ਆਨੰਦਪੁਰ ਸਾਹਿਬ ਵਿਖੇ ਪਾਤਰ ਸਾਹਬ ਨੂੰ ਸਮਰਪਿਤ ਲਾਇਬਰੇਰੀ ਖੋਲ੍ਹੇਗਾ ਟਰੱਸਟ
ਰੋਪੜ, (ਗੁਰਬਿੰਦਰ ਸਿੰਘ ਰੋਮੀ): ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਜ਼ਿਲ੍ਹਾ ਰੋਪੜ ਪ੍ਰਧਾਨ ਜੇ.ਕੇ. ਜੱਗੀ ਅਤੇ ਮੈਂਬਰਾਂ ਨੇ ਦੱਸਿਆ ਕਿ ਲਫਜ਼ਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿੱਚ ਟਰੱਸਟ ਵੱਲੋਂ ਹਰ ਸਾਲ ਆਨੰਦਪੁਰ ਸਾਹਿਬ ਵਿਖੇ ਕਵੀ ਦਰਬਾਰ ਕਰਵਾਇਆ ਜਾਇਆ ਕਰੇਗਾ ਅਤੇ ਲਾਇਬਰੇਰੀ ਦੀ ਸਥਾਪਨਾ ਕੀਤੀ ਜਾਵੇਗੀ। ਟਰੱਸਟ ਦੇ ਸੰਸਥਾਪਕ ਡਾ. ਐਸ.ਪੀ. ਸਿੰਘ ਓਬਰਾਏ ਦੀਆਂ ਹਿਦਾਇਤਾਂ ਮੁਤਾਬਕ ਟਰੱਸਟ ਦੇ ਆਨੰਦਪੁਰ ਸਾਹਿਬ ਵਿਚਲੇ ਸੰਨੀ ਓਬਰਾਏ ਵਿਵੇਕ ਸਦਨ (ਐਡਵਾਂਸ ਇੰਸਟੀਚਿਊਟ) ਵਿਖੇ ਮੌਜੂਦ ਸ. ਪਾਤਰ ਦੇ ਠਹਿਰਨ ਵਾਲੇ ਕਮਰੇ ਨੂੰ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਜਿੱਥੇ ਉਹ ਕੁੁੱਝ ਸਮਾਂ ਪਹਿਲਾਂ ਹੀ ‘ਸੰਮਲਿਤਾ ਦਾ ਵਿਚਾਰ : ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ, ਰਮਣੀਕ, ਅਲੌਕਿਕ ਧਰਤਿ’ ਵਿਸ਼ੇ ‘ਤੇ ਵਿਸ਼ਵ ਪੱਧਰੀ ਕਾਨਫਰੰਸ ਦੀ ਪ੍ਰਧਾਨਗੀ ਕਰਨ ਆਏ ਸਨ। ਇਸ ਦੌਰਾਨ ਸੁਰਜੀਤ ਪਾਤਰ ਜਿਸ ਕਮਰੇ ਵਿੱਚ ਠਹਿਰੇ ਸਨ। ਉਸ ‘ਚੋਂ ਦਿਸਦੇ ਕੁਦਰਤੀ ਨਜ਼ਾਰਿਆਂ ਨੂੰ ਵੇਖਦਿਆਂ ਉਨ੍ਹਾਂ ਕਿਹਾ ਸੀ ਕਿ ਇਹ ਕਮਰਾ ਉਨ੍ਹਾਂ ਨੂੰ ਪੱਕਾ ਅਲਾਟ ਕਰ ਦਿਉ। ਡਾ: ਓਬਰਾਏ ਨੇ ਦੱਸਿਆ ਕਿ ਉਸ ਦੌਰਾਨ ਹੀ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਹ ਕਮਰਾ ਪੱਕੇ ਤੌਰ ‘ਤੇ ਤੁਹਾਡਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਾਤਰ ਸਾਹਬ ਦੀ ਦਿਲੀਂਂ ਤਮੰਨਾ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 52 ਕਵੀਆਂ ਦੇ ਦਰਬਾਰ ਵਾਂਗ ਕਵੀ ਦਰਬਾਰ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਤਰ ਹੁਰਾਂ ਦੀ ਸਲਾਹ ਮੁਤਾਬਕ ਅਸੀਂ ਵੀ 52 ਚੋਣਵੇਂ ਨਾਮਵਰ ਕਵੀ ਤਿਆਰ ਕਰਕੇ ਚਾਰ ਰੋਜ਼ਾ ਕਵੀ ਦਰਬਾਰ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਪਾਤਰ ਸਾਹਬ ਦੇ ਅਚਾਨਕ ਪਏ ਵਿਛੋੜੇ ਕਾਰਨ ਇਹ ਕਵੀ ਦਰਬਾਰ ਹੁਣ 2 ਮਹੀਨੇ ਅੱਗੇ ਪਾ ਦਿੱਤਾ ਗਿਆ ਹੈ। ਹੁਣ ਇਹ ਕਵੀ ਦਰਬਾਰ ਹਰੇਕ ਸਾਲ ਪਾਤਰ ਸਾਹਬ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾਇਆ ਕਰੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly