀ ਵਾਗ ਡੋਰ ਆਪਣੇ ਹੱਥ ਵਿਚ ਲੈ ਲਈ ਸੀ ਅਤੇ ਜਨੂੰਨੀ ਮੁਸਲਮਾਨ ਜਿਨ੍ਹਾ ਦੀ ਮੱਦਦ ਨਾਲ ਉਹ ਤਖ਼ਤ ਤੇ ਬੈਠਾ ਸੀ, ਉਹਨਾ ਨੂੰ ਖੁਸ਼ ਕਰਨ ਲਈ, ਆਪਣੇ ਗੁਨਾਹਾਂ ਤੇ ਪੜਦਾ ਪਾਉਣ ਲਈ ਤੇ ਆਪਣੀ ਵਿਗੜੀ ਸਾਖ ਬਣਾਉਣ ਲਈ ਉਸਨੇ ਤਲਵਾਰ ਦਾ ਰੁਖ ਹਿੰਦੂਆਂ ਵਲ ਮੋੜ ਦਿਤਾ। ਉਨ੍ਹਾ ਦੇ ਜੰਜੂ ਉਤਾਰਨੇ, ਜਬਰੀ ਜਾਂ ਧੰਨ, ਦੋਲਤ, ਨੋਕਰੀ ਤੇ ਅਹੁਦਿਆਂ ਦੇ ਲਾਲਚ ਦੇਕੇ ਮੁਸਲਮਾਨ ਬਣਾਓਣਾ, ਜਜਿਆ ਟੈਕ੍ਸ ਵਿਚ ਸਖਤੀ ਕਰਨਾ , ਚਾਰੋਂ ਪਾਸੇ ਮੰਦਰ ਗੁਰੁਦਵਾਰਿਆਂ ਦੀ ਢਾਹੋ ਢੇਰੀ, ਸੰਸਕ੍ਰਿਤ ਪੜਨ, ਮੰਦਰ ਵਿਚ ਉਚੇ ਕਲਸ਼ ਲਗਾਣ ਤੇ ਸੰਖ ਵਜਾਓਣ ਦੀ ਮਨਾਹੀ, ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁੱਕਕੇ ਲੈ ਜਾਣਾ, ਡੋਲੇ ਵਿਚ ਨਵੀਆਂ ਆਈਆਂ ਦੁਲਹਨਾ ਨੂੰ ਕਢ ਕੇ ਆਪਣੇ ਹੇਰਮ ਵਿਚ ਪਾ ਦੇਣਾ, ਬਛੜੇ ਦੀ ਖੱਲ ਵਿੱਚ ਹਿੰਦੂਆਂ ਨੂੰ ਪਾਣੀ ਸੁਪਲਾਈ ਕਰਨਾ ਆਦਿ ਜ਼ੁਲਮ ਕੀਤੇ ਜਾਂਦੇ ਸਨ।
ਭਾਰਤ ਦਾ ਮਾਨ ਸਤਿਕਾਰ ਖਤਮ ਹੋ ਚੁਕਾ ਸੀ, ਮਨੋਬਲ ਟੁੱਟ ਚੁਕਾ ਸੀ। ਦੇਸ਼ ਦੇ ਰਾਜੇ ਮਹਾਰਾਜੇ, ਹਾਕਮ ਪੰਡਿਤ, ਪੀਰ ਫਕੀਰ ਸਭ ਦੀ ਜਮੀਰ ਖਤਮ ਹੋ ਚੁਕੀ ਸੀ ਆਪਣੀ ਐਸ਼ ਇਸ਼ਰਤ ਲਈ ਆਏ ਦਿਨ ਪਰਜਾ ਤੇ ਜ਼ੁਲਮ ਕਰਨਾ ਤੇ ਲੁਟ ਖਸੁਟ ਕਰਨਾ ਉਨ੍ਹਾ ਦਾ ਪੇਸ਼ਾ ਬਣ ਚੁੱਕਾ ਸੀ। ਮੁਗਲ ਹੁਕਮਰਾਨ ਔਰੰਗਜੇਬ ਨੇ ਜ਼ੁਲਮ , ਅੰਨਿਆਂ ਅਤੇ ਅੱਤਿਆਚਾਰ ਦੀ ਮਜਲੂਮਾਂ ਵਿਰੁੱਧ ਹਰ ਹੱਦ ਪਾਰ ਕਰਦਿਆਂ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ । ਮੁਗਲਾਂ ਦੇ ਅੱਤਿਆਚਾਰ ਤੋਂ ਤੰਗ ਆਏ ਲੋਕ ਤ੍ਰਾਹ-ਤ੍ਰਾਹ ਕਰਨ ਲੱਗੇ । ਖਾਲਸੇ ਦੀ ਸਾਜਨਾ ਪਿੱਛੇ ਲੋਕਾਂ ਦਾ ਮੁੱਦਤਾਂ ਪੁਰਾਣਾ ਦਰਦ ਲੁਕਿਆ ਪਿਆ ਸੀ । ਨੀਵੀਆਂ ਜਾਤਾਂ ਵਾਲ਼ਿਆਂ ਉੱਤੇ ਮੁਗਲਾਂ ਦੇ ਜ਼ੁਲਮ ਦੀ ਅੱਤ ਵਰ੍ਹ ਰਹੀ ਸੀ ।
ਲੋਕਾਂ ਉੱਪਰ ਹੋ ਰਹੇ ਜ਼ੁਲਮ ਨੂੰ ਠੱਲ੍ਹਣ ਲਈ ਕਿਸੇ ਨਵੇਂ ਇਨਕਲਾਬ ਦਾ ਹੋਂਦ ਵਿੱਚ ਆਉਣਾ ਬਹੁਤ ਜ਼ਰੂਰੀ ਹੋ ਗਿਆ ਸੀ ਤਾਂ ਕਿ ਅੰਨਿਆਂ ਦੇ ਝੱਖੜ ਨੂੰ ਠੱਲ੍ਹਿਆ ਜਾ ਸਕੇ । ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਮਕਸਦ ਦੀ ਪੂਰਤੀ ਲਈ ਵਿਸਾਖੀ ਦੇ ਦਿਨ ਅਨੰਦਪੁਰ ਦੀ ਧਰਤੀ ‘ਤੇ ਭਰੇ ਪੰਡਾਲ ਵਿੱਚ ਮਿਆਨ ਵਿੱਚੋਂ ਤਲਵਾਰ ਕੱਢਦਿਆਂ ਲਹਿਰਾਉਂਦੇ ਹੋਏ ਕਿਸੇ ਇੱਕ ਗੁਰੂ ਦੇ ਸਿੱਖ ਤੋਂ ਸ਼ੀਸ਼ ਲੈਣ ਦੀ ਮੰਗ ਕੀਤੀ । ਗੁਰੂ ਦੇ ਮੂੰਹੋਂ ਇਹ ਸੁਣਕੇ ਪੰਡਾਲ ਵਿੱਚ ਸੰਨਾਟਾ ਛਾਅ ਗਿਆ । ਗੁਰੂ ਜੀ ਨੇ ਦੂਸਰੀ ਵਾਰ , ਅਤੇ ਆਖਰ ਤੀਸਰੀ ਵਾਰ ਫਿਰ ਲਲਕਾਰਿਆ । ਨੀਵੀਂ ਪਾਈ ਬੈਠੀ ਸੰਗਤ ਵਿੱਚੋਂ ਆਖਰ ਲਾਹੌਰ ਦਾ ਰਹਿਣ ਵਾਲਾ ਦਇਆ ਰਾਮ ਸ਼ੀਸ਼ ਦੇਣ ਲਈ ਤਿਆਰ ਹੋ ਕੇ ਗੁਰੂ ਜੀ ਵੱਲ ਚੱਲ ਪਿਆ । ਗੁਰੂ ਜੀ ਦਇਆ ਰਾਮ ਨੂੰ ਆਪਣੇ ਤੰਬੂ ਵਿੱਚ ਲੈ ਗਏ। ਗੁਰੂ ਜੀ ਖ਼ੂਨ ਨਾਲ ਭਿੱਜੀ ਤਲਵਾਰ ਲੈ ਕੇ ਬਾਹਰ ਆ ਗਏ ਅਤੇ ਵਾਰੋ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ ।
ਇਸ ਤਰਾਂ ਗੁਰੂ ਜੀ ਦਾ ਹੁਕਮ ਮੰਨਦਿਆਂ ਭਾਈ ਧਰਮ ਦਾਸ , ਭਾਈ ਹਿੰਮਤ ਰਾਏ , ਭਾਈ ਮੋਹਕਮ ਚੰਦ ਅਤੇ ਭਾਈ ਸਾਹਿਬ ਚੰਦ ਨੇ ਗੁਰੂ ਜੀ ਦੇ ਹੁਕਮ ਨੂੰ ਖਿੜੇ ਮੱਥੇ ਕਬੂਲਿਆ । ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ – “ ਤੰਬੂ ਦੇ ਪੜ੍ਹਦੇ ਅੰਦਰ ਉਹਨਾਂ ਪੰਜਾਂ ਨਾਲ ਕੀ ਬੀਤੀ , ਇਹ ਕਹਿਣਾ ਅਸੰਭਵ ਹੈ । ਸਿਰਫ ਇਤਨਾਂ ਕਹਿਣਾ ਹੀ ਕਾਫੀ ਹੈ ਕਿ ਉਹ ਪਰੀਖਿਆ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਦੱਸ ਦਿੱਤਾ ਤਾਂ ਪਰਚਾ ਕਾਹਦਾ ਹੋਇਆ। ਇਸ ਪ੍ਰਕਾਰ ਦਸ਼ਮ ਪਿਤਾ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜ਼ਾਇਆ ਅਤੇ ਮਗਰੋਂ ਆਪ ਖ਼ੁਦ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕੀਤਾ। ਗੁਰੂ ਜੀ ਨੇ ਸਿੱਖਾਂ ਨੂੰ ਇਹ ਦਾਤ ਬਖ਼ਸ਼ਕੇ ਸਵਾ ਲੱਖ ਨਾਲ ਇਕੱਲੇ-ਇਕੱਲੇ ਨੂੰ ਟੱਕਰ ਲੈਣ ਵਾਲਾ ਸ਼ੇਰ ਬਣਾ ਕੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ।
ਖਾਲਸੇ ਮੈ ਹਓ ਕਰਯੋ ਨਿਵਾਸ।
ਗੁਰੂ ਜੀ ਨੇ ਜ਼ੁਲਮ ਅਤੇ ਅੱਤਿਆਚਾਰ ਖ਼ਿਲਾਫ਼ ਲੜਨ ਦਾ ਜਜ਼ਬਾ ਪੈਦਾ ਕੀਤਾ ਅਤੇ ਮਜ਼ਲੂਮਾਂ ਦੀ ਰਾਖੀ ਕਰਨ ਦੀ ਪ੍ਰੇਰਨਾ ਦਿਤੀ। ਸਿਖਾਂ ਤੇ ਨਾਂ ਨਾਲ ਸਿੰਘ ਜੋੜਕੇ ਸ਼ੇਰ ਬਣਾ ਦਿਤਾ , ਪੰਜ ਕਕਾਰਾਂ ਦੀ ਧਾਰਨੀ ਕਰਵਾਈ, ਕੇਸ, ਕੰਘਾ, ਕੜਾ, ਕਿਰਪਾਨ, ਕਛਿਹਰਾ। ਗੁਰੂ ਸਾਹਿਬ ਨੇ ਇਨ੍ਹਾ ਨੂੰ ਸ਼ਸ਼ਤਰ ਬਧ ਕਰਕੇ ਰਾਜਸੀ ਸੱਤਾ ਬਖਸ਼ੀ ਜਿਸਦੇ ਨਾਲ ਨਾਲ ਸਭ ਤੋ ਜਿਆਦਾ ਜੋਰ ਇਖਲਾਕੀ ਮਿਆਰ ਕਾਇਮ ਰਖਣ ਤੇ ਦਿਤਾ ਪੰਜ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਕਰ ਦਿਤਾ।ਇਸਤੀਆਂ ਨੂੰ ਵੀ ਇਸਤੋ ਵਾਂਝਾ ਨਹੀ ਰਖਿਆ, ਅਮ੍ਰਿਤ ਛਕਾ ਕੇ ਨਾਂ ਦੇ ਨਾਲ ਕੌਰ ਲਗਾਕੇ ਸ਼ੇਰਨੀਆ ਬਣਾ ਕੇ ਕਿਹਾ
ਕੋਊ ਕਿਸੀ ਕੋ ਰਾਜ ਨ ਦੈਹੈ।
ਜੋ ਲੈਹੈ ਨਿਜ ਬਲ ਸਿਉ ਲੈਹੈ।।
ਗੁਰੂ ਜੀ ਨੇ ਜ਼ੁਲਮ ਅਤੇ ਅੱਤਿਆਚਾਰ ਨੂੰ ਸਹਿਣ ਕਰਨ ਨੂੰ ਵੀ ਜ਼ੁਲਮ ਕਰਨ ਦੇ ਬਰਾਬਰ ਦੱਸਿਆ। ਹਰ ਸਾਲ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਪੂਰੇ ਦੇਸ਼ ਵਿੱਚ ਖਾਲਸਾ ਪੰਥ ਸਾਜਨਾ ਦਿਵਸ ਮਨਾਇਆ ਜਾਂਦਾ ਹੈ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly