ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) ਕਹਾਣੀ ਬਹੁਤ ਲੋਕਾਂ ਨੇ ਪਹਿਲਾਂ ਵੀ ਸੁਣੀ ਪੜੀ ਹੋ ਸਕਦੀ, ਪਰ ਅੱਜ ਵੀ ਇਲਤਜਾ ਹੈ ਜਰੂਰ ਪੜਨਾ।
ਗੱਲ ਬਹੁਤ ਪੁਰਾਣੀ ਹੈ, ਇੱਕ ਜੱਟ ਦਾ ਬਲਦ ਗੁੰਮ ਹੋ ਗਿਆ। ਬਲਦ ਦੀ ਕੀਮਤ ਉਦੋਂ ਪੰਜਾਹ ਕੂ ਰੁਪਏ ਹੋਣੀ, ਪਰ ਅੱਜ ਦੇ ਹਿਸਾਬ ਨਾਲ ਲੱਖ ਵਰਗੀ। ਬਲਦ ਇਧਰ ਉਧਰ ਨਾ ਮਿਲਿਆ ਤਾਂ ਆਪਣੇ ਮੁੰਡੇ ਨੂੰ ਲੈਕੇ ਜੱਟ ਬਲਦ ਦੀ ਭਾਲ ਵਿਚ ਨਿਕਲ ਗਿਆ। ਸਾਹਮਣੇ ਗੁਰਦੁਆਰਾ ਸਾਹਿਬ ਆਇਆ ਤਾਂ ਜੱਟ ਨੇ ਪੰਜ ਰੁਪਏ ਦੀ ਦੇਗ ਸੁੱਖ ਲਈ ਕਿ ਬਲਦ ਮਿਲ ਜਾਵੇ। ਫਿਰ ਰੋਡੂ ਸ਼ਾਹ ਦੇ ਡੇਰੇ ਅੱਗੋਂ ਦੀ ਲੰਘਿਆ ਤਾਂ ਪੰਜ ਉੱਥੇ ਸੁੱਖ ਲਏ। ਰਸਤੇ ਵਿਚ ਜਿੱਥੇ ਕਿਤੇ ਵੀ ਕੋਈ ਮਾਤਾ ਰਾਣੀ ਦੀ ਸਮਾਧ, ਕੋਈ ਪੀਰ ਦੀ ਜਗ੍ਹਾ ਆਉਂਦੀ ਗਈ ਜੱਟ ਸੁੱਖਾਂ ਸੁੱਖਦਾ ਗਿਆ। ਨਾਲ ਤੁਰਦਾ ਮੁੰਡਾ ਹਿਸਾਬ ਲਗਾ ਰਿਹਾ ਸੀ। ਜਦ ਸੁੱਖਣਾ ਪੰਜਾਹ ਨੂੰ ਟੱਪਣ ਲੱਗੀ ਤਾਂ ਮੁੰਡਾ ਬੋਲਿਆ, ਬਾਪੂ ਵਾਪਿਸ ਚਲਦੇ ਹਾਂ। ਬਾਪੂ ਬੋਲਿਆ ਕਿਉਂ ? ਮੁੰਡਾ ਕਹਿੰਦਾ, ਦੇਖ ਬਾਪੂ ਬਲਦ ਪੰਜਾਹ ਰੁਪਏ ਦਾ ਆ ਜਾਣਾ, ਤੇ ਸੁੱਖਣਾ ਤੂੰ ਪੰਜਾਹ ਤੋਂ ਵੀ ਵੱਧ ਸੁੱਖ ਲਈ। ਇਹ ਤਾਂ ਘਾਟੇ ਦਾ ਸੌਦਾ ਹੋ ਜਾਣਾ। ਬਾਪੂ ਖਿਝ ਕੇ ਕਹਿੰਦਾ, ਉਏ ਤੂੰ ਅੱਗੇ ਤੁਰ। ਇੱਕ ਵਾਰ ਸਿੰਗਾਂ ਨੂੰ ਹੱਥ ਪੈਣ ਦੇ, ਮੈਂ ਇਹਨਾ ਦੇਵੀ ਦੇਵਤਿਆਂ ਨੂੰ ਫਿਰ ਕੀ ਸਮਝਦਾਂ ਤੂੰ ਦੇਖੀ ਚੱਲ।
ਅੱਜ ਸਵੇਰੇ ਬਜੁਰਗਾਂ ਦੀ ਮਹਿਫ਼ਿਲ ਵਿਚ ਭਾਰਤ ਵਿਚ ਹੋਈਆਂ ਚੋਣਾਂ ਤੇ ਵੱਖ ਵੱਖ ਲੋਕਾਂ ਦੀ ਜਿੱਤ ਤੋਂ ਬਾਅਦ ਦੇ ਆਉਣ ਵਾਲੇ ਸਮੇਂ ਬਾਰੇ ਸੋਚਦੇ ਹੋਏ ਜਦ ਇੱਕ ਬਜੁਰਗ ਨੇ ਕੁਛ ਆਸ਼ਾ ਵਿਅਕਤ ਕੀਤੀ ਤਾਂ ਮੈਂ ਇਹ ਕਹਾਣੀ ਸੁਣਾ ਦਿੱਤੀ। ਮੈਂ ਕਿਹਾ, ਤਾਇਆ ਹੁਣ ਪੰਥ ਨੂੰ ਤਿੰਨ ਸਾਲਾਂ ਲਈ ਠੰਢੇ ਬਸਤੇ ਵਿਚ ਬੰਦ ਕਰ ਦੇ। ਇਹਨੂੰ ਸਤਾਈ ਵਿਚ ਨਵੇਂ ਡਿਜ਼ਾਈਨ ਵਿਚ ਨਵੇਂ ਪੁਰਾਣੇ ਲੋਕ ਆਪੋ ਆਪਣੇ ਤਰੀਕੇ ਨਾਲ ਪੇਸ਼ ਕਰਨਗੇ। ਪੰਥ ਨੂੰ ਉਦੋਂ ਕੁਛ ਨਹੀਂ ਹੋਇਆ, ਜਦ ਜੰਗਲਾਂ ਵਿਚ ਰਾਤਾਂ ਕੱਟਦਾ ਸੀ। ਹੁਣ ਤਾਂ ਪੰਥ ਜਹਾਜਾਂ ਵਿਚ ਘੁੰਮਦਾ। ਬਸ ਰੌਲਾ ਸਿੰਗਾਂ ਨੂੰ ਹੱਥ ਪਾਉਣ ਦਾ ਸੀ। ਜਿਹੜਾ ਕਾਮਯਾਬ ਹੋ ਗਿਆ, ਉਸ ਲਈ ਵੰਦੇ ਮਾਤਰਮ ਤੇ ਜਿਹੜਾ ਰਹਿ ਗਿਆ, ਉਹਨੂੰ ਕਹਿਣਾ ਕਿ ਦੁਬਾਰਾ ਕਿਹੜਾ ਮੱਸਿਆ ਨਹੀਂ ਆਉਣੀ ? ਇਹ ਸਿਲਸਿਲਾ ਇਵੇਂ ਹੀ ਚਲਦਾ ਰਹਿਣਾ। ਤਾਇਆ ਕਹਿੰਦਾ, ਗੱਲ ਤਾਂ ਤੇਰੀ ਸਹੀ ਹੈ ਸ਼ੇਰਾ, ਮੈਂ ਵੀ ਸਾਰੀ ਉਮਰ ਇਹੋ ਦੇਖਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly