ਨਵੀਂ ਦਿੱਲੀ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਹਿਮਾਚਲ ਪ੍ਰਦੇਸ਼ ਵਿਚਲੀ ਭਾਜਪਾ ਸਰਕਾਰ ਅਰਵਿੰਦ ਕੇਜਰੀਵਾਲ ਸਰਕਾਰ ਦੇ ਪ੍ਰਸ਼ਾਸਨ ਦੀ ਨਕਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬੇ ’ਚ ਮੁਫ਼ਤ ਬਿਜਲੀ ਤੇ ਪਾਣੀ ਦੇਣ ਤੋਂ ਇਲਾਵਾ ਮਹਿਲਾਵਾਂ ਨੂੰ ਬੱਸ ਕਿਰਾਏ ਵਿੱਚ 50 ਫੀਸਦ ਤੱਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਇਹ ਐਲਾਨ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਭਗਵਾਂ ਪਾਰਟੀ ਨੇ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਉਹ ਮੁਫ਼ਤ ਬਿਜਲੀ ਵਰਗੀ ਕਿਸੇ ਵੀ ਮੁਫ਼ਤ ਸਹੂਲਤ ਦੇ ਖ਼ਿਲਾਫ਼ ਹੈ।
.ਸਿਸੋਦੀਆ ਨੇ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ’ਚ ਸੱਤਾ ’ਚ ਵਾਪਸੀ ਤੋਂ ਬਾਅਦ ਭਾਜਪਾ ਆਪਣੇ ਉਹ ਸਾਰੇ ਐਲਾਨ ਵਾਪਸ ਲੈ ਲਵੇਗੀ ਜੋ ਮੁੱਖ ਮੰਤਰੀ ਨੇ ਕੀਤੇ ਹਨ। ਉਨ੍ਹਾਂ ਇਸ ਪਹਾੜੀ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੇ ਜਾਲ ਵਿੱਚ ਨਾ ਫਸਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ’ਚ ‘ਆਪ’ ਨੂੰ ਵੋਟ ਪਾਉਣ। ਜ਼ਿਕਰਯੋਗ ਹੈ ਅੱਜ ਚੰਬਾ ’ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ 125 ਯੂਨਿਟ ਤੱਕ ਮੁਫ਼ਤ ਬਿਜਲੀ ਦੇਵੇਗੀ ਅਤੇ ਦਿਹਾਤੀ ਖੇਤਰ ’ਚ ਪਾਣੀ ਦੇ ਬਿੱਲ ਮੁਆਫ਼ ਕਰੇਗੀ। ਉਨ੍ਹਾਂ ਮਹਿਲਾਵਾਂ ਲਈ ਬੱਸਾਂ ਦਾ ਕਿਰਾਇਆ 50 ਫੀਸਦ ਤੱਕ ਘਟਾਉਣ ਦਾ ਵੀ ਐਲਾਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly