ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵਲੋਂ ਸ਼ਹੀਦ -ਏ – ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਸੰਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾ ਵਿਖੇ ਕਰਵਾਇਆ ਗਿਆ। ਜਿਸ ਵਿਚ ਸਕੂਲ ਦੇ ਬੱਚਿਆਂ ਨੂੰ ਵੱਖ ਵੱਖ ਸਮਾਜਿਕ ਮੁੱਦਿਆਂ ਦੇ ਸਿਰਲੇਖ ਦੇ ਕੇ ਲੇਖ ਮੁਕਾਬਲੇ ਕਰਵਾਏ ਗਏ। ਪਹਿਲੇ , ਦੂੱਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਟੇਜ ਪ੍ਰੋਗਰਾਮ ਵਿਚ ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਲੋਂ ਕੋਰਿਓਗ੍ਰਾਫੀ ਪੇਸ਼ ਕੀਤੀ ਗਈ ਅਤੇ ਵੱਖ ਵੱਖ ਕਵੀਆਂ ਵਲੋਂ ਕਵੀ ਦਰਬਾਰ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਸ਼ਹੀਦ -ਏ -ਆਜ਼ਮ ਦੀ ਭਤੀਜ ਨੂੰਹ ਸ਼੍ਰੀ ਮਤੀ ਤਜਿੰਦਰ ਕੌਰ ਜੀ ਨੇ ਬੱਚਿਆਂ ਨੂੰ ਭਗਤ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚਲ ਕੇ ਪੜ੍ਹ ਲਿਖ ਕੇ ਦੇਸ਼ ਕੌਮ ਦਾ ਨਾਮ ਰੋਸ਼ਨ ਕਰਨ ਲਈ ਕਿਹਾ। ਸ਼ਹੀਦ ਭਗਤ ਸਿੰਘ ਦੇ ਭਾਣਜਾ ਪ੍ਰੋਫੈਸਰ ਜਗਮੋਹਣ ਸਿੰਘ ਜੀ ਵਲੋਂ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਗਤ ਸਿੰਘ ਅਤੇ ਉਨ੍ਹਾਂ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਅਤੇ ਉਸ ਤੋਂ ਸੇਧ ਲੈਣ ਦੀ ਗੱਲ ਆਖੀ ਗਈ। ਵਿਸ਼ੇਸ਼ ਮਹਿਮਾਨ ਸ਼੍ਰੀ ਰਾਜਿੰਦਰ ਪਾਲ ਲਖਨਪਾਲ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਸ਼ਹੀਦ- ਏ -ਆਜ਼ਮ ਨਾਲ ਮਿਲ ਕੇ ਆਜ਼ਾਦੀ ਦੀ ਲੜਾਈ ਚ ਕਿਵੇਂ ਯੋਗਦਾਨ ਪਾਇਆ। ਅੱਜ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਬੱਚਿਆਂ ਨੂੰ ਉੱਚ ਵਿਦਿਆ ਹਾਸਲ ਕਰਕੇ ਵੱਡੇ ਮੁਕਾਮ ਹਾਸਲ ਕਰਨੇ ਚਾਹੀਦੇ ਹਨ। ਇਸ ਮੌਕੇ ਕਵੀ ਸ਼ਿੰਗਾਰਾ ਸਿੰਘ ਲੰਗੇਰੀ ਅਤੇ ਜਸਵੀਰ ਸਿੰਘ ਮੋਰੋਂ ਨੂੰ ਇਲਾਕੇ ਦੇ ਮਾਣ ਮੱਤੇ ਕਵੀਆਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨਜੀਤ ਕੌਰ ਬੋਲਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੋਸਾਇਟੀ ਮੈਂਬਰ ਗਾਇਕ ਅਮਰਦੀਪ ਬੰਗਾ, ਕੁਲਬੀਰ ਪਾਬਲਾ, ਹਰੀ ਕ੍ਰਿਸ਼ਨ, ਰਣਵੀਰ ਸਿੰਘ ਰਾਣਾ, ਮੈਡਮ ਹਰਪ੍ਰੀਤ ਕੌਰ ਅਰੋੜਾ, ਸੁਨੀਤਾ ਸ਼ਰਮਾ, ਰੇਸ਼ਮ ਕੌਰ, ਗੁਰਮਿੰਦਰ ਕੌਰ , ਰਣਜੀਤ ਕੌਰ ਜੀ , ਪ੍ਰੋ਼. ਸਰਬਜੀਤ ਸਿੰਘ, ਸੁਰਿੰਦਰ ਸਿੰਘ ਖਾਲਸਾ , ਬੂਟਾ ਸਿੰਘ ਤੋਂ ਇਲਾਵਾ RMP ਡਾਕਟਰ ਯੂਨੀਅਨ, ਸਾਹਿਤ ਸਭਾ ਬੰਗਾ ਖਟਕੜ ਕਲਾਂ, ਸਾਹਿਤ ਸਭਾ ਨਵਾਂਸ਼ਹਿਰ, ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly