ਮਾਸਕੋ (ਸਮਾਜ ਵੀਕਲੀ): ਕਜ਼ਾਖਸਤਾਨ ਦੇ ਰਾਸ਼ਟਰਪਤੀ ਕਾਸਿਮ ਜੋਮਾਰਤ ਤੋਕਾਯੇਵ ਨੇ ਅੱਜ ਕਿਹਾ ਕਿ ਉਨ੍ਹਾਂ ਸੁਰੱਖਿਆ ਬਲਾਂ ਨੂੰ ‘ਅਤਿਵਾਦੀਆਂ’ ’ਤੇ ਗੋਲੀ ਚਲਾਉਣ ਅਤੇ ਉਨ੍ਹਾਂ ਨੂੰ ਮਾਰ ਮੁਕਾਉਣ ਦਾ ਅਧਿਕਾਰ ਦੇ ਦਿੱਤਾ ਹੈ। ਦੇਸ਼ ’ਚ ਪਿਛਲੇ ਦਿਨਾਂ ਤੋਂ ਚੱਲ ਰਹੇ ਹਿੰਸਕ ਰੋਸ ਮੁਜ਼ਾਹਰਿਆਂ ਤੋਂ ਬਾਅਦ ਇਹ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਟੈਲੀਵਿਜ਼ਨ ’ਤੇ ਪ੍ਰਸਾਰਿਤ ਰਾਸ਼ਟਰ ਦੇ ਨਾਂ ਸੰਬੋਧਨ ’ਚ ਰਾਸ਼ਟਰਪਤੀ ਨੇ ਬਦਅਮਨੀ ਫੈਲਾਉਣ ਲਈ ‘ਅਤਿਵਾਦੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ‘ਅਤਿਵਾਦੀਆਂ’ ਨੂੰ ਗੋਲੀ ਮਾਰਨ ਦੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਆਤਮ-ਸਮਰਪਣ ਨਹੀਂ ਕਰਨਗੇ, ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਉਨ੍ਹਾਂ ਕੁਝ ਹੋਰ ਮੁਲਕਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਦੇ ਸੱਦੇ ਨੂੰ ‘ਬਕਵਾਸ’ ਦੱਸਿਆ। ਤੋਕਾਯੇਵ ਨੇ ਕਿਹਾ, ‘ਅਪਰਾਧੀਆਂ, ਹੱਤਿਆਰਿਆਂ ਨਾਲ ਕੀ ਗੱਲਬਾਤ ਹੋ ਸਕਦੀ ਹੈ?’ ਰਾਸ਼ਟਰਪਤੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਹਾਲਾਤ ’ਤੇ ਕਾਬੂ ਪਾ ਲਿਆ ਹੈ।
ਉਨ੍ਹਾਂ ਕਿਹਾ, ‘ਅਤਿਵਾਦੀ ਅਜੇ ਵੀ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ ਤੇ ਲੋਕਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਨ੍ਹਾਂ ਖ਼ਿਲਾਫ਼ ਅਤਿਵਾਦੀ ਰੋਕੂ ਕਾਰਵਾਈ ਜਾਰੀ ਰੱਖੀ ਜਾਣੀ ਚਾਹੀਦੀ ਹੈ।’ ਕਜ਼ਾਖਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਹਿੰਸਾ ਦੌਰਾਨ 26 ਮੁਜ਼ਾਹਰਾਕਾਰੀ ਮਾਰੇ ਗੲੇ ਹਨ ਤੇ 18 ਜ਼ਖ਼ਮੀ ਹੋਏ ਹਨ ਜਦਕਿ 3000 ਤੋਂ ਵੱਧ ਹਿਰਾਸਤ ’ਚ ਲਏ ਗਏ ਹਨ। ਇਸ ਦੌਰਾਨ 18 ਸੁਰੱਖਿਆ ਅਧਿਕਾਰੀ ਵੀ ਮਾਰੇ ਗਏ ਹਨ ਤੇ ਕਰੀਬ 700 ਜ਼ਖ਼ਮੀ ਹੋਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly